ਅੰਮ੍ਰਿਤਸਰ — ਰਾਣਾ ਸ਼ੂਗਰ ਮਿਲ ਦੀ ਡਰੇਨ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਬੁੱਟਰ ‘ਚ ਪਹੁੰਚੇ ‘ਆਪ’ ਆਗੂ ਸੁਖਪਾਲ ਖਹਿਰਾ ਨੂੰ ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਹੁਣ ਸ਼ਰੇਆਮ ਗੁੰਡਾਗਰਦੀ ‘ਤੇ ਉਤਰ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਰਾਣਾ ਗੁਰਜੀਤ ਦੇ ਗੁੰਡਿਆਂ ਨੂੰ ਕਿਉਂ ਨਹੀਂ ਰੋਕਿਆ। ਜੇਕਰ ਰਾਣਾ ਗੁਰਜੀਤ ਸਿੰਘ ਸਹੀ ਹਨ ਤਾਂ ਸ਼ੂਗਰ ਮਿਲ ਦਾ ਜਾਇਜ਼ਾ ਲੈਣ ਸਮੇਂ ਉਨ੍ਹਾਂ ਨੂੰ ਪੁਲਸ ਵੱਲੋਂ ਕਿਉਂ ਰੁਕਵਾਇਆ ਗਿਆ ਅਤੇ ਕਿਉਂ ਨਹੀਂ ਸ਼ੂਗਰ ਮਿਲ ਦਾ ਜਾਇਜ਼ਾ ਲੈਣ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ ਮਿਲ ਵੱਲੋਂ ਬੁੱਟਰ ਦੀ ਡਰੇਨ ‘ਚ ਜ਼ਹਿਰੀਲਾ ਸੀਰਾ ਨਹੀਂ ਪਾਇਆ ਜਾਂਦਾ ਪਰ ਇਹ ਜ਼ਹਿਰੀਲਾ ਪਾਣੀ ਫਿਰ ਕਿੱਥੋਂ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੂਗਰ ਮਿਲ ਦੇ ਮਾਲਕ ਸਿਆਸੀ ਲੋਕ ਹਨ। ਕੈਪਟਨ ਅਤੇ ਬਾਦਲ ਇਨ੍ਹਾਂ ‘ਤੇ ਕੋਈ ਰੋਕ ਨਹੀਂ ਲਗਾ ਸਕਦੇ।
ਉਨ੍ਹਾਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਸ਼ੂਗਰ ਮਿਲ ਤੋਂ ਜੋ ਪਾਣੀ ਦਾ ਰਿਸਾਅ ਹੋ ਰਿਹਾ ਹੈ ਉਹ ਖਤਰਨਾਕ ਹੈ। ਇਸ ਦੇ ਨਾਲ ਨੇੜੇ ਦੇ ਲੋਕਾਂ ਨੂੰ ਕਈ ਬੀਮਾਰੀਆਂ ਲੱਗ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਥੋਂ ਜੋ ਪਾਣੀ ਇਕੱਠਾ ਕੀਤਾ ਹੈ ਉਹ ਉਸ ਨੂੰ ਵਿਧਾਨ ਸਭਾ ‘ਚ ਲੈ ਕੇ ਜਾਣਦੇ ਅਤੇ ਇਸ ਮੁੱਦੇ ਨੂੰ ਵਿਧਾਨ ਸਭਾ ‘ਚ ਚੁੱਕਣਗੇ। ਉਨ੍ਹਾਂ ਸਿੱਧੇ ਤੌਰ ‘ਤੇ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕੈਪਟਨ ਮਨਾਲੀ ‘ਚ ਲੱਗੇ ਹਨ ਅਤੇ ਇਥੇ ਪੰਜਾਬ ਦਾ ਵਾਤਾਵਰਣ ਖਰਾਬ ਹੋ ਰਿਹਾ ਹੈ।
ਉਥੇ ਹੀ ਦੂਜੇ ਪਾਸੇ ਰਾਣਾ ਸ਼ੂਗਰ ਮਿਲ ਦੇ ਡਾਇਰੈਕਟਰ ਰਾਣਾ ਵੀਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਿਲ ਦੇ ਅੰਦਰ ਦੇ ਸਾਰੇ ਟੈਸਟ ਕਰਵਾਏ ਗਏ ਹਨ ਅਤੇ ਗੰਦਾ ਪਾਣੀ ਉਨ੍ਹਾਂ ਦੇ ਵੱਲੋਂ ਨਹੀਂ ਸੁੱਟਿਆ ਜਾ ਰਿਹਾ ਹੈ। ਇਸ ਦੀ ਜਾਂਚ ਕਿਸੇ ਵੀ ਵਿਭਾਗ ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮਿਲ ਦੇ ਅੰਦਰ ਸਾਫ ਪਾਣੀ ਦੇ ਸਾਰੇ ਇੰਤਜ਼ਾਮ ਹਨ ਅਤੇ ਜੋ ਪਾਣੀ ਸੁਖਪਾਲ ਖਹਿਰਾ ਦਿਖਾ ਰਹੇ ਹਨ, ਉਹ ਮਿਲ ਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਖਹਿਰਾ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਰੇ ਝੂਠੇ ਹਨ।