ਫ਼ਰੀਦਕੋਟ – ਲੰਗਰ ‘ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਏ ਗਏ ਜੀ. ਐੱਸ. ਟੀ. ਨੂੰ ਹਟਾਉਣ ਲਈ ਭਾਵੇਂ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਜ਼ੋਰ-ਅਜ਼ਮਾਈ ਕਰ ਰਹੀਆਂ ਹਨ ਪਰ ਕਿਸੇ ਦੀ ਵੀ ਪ੍ਰਵਾਹ ਕੀਤੇ ਬਿਨਾਂ ਕੇਂਦਰ ਸਰਕਾਰ ਨੇ ਮਾਲਵੇ ਅਤੇ ਮਾਝੇ ਦੇ ਕੁਝ ਹਿੱਸੇ ਨੂੰ ਹੋਰ ਝਟਕਾ ਦਿੱਤਾ ਹੈ। ਹੁਣ ਮਾਲਵੇ ਸਮੇਤ ਰਾਜਸਥਾਨ ਅਤੇ ਹੋਰ ਇਧਰ ਦੇ ਰਾਜਾਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ 400 ਰੁਪਏ ਟੋਲ ਟੈਕਸ ਵਜੋਂ ਦੇਣਾ ਪਵੇਗਾ ਕਿਉਂਕਿ ਨੈਸ਼ਨਲ ਹਾਈਵੇ ਨੰਬਰ 54, ਜੋ ਬਠਿੰਡਾ ਤੋਂ ਅੰਮ੍ਰਿਤਸਰ ਵੱਲ ਜਾਂਦਾ ਹੈ ਅਤੇ ਇਸ ‘ਤੇ ਰੋਜ਼ਾਨਾ ਲੱਖਾਂ ਸੰਗਤਾਂ ਦਰਬਾਰ ਸਾਹਿਬ ਜਾਂਦੀਆਂ ਹਨ ਅਤੇ ਹੁਣ ਇਨ੍ਹਾਂ ਦੇ ਵਾਹਨ ਮਾਲਵੇ ਵਾਲੇ ਤਿੰਨ ਅਤੇ ਰਾਜਸਥਾਨ ਵਾਲੇ ਇਸ ਤੋਂ ਵੱਧ ਟੋਲ ਪਲਾਜ਼ਿਆਂ ਤੋਂ ਲੰਘਣਗੇ, ਜਿਸ ਬਦਲੇ 24 ਘੰਟਿਆਂ ਲਈ ਇਕ ਵਾਹਨ ਨੂੰ ਆਉਣ ਲਈ 400 ਰੁਪਏ ਜਾਂ ਇਸ ਤੋਂ ਵੀ ਵੱਧ ਅਦਾ ਕਰਨੇ ਪੈਣਗੇ।
ਜਾਣਕਾਰੀ ਅਨੁਸਾਰ ਟੋਲ ਪਲਾਜ਼ੇ ਲੱਗਣ ਤੋਂ ਪਹਿਲਾਂ ਟੋਲ ਪਲਾਜ਼ੇ ਵਾਲੀਆਂ ਥਾਵਾਂ ਦੇ ਬਾਕਾਇਦਾ ਸਰਵੇਖਣ ਹੋਏ ਸਨ ਅਤੇ ਟੋਲ ਪਲਾਜ਼ੇ ਇਸ ਤਰ੍ਹਾਂ ਸਥਾਪਤ ਕੀਤੇ ਗਏ ਹਨ ਕਿ ਬਠਿੰਡਾ, ਜੈਤੋ, ਕੋਟਕਪੂਰਾ, ਸ੍ਰੀ ਮੁਕਤਸਰ ਸਾਹਿਬ, ਮੁੱਦਕੀ, ਤਲਵੰਡੀ ਭਾਈ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਸਮੇਤ ਰਾਜਸਥਾਨ ਵਾਲੇ ਪਾਸਿਓਂ ਆਉਣ ਵਾਲੀਆਂ ਸੰਗਤਾਂ ਨੈਸ਼ਨਲ ਹਾਈਵੇ-54 ਤੋਂ ਹੀ ਗੁਜ਼ਰਨ। ਟੋਲ ਪਲਾਜ਼ਾ ਚਲਾ ਰਹੀਆਂ ਕੰਪਨੀਆਂ ਹਾਈਵੇ ‘ਤੇ ਵਾਹਨਾਂ ਦੀ ਗਿਣਤੀ ਤੋਂ ਪੂਰੀ ਤਰ੍ਹਾਂ ਖੁਸ਼ ਹਨ ਪਰ ਸੰਗਤਾਂ ਨੂੰ ਟੋਲ ਪਲਾਜ਼ਿਆਂ ਨੇ ਕਾਫ਼ੀ ਪ੍ਰੇਸ਼ਾਨ ਕਰ ਦਿੱਤਾ ਹੈ। ਇਨ੍ਹਾਂ ਟੋਲ ਪਲਾਜ਼ਿਆਂ ਨੂੰ ਸ਼ੁਰੂ ਹੋਇਆਂ 10 ਦਿਨ ਹੀ ਬੀਤੇ ਹਨ ਪਰ ਸੰਗਤਾਂ ਵੱਲੋਂ ਵਿਰੋਧ ਵਿਚ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਕੌਮੀ ਮਾਰਗ ਨੰਬਰ 54 ‘ਤੇ ਤਿੰਨ ਟੋਲ ਪਲਾਜ਼ੇ ਸਥਾਪਤ ਹੋਣ ਤੋਂ ਬਾਅਦ ਨਿੱਜੀ ਟਰਾਂਸਪੋਰਟ ਕੰਪਨੀਆਂ ਦੀ ਵੀ ਚਾਂਦੀ ਹੋ ਗਈ ਹੈ। ਪੈਟਰੋਲ ਦੇ ਵੱਧ ਰਹੇ ਭਾਅ ਅਤੇ ਸੜਕਾਂ ‘ਤੇ ਟੋਲ ਪਲਾਜ਼ਿਆਂ ਦੇ ਵਿਛੇ ਜਾਲ ਤੋਂ ਪ੍ਰੇਸ਼ਾਨ ਬਹੁਤੇ ਲੋਕਾਂ ਨੇ ਨਿੱਜੀ ਵਾਹਨਾਂ ਦੀ ਥਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ‘ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।
ਟਰਾਂਸਪੋਰਟਰ ਗੁਰਦੀਪ ਸਿੰਘ ਨੇ ਕਿਹਾ ਕਿ ਟੋਲ ਪਲਾਜ਼ੇ ਲੱਗਣ ਕਾਰਨ ਸੰਗਤਾਂ ਦੀ ਗਿਣਤੀ ਬੱਸਾਂ ਵਿਚ ਵਧੀ ਹੈ। ਇਸੇ ਤਰ੍ਹਾਂ ਟੈਕਸੀ ਯੂਨੀਅਨ ਨੇ ਵੀ ਫੈਸਲਾ ਕੀਤਾ ਹੈ ਕਿ ਟੋਲ ਪਲਾਜ਼ਿਆਂ ਦੀਆਂ ਪਰਚੀਆਂ ਮੁਸਾਫਰ ਖੁਦ ਕਟਵਾਉਣਗੇ ਅਤੇ ਕਿਰਾਇਆ ਵੱਖਰੇ ਤੌਰ ‘ਤੇ ਲੈਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਲਖਬੀਰ ਸਿੰਘ ਅਰਾਈਆਂਵਾਲਾ ਨੇ ਕਿਹਾ ਕਿ ਟੋਲ ਪਲਾਜ਼ੇ ਲੱਗਣ ਨਾਲ ਸੰਗਤਾਂ ‘ਤੇ ਵੱਡਾ ਆਰਥਕ ਬੋਝ ਪਿਆ ਹੈ। ਉਨ੍ਹਾਂ ਕਿਹਾ ਕਿ ਆਮ ਦਿਨਾਂ ਵਿਚ ਹਜ਼ਾਰਾਂ ਅਤੇ ਖਾਸ ਤਿਉਹਾਰਾਂ ‘ਤੇ ਲੱਖਾਂ ਸੰਗਤਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ‘ਚ ਰੋਜ਼ਾਨਾ 1 ਹਜ਼ਾਰ ਤੋਂ ਵੱਧ ਵਾਹਨ ਦਰਬਾਰ ਸਾਹਿਬ ਨੂੰ ਜਾਂਦੇ ਹਨ ਅਤੇ ਇਹ ਵਾਹਨ ਆਮ ਤੌਰ ‘ਤੇ ਇਸੇ ਕੌਮੀ ਮਾਰਗ ਤੋਂ ਹੀ ਲੰਘਦੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਮਸਲੇ ਦੇ ਹੱਲ ਲਈ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਜਲਦ ਮੁਲਾਕਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਲੰਗਰ ਉੱਪਰ ਜੀ. ਐੱਸ. ਟੀ. ਲਾ ਕੇ ਤਰਕਹੀਣ ਫੈਸਲਾ ਕੀਤਾ ਹੈ ਅਤੇ ਹੁਣ ਸ਼ਰਧਾ ਨਾਲ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਟੋਲ ਪਲਾਜ਼ਿਆਂ ਰਾਹੀਂ ਆਰਥਕ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਨੂੰ ਟੋਲ ਪਲਾਜ਼ਿਆਂ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ। ਹਰ ਮਹੀਨੇ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੇ ਮੰਗ ਕੀਤੀ ਕਿ ਟੋਲ ਪਲਾਜ਼ਿਆਂ ਨਾਲ ਸਰਕਾਰ ਵੱਲੋਂ ਸਰਵਿਸ ਰੋਡ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਸੀ ਤਾਂ ਜੋ ਟੋਲ ਟੈਕਸ ਅਦਾ ਨਾ ਕਰ ਸਕਣ ਵਾਲੀਆਂ ਸੰਗਤਾਂ ਸਾਧਾਰਨ ਰੋਡ ਰਾਹੀਂ ਦਰਬਾਰ ਸਾਹਿਬ ਪੁੱਜ ਸਕਣ। ਉਨ੍ਹਾਂ ਕਿਹਾ ਕਿ ਨਿੱਜੀ ਵਾਹਨਾਂ ਦੇ ਮਾਲਕ ਪਹਿਲਾਂ ਹੀ ਸਰਕਾਰ ਨੂੰ 8 ਫੀਸਦੀ ਦੇ ਕਰੀਬ ਰੋਡ ਅਤੇ ਰਜਿਸਟਰੇਸ਼ਨ ਟੈਕਸ ਅਦਾ ਕਰਦੇ ਹਨ। ਇਸ ਲਈ ਉਨ੍ਹਾਂ ਕੋਲੋਂ ਟੋਲ ਟੈਕਸ ਲੈਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।
ਕੀ ਕਹਿੰਦੇ ਹਨ ਪਲਾਜ਼ਿਆਂ ਦੇ ਅਧਿਕਾਰੀ
ਟੋਲ ਪਲਾਜ਼ਿਆਂ ਦੇ ਇੰਚਾਰਜ ਗੌਤਮ ਪ੍ਰਕਾਸ਼ ਨੇ ਕਿਹਾ ਕਿ ਟੋਲ ਪਲਾਜ਼ੇ ਭਾਰਤ ਸਰਕਾਰ ਦੇ ਨਿਯਮਾਂ ਅਤੇ ਸਮਝੌਤੇ ਮੁਤਾਬਕ ਲਾਏ ਗਏ ਹਨ। ਉਨ੍ਹਾਂ ਕਿਹਾ ਕਿ 167 ਕਿਲੋਮੀਟਰ ਲੰਬੇ ਹਾਈਵੇ ਨੂੰ ਮੁਸਾਫਰਾਂ ਲਈ ਬੇਹੱਦ ਸੁਰੱਖਿਅਤ ਬਣਾਇਆ ਗਿਆ ਹੈ ਅਤੇ ਸਹੂਲਤਾਂ ਦੇ ਮੁਕਾਬਲੇ ਟੋਲ ਟੈਕਸ ਕਾਫ਼ੀ ਘੱਟ ਹੈ।