ਖੁਦਕੁਸ਼ੀਆਂ ਕਰਨ ਵਾਲੇ 314 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 888 ਲੱਖ ਰੁਪਏ ਦੀ ਰਾਹਤ
ਮਾਲ ਮੰਤਰੀ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਆਤਮ ਹੱਤਿਆ ਨਾ ਕਰਨ ਦੀ ਅਪੀਲ, ਕਿਹਾ ਖੇਤੀ ਸੰਕਟ ਨੂੰ ਕਰਾਂਗੇ ਹੱਲ
ਚੰਡੀਗੜ : ਪੰਜਾਬ ਭਰ ਵਿਚ ਖੁਦਕੁਸੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਦੇ ਹੋਏ ਪੰਜਾਬ ਸਰਕਾਰ ਨੇ ਹੁਣ ਤੱਕ ਖੁਦਕੁਸ਼ੀ ਦੇ 314 ਮਾਮਲਿਆਂ ਵਿਚ 888 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਵਾਨ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਸ ਸਬੰਧੀ ਗਠਿਤ ਕੀਤੀ ਗਈ ਰਾਜ ਪੱਧਰੀ ਕਮੇਟੀ (ਐਸਐਲਸੀ) ਨੇ ਪਿਛਲੇ ਸਾਲ ਅਪਰੈਲ ਤੋਂ ਲੈ ਕੇ ਹੁਣ ਤੱਕ 10 ਮੀਟਿੰਗਾਂ ਰਾਹੀਂ ਉਕਤ ਮੁਆਵਜ਼ਾ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਹੈ। ਮਾਲ ਮੰਤਰੀ ਨੇ ਦੱਸਿਆ ਕਿ ਐਸਐਲਸੀ ਨੇ ਪਿਛਲੇ ਦਿਨੀਂ ਹੋਈ 10ਵੀਂ ਮੀਟਿੰਗ ਦੌਰਾਨ ਅਜਿਹੇ 18 ਮਾਮਲਿਆਂ ‘ਚ 53 ਲੱਖ ਰੁਪਏ ਦੀ ਰਾਹਤ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਹੈ, ਜਿਨਾ ਵਿਚੋਂ 6 ਮਾਮਲੇ ਬਠਿੰਡਾ ਜ਼ਿਲਾ ਦੇ, 4 ਮਾਨਸਾ, 6 ਤਰਨ ਤਾਰਨ ਅਤੇ 2 ਪਟਿਆਲਾ ਜ਼ਿਲਾ ਨਾਲ ਸਬੰਧਤ ਸਨ। ਉਨਾਂ ਕਿਹਾ ਕਿ ਇਸ ਤਰਾਂ ਹੁਣ ਤੱਕ ਕੁੱਲ 314 ਮਾਮਲਿਆਂ ਵਿਚ 888 ਲੱਖ ਰੁਪਏ ਦੀ ਰਾਹਤ ਰਾਸ਼ੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ 2015 ਵਿਚ ਜਦੋਂ ਤੋਂ ਇਹ ਸਕੀਮ ਸ਼ੁਰੂ ਹੋਈ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਸਭ ਤੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਹੈ।
ਸ੍ਰੀ ਸਰਕਾਰੀਆ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਵਿਚ ਕਿਸੇ ਵੀ ਪ੍ਰਕਾਰ ਦੀ ਦੇਰੀ ਨਹੀਂ ਕੀਤੀ ਜਾ ਰਹੀ। ਉਨਾਂ ਕਿਹਾ ਕਿ ਰਾਹਤ ਰਾਸ਼ੀ ਪ੍ਰਦਾਨ ਕਰਨ ਲਈ ਜ਼ਿਲਾ ਅਤੇ ਰਾਜ ਪੱਧਰੀ ਸਮੀਖਿਆ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤਾਂ ਜੋ ਮਾੜੇ ਹਾਲਾਤਾਂ ਕਾਰਨ ਜਾਨ ਗੁਆ ਚੁੱਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਸਮੇਂ ਸਿਰ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਸਾਰੇ ਡਿਪਟੀ ਕਮਿਸਨਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਜਿਹੇ ਮਾਮਲਿਆਂ ਨੂੰ ਜ਼ਿਲਾ ਪੱਧਰ ‘ਤੇ ਹੋਣ ਵਾਲੀਆਂ ਮਾਸਿਕ ਮੀਟਿੰਗਾਂ ਵਿਚ ਵਿਚਾਰਿਆ ਜਾਵੇ ਅਤੇ ਜਿਨਾ ਵਿਚ ਮੁਆਵਜ਼ਾ ਰਾਸ਼ੀ ਦੇਣੀ ਬਣਦੀ ਹੋਵੇ, ਅਜਿਹੇ ਸਾਰੇ ਮਾਮਲਿਆਂ ਨੂੰ ਹਰ ਹਾਲ ਵਿਚ ਮਹੀਨੇ ਦੀ 10 ਤਾਰੀਖ ਨੂੰ ਐਸਐਲਸੀ ਕੋਲ ਪ੍ਰਵਾਨਗੀ ਲਈ ਭੇਜਿਆ ਜਾਵੇ।
ਮਾਲ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਅਤੇ ਭਲਾਈ ਲਈ ਪੂਰੀ ਤਰ•ਾਂ ਵਚਨਬੱਧ ਹੈ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਕਿਸਾਨੀ ਨੂੰ ਮੌਜੂਦਾ ਖੇਤੀ ਸੰਕਟ ‘ਚੋਂ ਕੱਢਣ ਦੀ ਕੋਈ ਕਸਰ ਨਹੀਂ ਛੱਡ ਰਹੀ।ਉਨਾਂ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸਨ ਦੀਆਂ ਸਿਫਾਰਸਾਂ ਨੂੰ ਤੁਰੰਤ ਲਾਗੂ ਕਰੇ ਤਾਂ ਜੋ ਕਿਸਾਨਾਂ ਨੂੰ ਫਸਲ ਦਾ ਲਾਹੇਵੰਦ ਭਾਅ ਯਕੀਨੀ ਬਣਾਇਆ ਜਾ ਸਕੇ ਅਤੇ ਨਾਲ-ਨਾਲ ਖੇਤੀਬਾੜੀ ਨੂੰ ਆਰਥਿਕ ਤੌਰ ‘ਤੇ ਸਮਰੱਥ ਕਿੱਤਾ ਬਣਾਇਆ ਜਾ ਸਕੇ।
ਸ੍ਰੀ ਸਰਕਾਰੀਆ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਤਮ ਹੱਤਿਆ ਵਰਗਾ ਰਾਹ ਛੱਡ ਕੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਸਾਥ ਦੇਣ ਤਾਂ ਜੋ ਮਿਲ-ਜੁਲ ਕੇ ਪੰਜਾਬ ਨੂੰ ਕਰਜ਼ੇ ਦੀ ਪੰਡ ਹੇਠੋਂ ਕੱਢਿਆ ਜਾ ਸਕੇ।