ਜਲੰਧਰ/ਸ਼ਾਹਕੋਟ — ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਮਲਸੀਆਂ ਦੇ ਇਕ ਪੋਲਿੰਗ ਬੂਥ ‘ਤੇ ਗਏ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੂੰ ਪੁਲਸ ਵੱਲੋਂ ਹਿਰਾਸਤ ‘ਚ ਲੈ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲਾਲੀ ਜਦੋਂ ਪੋਲਿੰਗ ਬੂਥ ‘ਤੇ ਗਏ ਸਨ ਤਾਂ ਉਹ ਪਿਸਤੌਲ ਵੀ ਆਪਣੇ ਨਾਲ ਅੰਦਰ ਲੈ ਗਏ ਸਨ, ਜਿਸ ਕਰਕੇ ਕਾਂਗਰਸੀ ਵਰਕਰਾਂ ਦੇ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ ਅਤੇ ਉਥੇ ਤਾਇਨਾਤ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਪਿਸਤੌਲ ਸਮੇਤ ਹਿਰਾਸਤ ‘ਚ ਲੈ ਲਿਆ ਗਿਆ।
ਤੁਹਾਨੂੰ ਦੱਸ ਦਈਏ ਕਿ ਬ੍ਰਿਜ ਭੁਪਿੰਦਰ ਸਿੰਘ ਲਾਲੀ ਸਾਲ 1992 ‘ਚ ਕਾਂਗਰਸ ਦੀ ਸੀਟ ਜਿੱਤ ਕੇ ਉਸ ਵੇਲੇ ਦੀ ਸਰਕਾਰ ਤਹਿਤ ਗ੍ਰਹਿ ਮੰਤਰੀ ਵਜੋਂ ਨਾਮਜ਼ਦ ਹੋਏ ਸਨ। ਇਸ ਵਾਰ ਉਹ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ। ਉਥੇ ਹੀ ਦੂਜੇ ਪਾਸੇ ਪਿਛਲੇ 9 ਘੰਟਿਆਂ ‘ਚ ਹੋਈ ਪੋਲਿੰਗ ‘ਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ ਕਰਨਲ ਸੀ. ਡੀ. ਕੰਬੋਜ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਨਹੀਂ ਪੁੱਜੇ ਹਨ।