ਬ੍ਰਿਟੇਨ — ਦੇਸ਼ ਦੇ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ, ਬ੍ਰਿਟੇਨ ‘ਚ ਸ਼ਰਾਬੀ ਕਾਰੋਬਾਰੀ ਵਿਜੇ ਮਾਲਿਆ ਨੂੰ ਦਿਵਾਲੀਆ ਘੋਸ਼ਿਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਐੱਸ.ਬੀ.ਆਈ. ਮਾਲਿਆ ਦੇ ਖਿਲਾਫ ਜਲਦੀ ਹੀ ਦਿਵਾਲੀਆ ਕਾਰਵਾਈ ਕਰਨ ਵਾਲਾ ਹੈ।
ਮਾਲਿਆ ਦੇ ਖਿਲਾਫ ਸ਼ੁਰੂ ਹੋਵੇਗਾ ਮੁਕੱਦਮਾ
ਬੈਂਕ ਲੰਡਨ ਦੀ ਦਿਵਾਲੀਆ ਕੋਰਟ ਵਿਚ ਵਿਅਕਤੀਗਤ ਨਾਜਾਇਜ਼ਤਾ ਕਾਨੂੰਨ ਦੇ ਤਹਿਤ ਮਾਲਿਆ ਦੇ ਖਿਲਾਫ ਮੁਕੱਦਮਾ ਕਰ ਸਕਦਾ ਹੈ। ਸੂਤਰਾਂ ਕੋਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਦਮ ਰਾਸ਼ਟਰਮੰਡਲ ਦੇਸ਼ਾਂ ਨਾਲ ਬਣੀ ਆਪਸੀ ਵਿਵਸਥਾ ਦੇ ਤਹਿਤ ਚੁੱਕਿਆ ਜਾਵੇਗਾ, ਜਿਸ ਵਿਚ ਮੈਂਬਰ ਦੇਸ਼ ਇਕ-ਦੂਜੇ ਦੁਆਰਾ ਜਾਰੀ(ਲਾਗੂ) ਕੀਤੇ ਗਏ ਹੁਕਮਾਂ ਨੂੰ ਆਪਣੇ ਦੇਸ਼ਾਂ ਵਿਚ ਵੀ ਲਾਗੂ ਕਰਨ ਦੀ ਆਗਿਆ ਦਿੰਦੇ ਹਨ।
ਇਸ ਮਾਮਲੇ ਤੋਂ ਜਾਣੂ ਇਕ ਸੂਤਰ ਨੇ ਦੱਸਿਆ,’ ਅਸੀਂ ਆਪਣੇ ਬੈਂਕ ਦਾ ਪੈਸਾ ਵਾਪਸ ਲਿਆਉਣ ਲਈ ਪੂਰੀ ਤਾਕਤ ਲਗਾ ਦੇਵਾਂਗੇ। ਮਾਲਿਆ ਨੂੰ ਜਲਦੀ ਹੀ ਬ੍ਰਿਟੇਨ ਦੇ ਦਿਵਾਲੀਆ ਕੋਰਟ ਵਿਚ ਲਿਜਾਇਆ ਜਾਵੇਗਾ। ਬੈਂਕ ਮਾਲੀਆ ਦੀ ਕੌਮਾਂਤਰੀ ਪੂੰਜੀ ਨੂੰ ਜ਼ਬਤ ਕਰਨ ‘ਚ ਕਾਮਯਾਬ ਰਹੀ ਹੈ। ਸਾਨੂੰ ਉਮੀਦ ਹੈ ਕਿ ਮਾਲਿਆ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਹੋਣ ‘ਤੇ ਮੋਟੀ ਰਕਮ ਵਸੂਲੀ ਜਾ ਸਕੇਗੀ।’
ਸੂਤਰਾਂ ਨੇ ਦੱਸਿਆ ਹੈ ਕਿ ਅਜੇ ਤੱਕ ਮਾਲਿਆ ਦੇ ਖਿਲਾਫ ਕੋਈ ਅਰਜ਼ੀ ਨਹੀਂ ਦਿੱਤੀ ਗਈ ਹੈ ਪਰ ਦੋਵਾਂ ਪਾਸਿਆਂ ਦੇ ਵਕੀਲਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਇਹ ਕੰਮ ਜਲਦੀ ਹੀ ਕੀਤਾ ਜਾ ਸਕਦਾ ਹੈ।
ਇਕ ਸੂਤਰ ਨੇ ਦੱਸਿਆ ਕਿ ਦਿਵਾਲੀਆ ਕਾਰਵਾਈ ਦਾ ਕੰਮ ਚਲ ਰਿਹਾ ਹੈ। ਤੁਹਾਨੂੰ ਜਲਦੀ ਹੀ ਇਸਦਾ ਨਤੀਜਾ ਦੇਖਣ ਨੂੰ ਮਿਲ ਸਕਦਾ ਹੈ।
– ਦੋ ਹਫਤੇ ਪਹਿਲਾਂ ਹੀ ਮਾਲਿਆ ਭਾਰਤ ਦੇ 13 ਬੈਂਕਾਂ ਵਲੋਂ ਬ੍ਰਿਟੇਨ ਦੀ ਹਾਈਕੋਰਟ ਵਿਚ ਦਾਇਰ ਮੁਕੱਦਮਾ ਹਾਰ ਚੁੱਕਾ ਹੈ।
– ਭਾਰਤੀ ਅਧਿਕਾਰੀਆਂ ਨੇ ਧੋਖਾਧੜੀ ਅਤੇ ਮਨੀ ਲਾਂਜਰਿੰਗ ਦੇ ਕੇਸਾਂ ਵਿਚ ਮਾਲਿਆ ਦੀ ਸਪੁਰਦਗੀ ਲਈ ਬ੍ਰਿਟੇਨ ਵਿਚ ਮੁਕੱਦਮਾ ਦਾਇਰ ਕੀਤਾ ਹੈ।
– ਜੱਜ ਐਂਡਰਿਊ ਹੇਨਸ਼ਾਅ ਨੇ ਮਾਲਿਆ ਦੀ ਜਾਇਦਾਦ ਫ੍ਰੀਜ਼ ਕਰਨ ਦੇ ਗਲੋਬਲ ਆਰਡਰ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਭਾਰਤ ਦੀ ਅਦਾਲਤ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ ਹੈ ਜਿਸ ਅਨੁਸਾਰ 13 ਭਾਰਤੀ ਬੈਂਕ ਮਾਲਿਆ ਤੋਂ ਲਗਭਗ 1.55 ਅਰਬ ਡਾਲਰ ਦੀ ਬਕਾਇਆ ਰਾਸ਼ੀ ਵਸੂਲ ਕਰਨ ਦੇ ਹੱਕਦਾਰ ਹਨ।