ਸੱਥ ਵੱਲ ਨੂੰ ਤੁਰਿਆ ਆਉਂਦਾ ਨਾਥਾ ਅਮਲੀ ਗਾਉਂਦਾ ਆ ਰਿਹਾ ਸੀ ‘ਨਾਲੇ ਬਾਬਾ ਲੱਸੀ ਪੀ ਗਿਆ ਨਾਲੇ ਦੇ ਗਿਆ ਦੁਆਨੀ ਖੋਟੀ’। ਗਾਉਂਦਾ ਗਾਉਂਦਾ ਜਿਉਂ ਹੀ ਸੱਥ ਵਾਲੇ ਥੜ੍ਹੇ ‘ਤੇ ਆ ਕੇ ਬੈਠਾ ਤਾਂ ਬਾਬਾ ਗੰਡਾ ਸਿਉਂ ਅਮਲੀ ਨੂੰ ਕਹਿੰਦਾ, ”ਅੱਜ ਕੀਹਦੇ ‘ਤੇ ਸੂਈ ਧਰੀ ਆਉਣੈਂ ਨਾਥਾ ਸਿਆਂ! ਅੱਜ ਤਾਂ ਇਉਂ ਲੱਗਦਾ ਜਿਮੇਂ ਕੋਈ ਨਮਾਂ ਈ ਸੱਪ ਕੱਢੇਂਗਾ, ਹੈਂਅ! ਕੀ ਕਹਿੰਦਾ?”
ਨਾਥੇ ਅਮਲੀ ਦੇ ਸੱਥ ਵਿੱਚ ਤਾਸ਼ ਖੇਡੀ ਜਾਂਦੀ ਢਾਣੀ ਕੋਲ ਬੈਠਣ ਦੀ ਦੇਰ ਹੀ ਸੀ ਕਿ ਬਸੰਤੇ ਟੋਡਰ ਦਾ ਸਾਰਿਆਂ ਤੋਂ ਛੋਟਾ ਚੌਥਾ ਮੁੰਡਾ ਗੀਸਾ ਤਾਸ਼ ਦੇ ਪੱਤੇ ਬਾਬੇ ਗੰਡਾ ਸਿਉਂ ਨੂੰ ਫ਼ੜਾ ਕੇ ਆਪ ਸੱਥ ‘ਚੋਂ ਪੱਤੇ ਲੀਹ ਹੋ ਗਿਆ। ਸੱਥ ‘ਚੋਂ ਉੱਠ ਕੇ ਭੱਜੇ ਜਾਂਦੇ ਗੀਸੇ ਨੂੰ ਵੇਖ ਕੇ ਮਾਹਲੇ ਨੰਬਰਦਾਰ ਨੇ ਤਾਸ਼ ਖੇਡੀ ਜਾਂਦੀ ਢਾਣੀ ਦੇ ਸਰ੍ਹਾਣੇ ਬਹਿੰਦੇ ਨਾਥੇ ਅਮਲੀ ਨੂੰ ਪੁੱਛਿਆ, ”ਬਸੰਤੇ ਦਾ ਮੁੰਡਾ ਅਮਲੀਆ ਤੈਨੂੰ ਵੇਖ ਭੱਜਿਆ ਓਏ, ਕੀ ਹੋ ਗਿਆ ਇਹਨੂੰ?”
ਸੀਤਾ ਮਰਾਸੀ ਭੱਜੇ ਜਾਂਦੇ ਗੀਸੇ ਨੂੰ ਵੇਖ ਕੇ ਟਿੱਚਰ ‘ਚ ਕਹਿੰਦਾ, ”ਜਾਂਦਾ ਤਾਂ ਵੇਖ ਜਿਮੇਂ ਗਧੀ ਮਗਰ ਸੂਰ ਭੱਜਿਆ ਜਾਂਦਾ ਹੁੰਦੈ। ਪਤੰਦਰ ਨੇ ਸੱਥ ‘ਚੋਂ ਈਂ ਸ਼ਪੀਟ ਪੱਟ ‘ਤੀ।”
ਅਮਲੀ ਕਹਿੰਦਾ, ”ਐਨੀ ਸ਼ਪੀਟ ‘ਤੇ ਜਾਂਦੇ ਨੂੰ ਤਾਂ ਘੋੜੀ ਤੋਂ ਵੀ ਫ਼ੜ ਨ੍ਹੀ ਹੋਣਾ।”
ਸੀਤਾ ਮਰਾਸੀ ਮਾਹਲੇ ਨੰਬਰਦਾਰ ਵੱਲ ਨੂੰ ਮੂੰਹ ਕਰਕੇ ਟਿੱਚਰ ‘ਚ ਕਹਿੰਦਾ, ”ਮਿਰਜੇ ਆਲੀ ਬੱਕੀ ਨੇ ਤਾਂ ਨੰਬਰਦਾਰਾ ਡੂਢ ਕੋਹ ਨ੍ਹੀ ਸੀ ਜਾਣ ਦੇਣਾ ਜੇ ਉਹ ਹੁੰਦੀ ਤਾਂ, ਕੁ ਨਹੀਂ?”
ਬੁੱਘਰ ਦਖਾਣ ਕਹਿੰਦਾ, ”ਅਮਲੀ ਤੋਂ ਡਰਦਾ ਭੱਜਿਆ ਲਸਗਦੈ। ਇਹਨੂੰ ਪਤਾ ਹੋਣੈ ਬਈ ਇਹ ਚੱਕਰ ਕੀ ਐ, ਕਿਉਂ ਅਮਲੀਆ ਓਏ?”
ਨਾਥਾ ਅਮਲੀ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਮੈਨੂੰ ਤਾਂ ਲੱਗਦਾ ਮਰੋੜੇ ਨਾ ਕਿਤੇ ਲੱਗ ਗੇ ਹੋਣ, ਹੋਰ ਤਾਂ ਕੰਮ ਧੰਦਾ ਘਰੇ ਇਹਨੂੰ ਕੋਈ ਹੈ ਨ੍ਹੀ। ਕੱਲ੍ਹ ਪਰਸੋਂ ਦਾ ਇਉਂ ਈ ਕਰੀ ਜਾਂਦੈ। ਜਿੱਥੇ ਵੀ ਖੜ੍ਹਦਾ ਬੈਠਦਾ, ਦਸਾਂ ਵੀਹਾਂ ਮਿੰਟਾਂ ਪਿੱਛੋਂ ਬੈਠਾ ਬੈਠਾ ਹਰਨਾਂ ਦੇ ਸਿੰਗੀਂ ਚੜ੍ਹ ਜਾਂਦੈ। ਬਾਕੀ ਭਾਈ ਫ਼ੇਰ ਇਹ ਮਨ੍ਹੀ ਪਤਾ ਬਈ ਘਰੇ ਕੁੱਕੜਾਂ ਨੂੰ ਬਿੱਲੀ ਨਾ ਪੈ ਗੀ ਹੋਵੇ ਕਿਤੇ।”
ਬਾਬੇ ਗੰਡਾ ਸਿਉਂ ਨੇ ਅਮਲੀ ਨੂੰ ਹੈਰਾਨੀ ਨਾਲ ਪੁੱਛਿਆ, ”ਕੁੱਕੜ ਵੀ ਰੱਖੇ ਵੇ ਐ ਇਹਦੇ ਅਮਲੀਆ?”
ਅਮਲੀ ਬਾਬੇ ਗੰਡਾ ਸਿਉਂ ਨੂੰ ਕਹਿੰਦਾ, ”ਕੁੱਕੜ ਨਾ ਤਾਂ ਕੁਕੜੀਆਂ ਹੋਣਗੀਆਂ। ਕੁਸ ਨਾ ਕੁਸ ਤਾਂ ਹੋਊਗਾ ਈ।”
ਸੁਰਜਨ ਬੁੜ੍ਹਾ ਬਾਬੇ ਗੰਡਾ ਸਿਉਂ ਵੱਲ ਮੂੰਹ ਭਮਾਕੇ ਬਾਬੇ ਨੂੰ ਕਹਿੰਦਾ, ”ਬੁੜ੍ਹਾ ਵੀ ਗੀਸੇ ਕਾ ਭੈੜਾ, ਉਹ ਤੜਕੇ ਸੱਤ ਆਲੀ ਬੱਸ ਚੜ੍ਹ ਕੇ ਲਾਮ੍ਹ ਨੂੰ ਗਿਆ ਕਿਤੇ ਅੱਜ। ਉਹ ਇਹਨੂੰ ਕਿਸੇ ਕੰਮ ਧੰਦੇ ਨੂੰ ਕਹਿ ਕੇ ਗਿਆ ਹੋਣਾ ਬਈ ਮੈਂ ਤੇਰੀ ਸਿੰਗੋ ਲਹਿਰੀ ਆਲੀ ਭੂਆ ਕੋਲੇ ਜਾ ਆਮਾਂ, ਤੂੰ ਮੇਰੇ ਆਉਂਦੇ ਨੂੰ ਆਹ ਕੰਮ ਕਾਰ ਕਰ ਲਮੀਂ। ਉਹਨੇ ਘਰੋਂ ਪੈਰ ਪੱਟਿਆ ਨ੍ਹੀ, ਇਹ ਠੂਹ ਸੱਥ ‘ਚ ਆ ਕੇ ਤਾਸ਼ ‘ਤੇ ਬਹਿ ਗਿਆ। ਹੁਣ ਅਮਲੀ ਦੇ ਸੱਥ ‘ਚ ਆਏ ਤੋਂ ਬੁੜ੍ਹੇ ਦਾ ਕਿਹਾ ਕੰਮ ਯਾਦ ਆ ਗਿਆ ਹੋਣੈ, ਤਾਹੀਉਂ ਘਰ ਨੂੰ ਡਾਕ ਬਣ ਗਿਆ ਹੋਰ ਇਹਨੇ ਕਿਹੜਾ ਕੁਤਰਾ ਕਰਨਾਂ ਜਾ ਕੇ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਅਮਲੀ ਦੇ ਸੱਥ ‘ਚ ਆਉਣ ਨਾਲ ਇਹਦੇ ਘਰੇ ਜਾਣ ਦਾ ਕੀ ਸਬੰਧ ਬਈ?”
ਸੀਤਾ ਮਰਾਸੀ ਰਤਨ ਸਿਉਂ ਸੂਬੇਦਾਰ ਨੂੰ ਵੀ ਕਤਾੜ ਕੇ ਪੈ ਗਿਆ, ”ਤੂੰ ਵੀ ਫ਼ੌਜੀਆ ਸੰਦ ਈਂ ਐਂ। ਗੀਸੇ ਨੂੰ ਪਤਾ ਤਾਂ ਸੀ ਬਈ ਨਾਥੇ ਅਮਲੀ ਦੇ ਸੱਥ ‘ਚ ਆਉਣ ਦਾ ਆਹ ਸਹੀ ਟੈਮ ਐਂ, ਉਹ ਭੱਜ ਗਿਆ ਬਈ ਬੁੜ੍ਹੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਕਰ ਦਿਆਂ। ਆਹ ਗੱਲ ਹੋਣੀ ਐਂ। ਬਾਕੀ ਫ਼ੇਰ ਵੇਖ ਲਾ ਕੱਲ੍ਹ ਨੂੰ ਪਤਾ ਲੱਗ ਜੂ ਜਦੋਂ ਬੁੜ੍ਹੇ ਨੇ ਤਾਣੇ ਪੇਟੇ ਆਂਗੂੰ ਚੰਗੀ ਤਰਾਂ ਝੰਭ ਕੇ ਰੱਖ ‘ਤਾ।”
ਬਾਬਾ ਗੰਡਾ ਸਿਉਂ ਅਮਲੀ ਨੂੰ ਕਹਿੰਦਾ, ”ਇਹ ਤਾਂ ਨ੍ਹੀ ਨਾਥਾ ਸਿਆਂ ਗੱਲ ਲੱਗਦੀ। ਗੱਲ ਤਾਂ ਕੋਈ ਹੋਰ ਐ।”
ਸੁਰਜਨ ਬੁੜ੍ਹਾ ਬਾਬੇ ਗੰਡਾ ਸਿਉਂ ਨੂੰ ਕਹਿੰਦਾ, ”ਗੱਲ ਦਾ ਤਾਂ ਗੰਡਾ ਸਿਆਂ ਨਾਥਾ ਸਿਉਂ ਨੂੰ ਪਤਾ, ਪਰ ਇਹ ਗੱਲ ਲਕੋਂਦਾ ਹੁਣ।”
ਸੀਤਾ ਮਰਾਸੀ ਟਿੱਚਰ ‘ਚ ਨਾਥੇ ਅਮਲੀ ‘ਤੇ ਤਵਾ ਧਰਦਾ ਬੋਲਿਆ,” ਇਹਦੀ ਅਮਲੀ ਦੀ ਤਾਂ ਕੌਰੂ ਆਜੜੀ ਦੀ ਬੱਕਰੀ ਆਲੀ ਗੱਲ ਐ। ਜਿਮੇਂ ਕੌਰੂ ਆਜੜੀ ਦੀ ਬੱਕਰੀ ਮੀਂਗਣਾਂ ਘੋਲ ਕੇ ਦੁੱਧ ਦਿੰਦੀ ਐ ਨਾਹ, ਇਹ ਦੱਸ ਤਾਂ ਦੇਊ ਪਰ ਦੱਸੂ ਬੱਕਰੀ ਆਂਗੂੰ ਲੇਲ੍ਹੜੀਆਂ ਕਢਾ ਕੇ।”
ਰਤਨ ਸਿਉਂ ਸੂਬੇਦਾਰ ਬਾਬੇ ਗੰਡਾ ਸਿਉਂ ਨੂੰ ਕਹਿੰਦਾ, ”ਐਮੇਂ ਨ੍ਹੀ ਤਾਇਆ ਗੰਡਾ ਸਿਆਂ ਖੋਟੀ ਦੁਆਨੀ ਆਲੀ ਕਵੀਸ਼ਰੀ ਕਰਦਾ ਸੱਥ ਨੂੰ ਆਉਂਦਾ ਸੀ, ਗੱਲ ਤਾਂ ਕੋਈ ਮਸਾਲੇਦਾਰ ਈ ਐ।”
ਸੀਤਾ ਮਰਾਸੀ ਕਹਿੰਦਾ, ”ਪਤਾ ਨ੍ਹੀ ਲੱਗਿਆ ਬਈ ਕਿਹੜਾ ਬਾਬਾ ਕੀਹਦੇ ਘਰੋਂ ਲੱਸੀ ਪੀ ਕੇ ਖੋਟੀ ਦੁਆਨੀ ਦੇ ਗਿਆ। ਇਹ ਤਾਂ ਉਹ ਗੱਲ ਹੋ ਗੀ ‘ਅਕੇ ਸਿੱਟ ਗਿਆ ਪੱਥਰ ਦੇ ਗੋਲ਼ੇ, ਖੇਡੇ ਆਲਾ ਹੱਦ ਕਰ ਗਿਆ’। ਬਾਬਾ ਲੱਸੀ ਦਾ ਪੀ ਤਾਂ ਚਟੂਰਾ ਗਿਆ, ਦੁਆਨੀ ਪਤੰਦਰ ਨੇ ਖੋਟੀਉ ਈ ਦਿੱਤੀ ਐ। ਲੋਹੜਾ ਨ੍ਹੀ ਤਾਂ ਹੋਰ ਕੀ ਐ।”
ਨਾਥਾ ਅਮਲੀ ਕਹਿੰਦਾ, ”ਲੱਸੀ ਵੀ ਤਾਂ ਖੱਟੀਓ ਈ ਸੀ, ਪਿਅਉਣ ਆਲੇ ਨੇ ਕਿਹੜਾ ਗਾਹਾਂ ਅਧ ਰਿੜਕਿਆ ਪਿਆਇਆ ਸੀ ਬਈ ਬਾਬਾ ਬਾਸਣੀ ਖੋਲ੍ਹ ਕੇ ਫ਼ੜਾ ਜਾਂਦਾ।”
ਬਾਬਾ ਗੰਡਾ ਸਿਉਂ ਨਾਥੇ ਅਮਲੀ ਦੇ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ”ਓ ਦੱਸਦੇ ਪਤੰਦਰਾ ਹੁਣ ਕੀਹਦੇ ਨਾਂ ਦੀ ਵੇਲ ਵਧਾਉਂਦਾ ਆਉਂਦਾ ਸੀ। ਕਦੇ ਕਦੇ ਤਾਂ ਸੰਧੂਰੇ ਬੁੜ੍ਹੇ ਦੇ ਕਾਲੇ ਤੇਲ ਆਲੇ ਇੰਜਨ ਆਂਗੂੰ ਟੱਸ ਈ ਨ੍ਹੀ ਭੰਨਦਾ। ਕਦੇ ਕਦੇ ਊਈ ਬੋਰੀ ‘ਚੋਂ ਡਿਗਦੇ ਗੋਂਗਲੂਆਂ ਆਂਗੂੰ ਸਾਰਾ ਈ ਖਿੱਲਰ ਜਾਨੈ। ਦੱਸ ਮੇਰਾ ਸ਼ੇਰ ਕਿਹੜਾ ਬਾਬਾ ਖੋਟੀ ਦੁਆਨੀ ਦੇ ਗਿਆ?”
ਪ੍ਰਤਾਪਾ ਭਾਊ ਬਾਬੇ ਗੰਡਾ ਸਿਉਂ ਨੂੰ ਕਹਿੰਦਾ, ”ਬਹੁਤਾ ਵੀ ਨਾ ਤਾਊ ਇਹਨੂੰ ਚੋਭਾਂ ਜੀਆਂ ਲਾਈ ਜਾਹ, ਹੋਰ ਨਾ ਕਿਤੇ ਤੇਰੇ ਨਾਲ ਵੀ ਬਾਰਾਸਿੰਗੇ ਆਲੀ ਕਰੇ।”
ਬਾਬੇ ਨੇ ਪੁੱਛਿਆ, ”ਉਹ ਕਿਮੇਂ ਬਈ?”
ਭਾਊ ਕਹਿੰਦਾ, ”ਇਹਨੂੰ ਬਾਹਲ਼ਾ ਈ ਅਕਾਈ ਜਾਨੈਂ ਜਿਹੜਾ, ਹੋਰ ਨਾ ਕਿਤੇ ਬਾਰਾਸਿੰਗੇ ਆਂਗੂੰ ਤੈਨੂੰ ਈਂ ਸਿੰਗਾਂ ‘ਤੇ ਟੰਗ ਕੇ ਗੰਦੇ ਪਾਣੀ ਆਲੀ ਨਾਲੀ ‘ਚ ਠੋਕੇ। ਜੇ ਇਹਨੂੰ ਚੀਹ ਚੜ੍ਹ ਗੀ ਤਾਂ ਤੇਰਾ ਈ ਨਾ ਕਿਤੇ ਨਾਂ ਲੈ ਦੇ ਬਈ ਬਾਬਾ ਗੰਡਾ ਸਿਉਂ ਈਂ ਖੋਟੀ ਦੁਆਨੀ ਦੇ ਗਿਆ।”
ਜੱਗਾ ਕਾਮਰੇਡ ਕਹਿੰਦਾ, ”ਦੱਸਦੇ ਖਾਂ ਅਮਲੀਆ ਓਏ।”
ਅਮਲੀ ਬਾਬੇ ਗੰਡਾ ਸਿਉਂ ਨੂੰ ਕਹਿੰਦਾ,” ਪੁੱਛਣੀ ਐਂ ਗੱਲ ਬਾਬਾ ਤੂੰ ਬਈ ਖੋਟੀ ਦੁਆਨੀ ਆਲੀ ਕੀ ਗੱਲ ਐ?”
ਮਾਹਲਾ ਨੰਬਰਦਾਰ ਕਹਿੰਦਾ, ”ਆਹੋ ਪੁੱਛਣੀ ਐਂ। ਗੰਡਾ ਸਿਉਂ ਨੂੰ ਕੀ ਪੁੱਛਣੈਂ ਤੂੰ ਗੱਲ ਦੱਸ ਅਸੀ ਬਥੇਰੇ ਬੈਠੇ ਆਂ ਸੁਣਨ ਆਲੇ।”
ਨਾਥਾ ਅਮਲੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਉਰ੍ਹੇ ਨੂੰ ਹੋ ਜਾ ਫ਼ਿਰ ਨੰਬਰਦਾਰਾ ਜੇ ਗੱਲ ਸੁਣਨੀ ਐਂ ਤਾਂ। ਗੱਲ ਤਾਂ ਇਉਂ ਐ ਬਈ ਆਹ ਜਿਹੜਾ ਗੀਸਾ ਤਾਸ਼ ਖੇਡਦਾ ਖੇਡਦਾ ਸੱਥ ‘ਚੋਂ ਉੱਠ ਕੇ ਭੱਜਿਆ, ਏਸੇ ਗੱਲ ਤੋਂ ਡਰਦਾ ਭੱਜਿਆ ਬਈ ਨਾਥਾ ਆ ਗਿਆ ਸੱਥ ‘ਚ, ਹੁਣ ਮੇਰੇ ਆਲੇ ਪੋਤੜੇ ਫ਼ਰੋਲੂ।”
ਬੁੱਘਰ ਦਖਾਣ ਕਹਿੰਦਾ, ”ਖੋਹਲਦੇ ਫ਼ਿਰ ਹੁਣ ਕੁ ਪਾਂਧੇ ਤੋਂ ਪੱਤਰੀ ਕਢਾਉਣੀ ਐ?”
ਅਮਲੀ ਨੰਬਰਦਾਰ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਗੱਲ ਤਾਂ ਨੰਬਰਦਾਰਾ ਇਉਂ ਐ ਬਈ ਜਿਹੜਾ ਮੈਂ ਗਾਉਣ ਗਾਉਂਦਾ ਆਉਂਦਾ ਸੀ ਬਈ ‘ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦੁਆਨੀ ਖੋਟੀ’। ਉਹੀ ਗੱਲ ਗੀਸੇ ਨੇ ਕੀਤੀ ਐ।”
ਬਾਬੇ ਗੰਡਾ ਸਿਉਂ ਨੇ ਪੁੱਛਿਆ, ”ਉਹ ਕਿਮੇਂ ਬਈ?”
ਅਮਲੀ ਕਹਿੰਦਾ, ”ਕਿਮੇਂ ਕਾਹਦੀ ਐ ਬਾਬਾ। ਪਤੰਦਰ ਨੇ ਲੋਹੜਾ ਈ ਮਾਰਿਆ ਚੱਪਣ ਕੱਦੂ ਜੇ ਨੇ। ਸੋਨੂੰ ਪਤਾ ਤਾਂ ਹੈ ਬੀ ਇਹ ਬਾਹਰਲੇ ਮੁਲਕ ਵੀ ਜਾ ਕੇ ਆਇਆ?”
ਸੀਤਾ ਮਰਾਸੀ ਕਹਿੰਦਾ, ”ਡੂਢ ਕੁ ਮਹੀਨਾ ਲਾ ਕੇ ਆਇਆ, ਓੱਥੇ ਈ ਤਾਂ ਕਜੀਆ ਖੜ੍ਹਾ ਕਰ ਕੇ ਆਇਆ ਜੀਹਦੀ ਤੂੰ ਗੱਲ ਕਰਦੈਂ। ਨਹੀਂ ਇਹਨੇ ਠੰਢੇ ਥਾਉਂ ਕਾਹਦਾ ਆਉਣਾ ਸੀ, ਛੀ ਮਹੀਨੇ ਤਾਂ ਰਹਿਣਾ ਈਂ ਸੀ ਓੱਥੇ।
ਅਮਲੀ ਕਹਿੰਦਾ, ”ਵੱਸ-ਵੱਸ! ਤੂੰ ਤਾਂ ਮੀਰ ਸਮਝ ਈਂ ਗਿਐਂ। ਇਹ ਓੱਥੇ ਬਾਹਰਲੇ ਮੁਲਕ ਗਿਆ ਸੀ ਜਦੋਂ, ਇਹਨੂੰ ਇਹਦੇ ਸਕੀਰੀ ਆਲਿਆਂ ਨੇ, ਲਿਹਾਜਾਂ ਆਲਿਆਂ ਤੇ ਹੋਰ ਜਾਣ ਪਛਾਣ ਆਲਿਆਂ ਨੇ ਇਹਨੂੰ ਰੋਟੀ ‘ਤੇ ਸੱਦਿਆ। ਸਾਰਿਆਂ ਨੇ ਇਹਦੀ ਬੜੀ ਖਾਤਰਦਾਰ ਕੀਤੀ। ਡੂਢ ਮਹੀਨਾ ਇਹ ਰਿਹਾ ਆਵਦੇ ਭਰਾ ਕੋਲੇ। ਓੱਥੇ ਨਾਲੇ ਤਾਂ ਆਵਦੇ ਭਰਾ ਕੋਲ ਰਹਿ ਕੇ ਓਹਦੇ ਘਰੋਂ ਡੂਢ ਮਹੀਨਾ ਲੰਗਰ ਪ੍ਰਸ਼ਾਦਾ ਖਾਧਾ ਨਾਲੇ ਉਹਦੀ ਕਾਰ ‘ਚ ਐਧਰ ਓਧਰ ਜਾਂਦਾ ਰਿਹਾ। ਨਾਲੇ ਆਉਂਦਾ ਹੋਇਆ ਉਹਨੂੰ ਗਾਲਾਂ ਕੱਢ ਆਇਆ। ਭਰਾ ਦੇ ਘਰੋਂ ਅੰਨ ਪਾਣੀ ਖਾਧਾ ਡੂਢ ਮਹੀਨਾ ਤੇ ਭਰਾ ਦੀਓ ਈ ਗਾਲਾਂ ਕੱਢ ਕੇ ਤਹਿ ਲਾ ਆਇਆ। ਕਹਿੰਦੇ ਤਾਂ ਬਾਬਾ ਹੁੰਦੇ ਐ ਬਈ ‘ਜਿਸ ਕੀ ਖਾਈਏ ਬਾਜਰੀ, ਉਸ ਕੀ ਭਰੀਏ ਹਾਜਰੀ’। ਇਹ ਪਤੰਦਰ ਨੇ ਬਾਬਾ ਡਲੈਵਰਾਂ ਆਲੀਓ ਈ ਗੱਲ ਕੀਤੀ, ਅਕੇ ਨਾਲੇ ਬਾਬਾ ਲੱਸੀ ਪੀ ਗਿਆ ਨਾਲੇ ਦੇ ਗਿਆ ਦੁਆਨੀ ਖੋਟੀ’। ਲੰਗਰ ਵੀ ਓਸੇ ਦਾ ਤੇ ਗਾਲਾਂ ਵੀ ਓਸੇ ਨੂੰ ਈਂ। ਲੋਹੜਾ ਨ੍ਹੀ ਤਾਂ ਹੋਰ ਕੀ ਅ੍ਹੈ।”
ਪ੍ਰਤਾਪਾ ਭਾਊ ਟਿੱਚਰ ‘ਚ ਕਹਿੰਦਾ, ”ਦਾਲ ਭਾਜੀ ‘ਚ ਨੂਣ ਨਾਣ ਜਾਂ ਮਸਾਲਾ ਮਸੂਲਾ ਘੱਟ ਵੱਧ ਹੋਣੈ ਜਾਂ ਫ਼ਿਰ ਭਰਜਾਈ ਘਰੋਂ ਭਜਾਉਣ ਦੀ ਮਾਰੀ ਰੋਟੀਆਂ ਕੱਚੀਆਂ ਪਿੱਲੀਆਂ ਲਾਹ ਕੇ ਦੇਣ ਲੱਗ ਗੀ ਹੋਣੀ ਐ।”
ਸੀਤਾ ਮਰਾਸੀ ਕਹਿੰਦਾ, ”ਚੌਲ ਵੀ ਲੱਗਦੈ ਫ਼ਿੱਕੇ ਈ ਧਰ ‘ਤੇ ਹੋਣੇ ਐਂ ਤੱਤੇ ਪਾਣੀ ‘ਚ ‘ਬਾਲ਼ਕੇ। ਪੀ ਕੇ ਅਧੀਆ ਗਾਲਾਂ ਆਲੀ ਰੀਲ੍ਹ ਪਾ ਲੀ ਹੋਣੀ ਐਂ, ਅਗਲਿਆਂ ਨੇ ਮਾਰ ਕੇ ਧੱਕੇ ਘਰੋਂ ਕੱਢ ‘ਤਾ ਹੋਣਾ ਜਿਮੇਂ ਸ਼ਰਾਬੀ ਨੂੰ ‘ਖੰਡਪਾਠ ਆਲੇ ਘਰੋਂ ਧੱਕੇ ਮਾਰ ਕੇ ਕੱਢ ਦਿੰਦੇ ਐ। ਆਹ ਗੱਲ ਹੋਈ ਗੀਸਾ ਸਿਉਂ ਦੀ। ਕਿਉਂ ਲੂੰਬੜਦਾਰਾ! ਠੀਕ ਐ ਕੁ ਨਹੀਂ?”
ਜਿਉਂ ਹੀ ਨਾਥੇ ਅਮਲੀ ਨੇ ਮਾਹਕਲੇ ਨੰਬਰਦਾਰ ਨੂੰ ਲੂੰਬੜਦਾਰ ਕਿਹਾ ਤਾਂ ਸੀਤਾ ਮਰਾਸੀ ਅਮਲੀ ਦੇ ਗਲ ਪੈ ਗਿਆ, ”ਤੂੰ ਆਪ ਕਿੱਡਾ ਕੁ ਹਸਨਭੱਟੀ ਆਲਾ ਜੈਲਾ ਵਪਾਰੀ ਐਂ ਓਏ ਦੂਜਿਆਂ ਨੇ ਨਾਂ ਕਨਾਂ ਧਰਦੈਂ। ਨੰਬਰਦਾਰ ਤੇਰੇ ਦਾਦੇ ਦਾ ਹਾਣੀ ਹੋਣੈ ਜੀਹਦਾ ਤੂੰ ਪੁੱਠਾ ਸਿੱਧਾ ਨਾਉਂ ਲੈਨੈਂ।”
ਸੀਤੇ ਮਰਾਸੀ ਨੂੰ ਨਾਥੇ ਅਮਲੀ ‘ਤੇ ਹਰਕਿਆ ਵੇਖ ਕੇ ਬਾਬਾ ਗੰਡਾ ਸਿਉਂ ਮਰਾਸੀ ਨੂੰ ਚੁੱਪ ਕਰਾਉਂਦਾ ਸੱਥ ਵਾਲਿਆਂ ਨੂੰ ਬੋਲਿਆ, ”ਚੱਲੋ ਬਈ ਮੀਰ ਉੱਠੋ ਘਰਾਂ ਨੂੰ ਤੁਰੇ, ਹੁਣ ਐਮੇਂ ਲੜੋਂਗੇ, ਚੱਲੋ ਉੱਠੋ ਉੱਠੋ।”
ਬਾਬੇ ਗੰਡਾ ਸਿਉਂ ਦਾ ਕਹਿਣਾ ਮੰਨ ਕੇ ਸੱਥ ‘ਚ ਬੈਠੇ ਸਾਰੇ ਜਣੇ ਉੱਠ ਕੇ ਗੀਸੇ ਦੀ ਗਾਲਾਂ ਵਾਲੀ ਗੱਲ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।