ਕਰੀਨਾ ਕਪੂਰ ਦੇ ਬੁਲੰਦ ਨੇ ਸਿਤਾਰੇ
ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਮਾਂ ਬਣਨ ਤੋਂ ਬਾਅਦ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਵੀਰੇ ਦੀ ਵੈਡਿੰਗ ਨਾਲ ਪਰਦੇ ‘ਤੇ ਵਾਪਸੀ ਕੀਤੀ ਹੈ। ਉਸ ਦੀ ਇਹ ਫ਼ਿਲਮ ਪਰਦੇ ‘ਤੇ ਕਾਫ਼ੀ ਸਫ਼ਲ ਵੀ ਰਹੀ ਹੈ। ਫ਼ਿਲਮ ‘ਚ ਕਰੀਨਾ ਕਪੂਰ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਦੇ ਕਿਸਮਤ ਦੇ ਸਿਤਾਰੇ ਇੱਕ ਵਾਰ ਫ਼ਿਰ ਬੁਲੰਦ ਹੋ ਗਏ ਹਨ। ਅਸਲ ‘ਚ ਫ਼ਿਲਮ ‘ਵੀਰੇ ਦੀ ਵੈਡਿੰਗ ‘ਦੇ ਸਫ਼ਲ ਰਹਿਣ ਮਗਰੋਂ ਕਰੀਨਾ ਕੋਲ ਹੁਣ ਫ਼ਿਲਮਸਾਜ਼ਾਂ ਦੀ ਲਾਈਨ ਲੱਗ ਗਈ ਹੈ। ਬਹੁਤ ਸਾਰੇ ਮਸ਼ਹੂਰ ਪ੍ਰਡਿਊਸਰ ਉਸ ਨੂੰ ਆਪਣੀ ਫ਼ਿਲਮ ਲਈ ਫ਼ਾਈਨਲ ਕਰਨਾ ਚਾਹੁੰਦੇ ਹਨ। ਹੁਣ ਕਰੀਨਾ ਬਾਰੇ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਕਰਨ ਜੌਹਰ ਵੀ ਉਸ ਨੂੰ ਲੈ ਕੇ ਇੱਕ ਫ਼ਿਲਮ ਬਣਾਉਣੀ ਚਾਹੁੰਦੇ ਹਨ। ਇਸ ਫ਼ਿਲਮ ਲਈ ਕਰੀਨਾ ਨੂੰ ਲਗਭਗ ਫ਼ਾਈਨਲ ਕਰ ਲਿਆ ਗਿਆ ਹੈ। ਫ਼ਿਲਮ ‘ਚ ਕਰੀਨਾ ਇੱਕ ਮਾਂ ਦਾ ਕਿਰਦਾਰ ਨਿਭਾਉਾਂਦੀ ਹੋਈ ਨਜ਼ਰ ਆਉਣ ਵਾਲੀ ਹੈ। ਕਰੀਨਾ ਇੱਕ ਸਾਲ ਪਹਿਲਾਂ ਹੀ ਮਾਂ ਬਣੀ ਹੈ, ਇਸ ਲਈ ਉਸ ਲਈ ਮਾਂ ਦਾ ਕਿਰਦਾਰ ਨਿਭਾਉਣਾ ਕਾਫ਼ੀ ਸੌਖਾ ਅਤੇ ਸਹੀ ਹੋਵੇਗਾ। ਕਰਨ ਜੌਹਰ ਦੀ ਇਹ ਫ਼ਿਲਮ ਇਸ ਸਾਲ ਦੇ ਅੰਤ ਤਕ ਫ਼ਲੋਰ ‘ਤੇ ਆ ਜਾਵੇਗੀ। ਇਸ ਫ਼ਿਲਮ ‘ਚ ਕਰੀਨਾ ਦੇ ਨਾਲ ਕਰਨ ਨੇ ਅਕਸ਼ੈ ਕੁਮਾਰ ਨੂੰ ਫ਼ਾਈਨਲ ਕੀਤਾ ਹੈ। ਸਿਨੇਮਾ ਪ੍ਰੇਮੀ ਇਸ ਜੋੜੀ ਨੂੰ ਫ਼ਿਲਮਾਂ ‘ਚ ਬਹੁਤ ਪਸੰਦ ਕਰਦੇ ਹਨ। ਇਨ੍ਹਾਂ ਦੋਹਾਂ ਨੇ ਇਸ ਤੋਂ ਪਹਿਲਾਂ ਟਸ਼ਨ, ਅਜਨਬੀ, ਇਤਰਾਜ਼, ਤਲਾਸ਼, ਬੇਵਫ਼ਾ ਅਤੇ ਕਮਬਖ਼ਤ ਇਸ਼ਕ ਵਰਗੀਆਂ ਫ਼ਿਲਮਾਂ ‘ਚ ਇੱਕੱਠੇ ਕੰਮ ਕੀਤਾ ਹੈ। ਕਰਨ ਜੌਹਰ ਦੀ ਇਸ ਫ਼ਿਲਮ ‘ਚ ਦੋ ਜੋੜੀਆਂ ਹੋਣਗੀਆਂ। ਪਹਿਲੀ ਜੋੜੀ ਅਕਸ਼ੈ ਅਤੇ ਕਰੀਨਾ ਕਪੂਰ ਦੀ ਹੋਵੇਗੀ ਅਤੇ ਦੂਸਰੀ ਜੋੜੀ ਲਈ ਮਹਿਲਾ ਕਿਰਦਾਰ ਲਈ ਜਾਨ੍ਹਵੀ ਕਪੂਰ ਨੂੰ ਚੁਣਿਆ ਗਿਆ ਹੈ। ਹੁਣ ਕਿਹੜਾ ਅਦਾਕਾਰ ਉਸ ਨਾਲ ਜੋੜੀ ਬਣਾਏਗਾ ਇਹ ਤੈਅ ਹੋਣਾ ਫ਼ਿਲਹਾਲ ਬਾਕੀ ਹੈ। ਵੈਸੇ ਇਸ ਕਿਰਦਾਰ ਲਈ ਸਿਧਾਰਥ ਮਲਹੋਤਰਾ ਦਾ ਨਾਂ ਸਾਹਮਣੇ ਆ ਰਿਹਾ ਹੈ। ਕਰੀਨਾ ਅਤੇ ਅਕਸ਼ੈ ਦੋਹਾਂ ਦੇ ਹੀ ਬਹੁਤ ਜ਼ਿਆਦਾ ਫ਼ੈਨਜ਼ ਹਨ ਅਤੇ ਇੰਨੇ ਸਾਲਾਂ ਬਾਅਦ ਉਨ੍ਹਾਂ ਦਾ ਇੱਕੱਠੇ ਨਜ਼ਰ ਆਉਣਾ ਫ਼ੈਨਜ਼ ਨੂੰ ਬਹੁਤ ਪਸੰਦ ਆਵੇਗਾ। ਫ਼ਿਲਹਾਲ ਕਰਨ ਜੌਹਰ ਦੀ ਇਸ ਫ਼ਿਲਮ ਦੀ ਜ਼ਿਆਦਾ ਜਾਣਕਾਰੀ ਤਾਂ ਅਜੇ ਸਾਹਮਣੇ ਨਹੀਂ ਆਈ, ਪਰ ਇਹ ਇੱਕ ਪਰਿਵਾਰਕ ਫ਼ਿਲਮ ਦੱਸੀ ਜਾ ਰਹੀ ਹੈ।
ਜਲਦ ਹੀ ਅਕਸ਼ੈ ਕੁਮਾਰ ਨਾਲ ਕਰਨ ਜੌਹਰ ਦੀ ਅਗਲੀ ਫ਼ਿਲਮ ‘ਚ ਮਾਂ ਦਾ ਕਿਰਦਾਰ ਨਿਭਾਉਂਦੀ ਆਵੇਗੀ ਨਜ਼ਰ