ਨਵੀਂ ਦਿੱਲੀ — ਅੱਤਵਾਦੀ ਸਮੂਹਾਂ ਦੇ ਵਿੱਤਪੋਸ਼ਣ ਨੂੰ ਰੋਕਣ ਵਿਚ ਨਾਕਾਮ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ਵਿਚ ਪਾਉਣ ਦੇ ਫਾਈਨੈਂਸ਼ੀਅਲ ਐਕਸ਼ਟ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੇ ਫੈਸਲੇ ਦਾ ਭਾਰਤ ਨੇ ਸਵਾਗਤ ਕੀਤਾ ਹੈ। ਨਾਲ ਹੀ ਭਾਰਤ ਦੇ ਉਮੀਦ ਜਤਾਈ ਹੈ ਕਿ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਜਤਾਈ ਜਾ ਰਹੀ ਚਿੰਤਾ ਦੇ ਹੱਲ ਲਈ ਹੁਣ ਉਹ ਕੁੱਝ ਭਰੋਸੇਯੋਗ ਕਦਮ ਚੁੱਕੇਗਾ। ਐੱਫ.ਏ.ਟੀ.ਐੱਫ. ਨੇ 2 ਦਿਨ ਪਹਿਲਾਂ ਪਾਕਿਸਤਾਨ ਨੂੰ ‘ਗ੍ਰੇਅ ਸੂਚੀ’ ਵਿਚ ਪਾ ਦਿੱਤਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਮੁੱਦੇ ‘ਤੇ ਪੁੱਛੇ ਗਏ ਸਵਾਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘ਸਾਨੂੰ ਉਮੀਦ ਹੈ ਕਿ ਐੱਫ.ਏ.ਟੀ.ਐੱਫ. ਦੀ ਕਾਰਜ ਯੋਜਨਾ ਦਾ ਪਾਕਿਸਤਾਨ ਸਮਾਂਬੱਧ ਤਰੀਕੇ ਨਾਲ ਪਾਲਣ ਕਰੇਗਾ ਅਤੇ ਉਸ ਦੇ ਅਧੀਨ ਆਉਣ ਵਾਲੇ ਖੇਤਰਾਂ ਤੋਂ ਪੈਦਾ ਹੋਣ ਵਾਲੇ ਅੱਤਵਾਦ ਸਬੰਧਤ ਅੰਤਰਰਾਸ਼ਟਰੀ ਚਿੰਤਾਵਾਂ ਨੂੰ ਹੱਲ ਕਰਨ ਲਈ ਭਰੋਸੇਯੋਗ ਕਦਮ ਚੁੱਕੇਗਾ।’
ਭਾਰਤ ਨੇ ਇਸ ਮੌਕੇ ‘ਤੇ ਇਸ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੰਚਾਂ ‘ਤੇ ਭਰੋਸਿਆਂ ਦੇ ਬਾਵਜੂਦ ਹਾਫਿਜ਼ ਸਈਦ, ਜਮਾਤ-ਉਦ-ਦਾਵਾ, ਲਸ਼ਕਰ-ਏ-ਤੈਯਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨੂੰ ਆਪਣੀ ਜ਼ਮੀਨ ‘ਤੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਜਾਰੀ ਰੱਖਣ ਲਈ ਪੂਰੀ ਆਜ਼ਾਦੀ ਦਿੱਤੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਆਪਣੀਆਂ ਸਰਹੱਦਾਂ ਵਿਚ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾਉਣ ਵਿਰੁੱਧ ਭਾਰਤ ਲਗਾਤਾਰ ਗਲੋਬਲ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਾ ਰਿਹਾ ਹੈ ਅਤੇ 2008 ਦੇ ਮੁੰਬਈ ਹਮਲੇ ਸਮੇਤ ਭਾਰਤ ਵਿਚ ਹੋਏ ਕਈ ਹਮਲਿਆਂ ਲਈ ਜ਼ਿੰਮੇਦਾਰ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਸਜ਼ਾ ਦੇਣ ‘ਤੇ ਜ਼ੋਰ ਦਿੰਦਾ ਰਿਹਾ ਹੈ।