ਨਵੀਂ ਦਿੱਲੀ – ਪਾਕਿਸਤਾਨ ਦੇ ਹਰਫ਼ਨਮੌਲਾ ਖਿਡਾਰੀ ਸ਼ੋਏਬ ਮਲਿਕ ਨੇ T-20 ਕੌਮਾਂਤਰੀ ਕ੍ਰਿਕਟ ‘ਚ ਆਪਣੀਆਂ 2000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਇਸ ਮੁਕਾਮ ਨੂੰ ਹਾਸਿਲ ਕਰਨ ਵਾਲਾ ਦੁਨੀਆ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ। 36 ਸਾਲ ਦੇ ਮਲਿਕ ਨੇ ਆਪਣੇ 99ਵੇਂ T-20 ਮੈਚ ‘ਚ ਇਹ ਉਪਲੱਬਧੀ ਹਾਸਿਲ ਕੀਤੀ। ਉਸ ਨੇ ਜ਼ਿੰਬਾਬਵੇ ਖ਼ਿਲਾਫ਼ T-20 ਟਰਾਈ ਸੀਰੀਜ਼ ਦੇ ਪਹਿਲੇ ਮੈਚ ‘ਚ 37 ਦੌੜਾਂ ਦੀ ਪਾਰੀ ਦੌਰਾਨ ਇਹ ਰਿਕਾਰਡ ਬਣਾਇਆ। ਮਲਿਕ ਨੇ ਇਸ ਮੈਚ ‘ਚ 24 ਗੇਂਦਾਂ ‘ਤੇ 2 ਚੌਕੇ ਅਤੇ ਇੱਕ ਛੱਕਾ ਲਗਾਇਆ।
ਨਿਊ ਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗਪਟਿਲ 75 ਮੈਚਾਂ ‘ਚ 34.40 ਦੀ ਔਸਤ ਨਾਲ 2271 ਦੌੜਾਂ ਦੇ ਨਾਲ ਚੋਟੀ ‘ਤੇ ਹੈ ਅਤੇ ਸਾਬਕਾ ਸਲਾਮੀ ਬੱਲੇਬਾਜ਼ ਬ੍ਰੈਂਡਨ ਮੈੱਕੁਲਮ 71 ਮੈਚਾਂ ‘ਚ 35.66 ਦੀ ਔਸਤ ਨਾਲ 2140 ਦੌੜਾਂ ਨਾਲ ਦੂਜੇ ਨੰਬਰ ‘ਤੇ।
ਭਾਰਤੀ ਕਪਤਾਨ ਵਿਰਾਟ ਕੋਹਲੀ T-20 ‘ਚ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ ‘ਚ ਹੁਣ ਚੌਥੇ ਨੰਬਰ ‘ਤੇ ਹੈ। ਕੋਹਲੀ ਨੇ ਹੁਣ ਤਕ 59 ਮੈਚਾਂ ‘ਚ 48.58 ਦੀ ਔਸਤ ਨਾਲ 1992 ਦੌੜਾਂ ਬਣਾਈਆਂ ਹਨ।
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 81 ਮੈਚਾਂ ‘ਚ 31.43 ਦੀ ਔਸਤ ਨਾਲ 1949 ਦੌੜਾਂ ਨਾਲ 5ਵੇਂ ਨੰਬਰ ‘ਤੇ ਹੈ।