ਕੰਗਨਾ ਨੂੰ ਮਿਲੀ ਅਨੁਰਾਗ ਬਾਸੂ ਦੀ ਫ਼ਿਲਮ
ਬੌਲੀਵੁੱਡ ‘ਚ ਕੁਈਨ ਦੇ ਨਾਂ ਨਾਲ ਜਾਣੀ ਜਾਂਦੀ ਕੰਗਨਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਅਨੁਰਾਗ ਦੀ ਫ਼ਿਲਮ ਗੈਂਗਸਟਰ ਨਾਲ 2006 ‘ਚ ਕੀਤੀ ਸੀ। ਇੱਕ ਵਾਰ ਫ਼ਿਰ ਉਹ ਅਨੁਰਾਗ ਦੀ ਅਗਲੀ ਫ਼ਿਲਮ ਇਮਲੀ ‘ਚ ਨਜ਼ਰ ਆਉਣ ਵਾਲੀ ਹੈ …
ਬੌਲੀਵੁੱਡ ਫ਼ਿਲਮਸਾਜ਼ ਅਨੁਰਾਗ ਬਾਸੂ ਇੱਕ ਵਾਰ ਮੁੜ ਤੋਂ ਕੰਗਨਾ ਰਨੌਤ ਨੂੰ ਲੈ ਕੇ ਫ਼ਿਲਮ ਬਣਾਉਣ ਜਾ ਰਹੇ ਹਨ। ਅਨੁਰਾਗ ਦੀ 2006 ‘ਚ ਰਿਲੀਜ਼ ਹੋਈ ਫ਼ਿਲਮ ਗੈਂਗਸਟਰ ਨਾਲ ਹੀ ਕੰਗਨਾ ਨੇ ਬੌਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਫ਼ਿਲਮ ਲਈ ਉਸ ਨੂੰ ਬੈੱਸਟ ਅਦਾਕਾਰਾ ਦੀ ਐਵਾਰਡ ਵੀ ਮਿਲਿਆ। ਹੁਣ ਕੰਗਨਾ ਅਤੇ ਅਨੁਰਾਗ ਮੁੜ ਇਕੱਠੇ ਕੰਮ ਕਰਨ ਜਾ ਰਹੇ ਹਨ। ਕੰਗਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਮੈਂਟਲ ਹੈ ਕਿਆ ਦੀ ਸ਼ੂਟਿੰਗ ਇੰਗਲੈਂਡ ਵਿੱਚ ਕਰ ਰਹੀ ਹੈ ਜਿਸ ‘ਚ ਉਸ ਨਾਲ ਬੌਲੀਵੁੱਡ ਦੇ ਸੰਜੀਦਾ ਅਦਾਕਾਰ ਰਾਜਕੁਮਾਰ ਰਾਓ ਵੀ ਨਜ਼ਰ ਆਉਣ ਵਾਲੇ ਹਨ। ਅਨੁਰਾਗ ਬਾਸੂ, ਕੰਗਨਾ ਨੂੰ ਲੈ ਫ਼ਿਲਮ ਇਮਲੀ ਬਣਾਉਣ ਜਾ ਰਹੇ ਹਨ। ਫ਼ਿਲਮ ਇਮਲੀ ਦੀ ਸ਼ੂਟਿੰਗ ਦੀਆਂ ਤਿਆਰੀਆਂ ਅਗਸਤ ਵਿੱਚ ਸ਼ੁਰੂ ਹੋਣਗੀਆਂ। ਫ਼ਿਲਮ ਲਈ ਮੁੱਖ ਅਦਾਕਾਰ ਦੀ ਤਲਾਸ਼ ਅਜੇ ਜਾਰੀ ਹੈ। ਕੰਗਨਾ ਨੇ ਕਿਹਾ ਕਿ ਇਮਲੀ ਬਾਰੇ ਹਾਲੇ ਉਹ ਬਹੁਤੀ ਗੱਲ ਨਹੀਂ ਕਰ ਸਕਦੀ ਹੈ ਪਰ ਸਮਾਂ ਆਉਣ ‘ਤੇ ਫ਼ਿਲਮ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਗਨਾ ਮੁਤਾਬਿਕ, ਫ਼ਿਲਮ ਇਮਲੀ ਦੀ ਸ਼ੂਟਿੰਗ ਸਾਲ ਦੇ ਅੰਤ ਤਕ ਸ਼ੁਰੂ ਹੋ ਜਾਵੇਗੀ। ਕੰਗਨਾ ਨੇ ਫ਼ਿਲਮਸਾਜ਼ ਅਨੁਰਾਗ ਬਾਰੇ ਗੱਲ ਕਰਦਿਆਂ ਕਿਹਾ, ”ਉਹ ਮੇਰੇ ਗੌਡਫ਼ਾਦਰ ਹਨ, ਅਤੇ ਮੈਂ ਅੱਜ ਜੋ ਕੁੱਝ ਵੀ ਹਾਂ ਉਨ੍ਹਾਂ ਦੀ ਵਜ੍ਹਾ ਤੋਂ ਹੀ ਹਾਂ। ਉਨ੍ਹਾਂ ਨਾਲ ਇਸ ਫ਼ਿਲਮ ‘ਚ ਕੰਮ ਕਰਨ ਲਈ ਮੈਂ ਪੂਰੀ ਉਤਸ਼ਾਹਿਤ ਹਾਂ।”
ਫ਼ਿਲਹਾਲ ਕੰਗਨਾ ਆਪਣੀ ਛੇਤੀ ਹੀ ਰਿਲੀਜ਼ ਹੋਣ ਵਾਲੀ ਫ਼ਿਲਮ ਮਣੀਕਰਣਿਕਾ: ਕੁਈਨ ਔਫ਼ ਝਾਂਸੀ ਲਈ ਵੀ ਚਰਚਾ ‘ਚ ਹੈ। ਇਸ ਫ਼ਿਲਮ ‘ਚ ਕੰਗਨਾ ਨੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਭੂਮਿਕਾ ਨਿਭਾਈ ਹੈ। ਹਾਲ ਹੀ ‘ਚ ਇਸ ਫ਼ਿਲਮ ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ। ਵੈਸੇ, ਹਾਲੇ ਫ਼ਿਲਮ ਦੀ ਰਿਲੀਜ਼ ਤਾਰੀਕ ਦਾ ਕੋਈ ਪੱਕਾ ਐਲਾਨ ਨਹੀਂ ਕੀਤਾ ਗਿਆ।