ਨਵੀਂ ਦਿੱਲੀ/ਕੰਸਾਸ — ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਦੇ ਕੰਸਾਸ ਸ਼ਹਿਰ ਵਿਚ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਅੱਜ ਡੂੰਘਾ ਅਫਸੋਸ ਜ਼ਾਹਰ ਕੀਤਾ ਅਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ। ਕੰਸਾਸ ਦੇ ਅਧਿਕਾਰੀਆਂ ਮੁਤਾਬਕ ਤੇਲੰਗਾਨਾ ਵਾਸੀ ਸ਼ਰਤ ਕੱਪੂ ਜਿਸ ਰੈਸਟੋਰੈਂਟ ਵਿਚ ਕੰਮ ਕਰਦਾ ਸੀ, ਉੱਥੇ ਸ਼ੁੱਕਰਵਾਰ ਨੂੰ ਸ਼ੱਕੀ ਤੌਰ ‘ਤੇ ਲੁੱਟ-ਖੋਹ ਦੀ ਘਟਨਾ ਦੌਰਾਨ ਉਸ ਨੂੰ ਗੋਲੀ ਲੱਗ ਗਈ। ਹਸਪਤਾਲ ਲੈ ਜਾਂਦੇ ਸਮੇਂ ਸ਼ਰਤ ਨੇ ਦਮ ਤੋੜ ਦਿੱਤਾ।
ਸਾਫਟਵੇਅਰ ਇੰਜੀਨੀਅਰ ਕੱਪੂ ਆਪਣੀ ਪੋਸਟ ਗ੍ਰੈਜੂਏਸ਼ਨ ਡਿਗਰੀ ਲਈ ਪੜ੍ਹਾਈ ਕਰਨ ਜਨਵਰੀ ਵਿਚ ਅਮਰੀਕਾ ਗਿਆ ਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿੱਟਰ ‘ਤੇ ਟਵੀਟ ਕੀਤਾ, ”ਕੰਸਾਸ ਘਟਨਾ- ਮੇਰੀ ਹਮਦਰਦੀ ਪੀੜਤ ਪਰਿਵਾਰ ਨਾਲ ਹੈ। ਪੁਲਸ ਨਾਲ ਅਸੀਂ ਇਸ ਮਾਮਲੇ ‘ਤੇ ਨਜ਼ਰ ਰਖਾਂਗੇ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਵਾਂਗੇ।” ਓਧਰ ਸ਼ਿਕਾਗੋ ਸਥਿਤ ਭਾਰਤੀ ਵਣਜ ਦੂਤਘਰ ਨੇ ਕੱਲ ਟਵੀਟ ਕੀਤਾ, ”ਕੰਸਾਸ ਸਿਟੀ ਵਿਚ ਇਕ ਭਾਰਤੀ ਵਿਦਿਆਰਥੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਅਸੀਂ ਉਸ ਦੇ ਪਰਿਵਾਰ ਅਤੇ ਪੁਲਸ ਨਾਲ ਸੰਪਰਕ ‘ਚ ਹਾਂ।” ਕੰਸਾਸ ਸਿਟੀ ਪੁਲਸ ਨੇ ਸ਼ੱਕੀ ਬਾਰੇ ਸੂਚਨਾ ਦੇਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਸ਼ੱਕੀ ਦਾ ਰੈਸਟੋਰੈਂਟ ਵਿਚ ਗੋਲੀਬਾਰੀ ਤੋਂ ਕੁਝ ਦੇਰ ਪਹਿਲਾਂ ਦਾ ਇਕ ਛੋਟਾ ਜਿਹਾ ਵੀਡੀਓ ਵੀ ਜਾਰੀ ਕੀਤਾ ਹੈ।