ਜਲੰਧਰ — ਆਮ ਆਦਮੀ ਪਾਰਟੀ ਨੇ ਸ਼ਨੀਵਾਰ ਕੰਪਨੀ ਬਾਗ ਚੌਕ ਵਿਚ ਪੰਜਾਬ ਸਰਕਾਰ ਵਿਰੁੱਧ ਸੂਬੇ ਵਿਚ ਨਸ਼ੇ ਨਾ ਰੋਕ ਸਕਣ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ‘ਤੇ ਪਾਰਟੀ ਦੇ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ 4 ਹਫਤਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਪਰ ਪਿਛਲੇ ਇਕ ਮਹੀਨੇ ‘ਚ ਪੰਜਾਬ ਵਿਚ 2 ਦਰਜਨ ਦੇ ਲਗਭਗ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੱਜ ਵੀ ਨਸ਼ਿਆਂ ਦੀ ਦਲਦਲ ਵਿਚ ਧੱਸਿਆ ਹੋਇਆ ਹੈ। ਕੈਪਟਨ ਸਾਹਿਬ ਨੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰਨਾ ਸੀ ਤਾਂ ਫਿਰ ਉਨ੍ਹਾਂ ਝੂਠੀਆਂ ਸਹੁੰਆਂ ਕਿਉਂ ਚੁੱਕੀਆਂ?
ਉਨ੍ਹਾਂ ਕਿਹਾ ਕਿ ਆਉਂਦੀਆਂ ਪੰਚਾਇਤਾਂ ਜਾਂ ਲੋਕ ਸਭਾ ਚੋਣਾਂ ਦੌਰਾਨ ਅਜਿਹੇ ਸਭ ਆਗੂਆਂ ਨੂੰ ਵੋਟ ਨਾ ਪਾਈ ਜੋ ਨਸ਼ੇ ਵੇਚਣ ਵਾਲਿਆਂ ਨਾਲ ਮਿਲੇ ਹੋਏ ਹਨ। ਉਨ੍ਹਾਂ ਸਭ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸਭ ਪਾਰਟੀਆਂ ਇਕ ਸਟੇਜ ‘ਤੇ ਇਕੱਠੀਆਂ ਹੋਣ। ਇਸ ਮੌਕੇ ਡਾ. ਸੰਜੀਵ ਸ਼ਰਮਾ, ਵਿਕਾਸ ਗਰੋਵਰ, ਸੁਭਾਸ਼ ਪ੍ਰਭਾਕਰ, ਸਵਰਨ ਸਿੰਘ, ਰਾਜ ਕੁਮਾਰ, ਪਰਮਿੰਦਰ ਬਰਾੜ, ਸੁਰਿੰਦਰ ਸਿੰਘ ਸ਼ੇਰਗਿੱਲ, ਕੁਲਵੰਤ ਸਿੰਘ, ਬਲਵੰਤ ਭਾਟੀਆ, ਸਤੀਸ਼ ਵਧਵਾ, ਮੰਨਾ ਸਿੰਘ, ਹਰਜੀਤ ਸਿੰਘ, ਬਲਵੀਰ, ਰੇਖਾ, ਕਸ਼ਯਪ, ਰਵਿੰਦਰ, ਹਰਬੰਸ ਘਈ, ਪੂਜਾ ਖੰਨਾ, ਅੰਮ੍ਰਿਤਪਾਲ ਅਤੇ ਹਰਚਰਨ ਸੰਧੂ ਆਦਿ ਮੌਜੂਦ ਸਨ।