ਚੰਡੀਗੜ੍ਹ/ਅਮ੍ਰਿੰਤਸਰ : ਚੰਡੀਗੜ੍ਹ ‘ਚ ਪ੍ਰਸ਼ਾਸਨ ਤੇ ਟਰਾਂਸਪੋਰਟ ਵਿਭਾਗ ਵਲੋਂ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਮਹਿਲਾਵਾਂ ਲਈ ਹੈਲਮੇਟ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲਾਂਕਿ ਦਸਤਧਾਰੀ ਮਹਿਲਾਵਾਂ ਨੂੰ ਇਸ ਨਿਯਮ ਤੋਂ ਰਾਹਤ ਦਿੱਤੀ ਗਈ ਹੈ ਪਰ ਫਿਰ ਵੀ ਕੁਝ ਲੀਡਰ ਇਸ ਦਾ ਵਿਰੋਧ ਕਰ ਰਹੇ ਹਨ। ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਇਸ ਸਬੰਧੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਦੇ ਨਾਮ ਪਿੱਛੇ ‘ਕੌਰ’ ਲੱਗਦਾ ਹੈ, ਉਨ੍ਹਾਂ ਨੂੰ ਵੀ ਹੈਲਮੇਟ ਤੋਂ ਛੋਟ ਦਿੱਤੀ ਜਾਵੇ। ਲੌਂਗੋਵਾਲ ਨੇ ਕਿਹਾ ਕਿ ਸੁਰੱਖਿਆ ਤੋਂ ਪਹਿਲਾਂ ਰਹਿਤ ਮਰਿਆਦਾ ਜ਼ਰੂਰੀ ਹੈ ਤੇ ਹਰ ਉਹ ਮਹਿਲਾ ਸਿੱਖ ਹੈ, ਜਿਸ ਦੇ ਨਾਮ ਪਿੱਛੇ ਕੌਰ ਲੱਗਦਾ ਹੈ।
ਦੱਸਣਯੋਗ ਹੈ ਕਿ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਕਾਲੀ ਲੀਡਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਸੀ ਕਿ ਮਹਿਲਾਵਾਂ ਲਈ ਹੈਲਮੇਟ ਪਾਉਣਾ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੋਟਰਵ੍ਹੀਕਲ ਐਕਟ 1990 ‘ਚ ਕੀਤੀ ਸੋਧ ਸਿੱਖਾਂ ਦੀਆਂ ਸੰਵੇਦਨਾਵਾਂ ਨੂੰ ਠੇਸ ਪਹੁੰਚਾਵੇਗੀ।