ਮੇ ਸਾਈ, ਥਾਈਲੈਂਡ ਦੀ ਗੁਫਾ ‘ਚ ਫਸੀ ਫੁੱਟਬਾਲ ਦੀ ਟੀਮ ਨੂੰ ਬਚਾਉਣ ਲਈ ਅੱਜ ਵੀ ਰਾਹਤ ਕਾਰਜ ਚੱਲ ਰਿਹਾ ਹੈ। ਹੁਣ ਤਕ 4 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬਾਕੀ 8 ਬੱਚੇ ਅਤੇ ਉਨ੍ਹਾਂ ਦਾ ਕੋਚ ਅਜੇ ਗੁਫਾ ‘ਚ ਹੀ ਹਨ। ਜਿਵੇਂ ਹੀ ਚਾਰ ਬੱਚਿਆਂ ਨੂੰ ਬਾਹਰ ਲਿਆਂਦਾ ਗਿਆ, ਉਨ੍ਹਾਂ ਨੂੰ ਹਸਪਤਾਲ ‘ਚ ਲੈ ਜਾਇਆ ਗਿਆ ਤਾਂ ਕਿ ਉਨ੍ਹਾਂ ਦਾ ਚੈੱਕਅਪ ਹੋ ਸਕੇ। ਇਨ੍ਹਾਂ ਬੱਚਿਆਂ ਨੂੰ ਸਰੀਰਕ ਅਤੇ ਮਨੋਵਿਗਿਆਨਕ ਜਾਂਚ ਦੀ ਲੋੜ ਪਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚੇ ਲੰਬੇ ਸਮੇਂ ਤੋਂ ਹਨੇਰੇ ‘ਚ ਰਹੇ ਹਨ ਅਤੇ ਉਨ੍ਹਾਂ ਨੂੰ ਇਕ ਦਮ ਰੌਸ਼ਨੀ ਦੇ ਸੰਪਰਕ ‘ਚ ਨਹੀਂ ਆਉਣਾ ਚਾਹੀਦਾ।
ਅਧਿਕਾਰੀਆਂ ਨੇ ਦੱਸਿਆ ਕਿ ਗੁਫਾ ‘ਚੋਂ ਇਕ ਬੱਚੇ ਨੂੰ ਬਾਹਰ ਲਿਆਉਣ ਲਈ ਲਗਭਗ 11 ਘੰਟਿਆਂ ਦਾ ਸਮਾਂ ਲੱਗਦਾ ਹੈ। ਇਕ ਬੱਚੇ ਨੂੰ ਦੋ ਗੋਤਾਖੋਰ ਬਾਹਰ ਲਿਆ ਰਹੇ ਹਨ। ਗੋਤਾਖੋਰਾਂ ਨੇ 4 ਉਨ੍ਹਾਂ ਬੱਚਿਆਂ ਨੂੰ ਪਹਿਲਾਂ ਬਾਹਰ ਲਿਆਂਦਾ ਹੈ ਜੋ ਬਿਲਕੁਲ ਸਿਹਤਮੰਦ ਹਨ। ਬਾਕੀ ਬੱਚੇ ਜਿਨ੍ਹਾਂ ਨੂੰ ਕੋਈ ਵੀ ਸਿਹਤ ਸਬੰਧੀ ਸਮੱਸਿਆ ਹੈ, ਉਨ੍ਹਾਂ ਨੂੰ ਬਾਹਰ ਲਿਆਉਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ 23 ਜੂਨ ਨੂੰ ਫੁੱਟਬਾਲ ਟੀਮ ਦੇ 12 ਲੜਕੇ ਅਤੇ ਉਨ੍ਹਾਂ ਦਾ 25 ਸਾਲਾ ਕੋਚ ਗੁਫਾ ਅੰਦਰ ਗਏ ਸਨ ਪਰ ਮੀਂਹ ਕਾਰਨ ਪਾਣੀ ਦਾ ਪੱਧਰ ਵਧ ਜਾਣ ਕਾਰਨ ਗੁਫਾ ‘ਚ ਫਸ ਗਏ। ਐਤਵਾਰ ਨੂੰ ਇੱਥੋਂ 4 ਲੜਕਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਬਾਕੀਆਂ ਨੂੰ ਕੱਢਣ ਲਈ ਸੋਮਵਾਰ ਨੂੰ ਫਿਰ ਰਾਹਤ ਕੰਮ ਸ਼ੁਰੂ ਹੋ ਗਿਆ ਹੈ।