ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਚੰਡੀਗੜ੍ਹ ਵਿਖੇ ਖੱਟਰ ਦੀ ਮੰਗ ਰੱਦ ਕਰ ਕੇ ਪੂਰਿਆ ਸੀ ਪੰਜਾਬ ਦਾ ਪੱਖ
ਅਕਾਲੀ ਦਲ ਨੇ ਪ੍ਰਧਾਨ ਮੋਦੀ ਕੋਲ ਪੰਜਾਬ ਦੀ ਕੋਈ ਵੀ ਮੰਗ ਨਾ ਰੱਖ ਕੇ ਪੰਜਾਬ ਵਿਰੋਧੀ ਹੋਣ ਦਾ ਦਿੱਤਾ ਸਬੂਤ
ਚੰਡੀਗੜ੍ਹ- ਸਤਲੁਜ ਯਮੁਨਾ ਲਿੰਕ ਨਹਿਰ ਅਤੇ ਚੰਡੀਗੜ੍ਹ ਹਰਿਆਣਾ ਨੂੰ ਦੇਣ ਦੀ ਇਕ ਦਿਨ ਪਹਿਲਾ ਮੰਗ ਰੱਖਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅੱਜ ਮਲੋਟ ਵਿਖੇ ਰੈਲੀ ਦੌਰਾਨ ਸਟੇਜ ‘ਤੇ ਬਿਠਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਜਿਸ ਲਈ ਪੰਜਾਬੀ ਅਕਾਲੀ ਦਲ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਹੀ।
ਸ. Ðਰੰਧਾਵਾ ਨੇ ਕਿਹਾ ਕਿ ਕੱਲ੍ਹ ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ ਜਦੋਂ ਮਨੋਹਰ ਲਾਲ ਖੱਟਰ ਨੇ ਹਰਿਆਣਾ ਲਈ ਨਹਿਰ ਅਤੇ ਚੰਡੀਗੜ੍ਹ ਦੀ ਮੰਗ ਰੱਖੀ ਸੀ ਤਾਂ ਮੌਕੇ ‘ਤੇ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਰਿਆਣਾ ਦੇ ਹਮਰੁਤਬਾ ਦੀਆਂ ਮੰਗਾਂ ਨੂੰ ਰੱਦ ਕਰਦਿਆਂ ਪੰਜਾਬ ਪੱਖੀ ਸਟੈਂਡ ਲਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਹੀ ਪੰਜਾਬ ਦੇ ਹੱਕਾਂ ਲਈ ਵੱਡੇ ਫੈਸਲੇ ਲਏ ਹਨ ਜਦੋਂ ਕਿ ਬਾਦਲਾਂ ਨੇ ਕਦੇ ਵੀ ਪੰਜਾਬ ਦਾ ਪੱਖ ਨਹੀਂ ਪੂਰਿਆ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਲਈ ਰੱਖੀ ਰੈਲੀ ਦੌਰਾਨ ਅਕਾਲੀ ਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਟੇਜ ‘ਤੇ ਬੁਲਾ ਕੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ।
ਸ.ਰੰਧਾਵਾ ਨੇ ਕਿਹਾ ਕਿ ਅੱਜ ਅਕਾਲੀ ਦਲ ਕੋਲ ਸੁਨਹਿਰੀ ਮੌਕਾ ਸੀ ਜਦੋਂ ਕੇਂਦਰ ਵਿੱਤ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੰਜਾਬ ਦੀਆਂ ਮੰਗਾਂ ਰੱਖੀਆਂ ਜਾਂਦੀਆਂ ਪ੍ਰੰਤੂ ਅਕਾਲੀ ਦਲ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਿੱਚ ਅਸਫਲ ਰਿਹਾ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਕਈ ਵਾਰ ਵੋਟਾਂ ਖਾਤਰ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਮਤੇ ਪਾਸ ਕੀਤੇ ਹਨ ਪ੍ਰੰਤੂ ਜੇ ਉਨ੍ਹਾਂ ਦੀ ਨੀਅਤ ਸਾਫ ਹੁੰਦੀ ਤਾਂ ਅੱਜ ਪ੍ਰਧਾਨ ਮੰਤਰੀ ਕੋਲ ਚੰਡੀਗੜ੍ਹ ਦੇ ਹੱਲ ਲਈ ਅਪੀਲ ਕਰਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ ਰਾਜਸੀ ਰੋਟੀਆਂ ਸੇਕਣੀਆਂ ਹਨ, ਪੰਜਾਬ ਦੇ ਹਿੱਤਾਂ ਨਾਲ ਕੋਈ ਸਬੰਧ ਨਹੀਂ ਹੈ।