ਸਾਹੀਵਾਲ ਤੇ ਗੀਰ ਗਾਵਾਂ ਅਤੇ ਮੁਰ੍ਹਾ ਤੇ ਨੀਲੀ ਰਾਵੀ ਮੱਝਾਂ ਦੀਆਂ ਕਿਸਮਾਂ ਨੂੰ ਕੀਤਾ ਜਾਵੇਗਾ ਉਤਸ਼ਾਹਤ
ਬੀਟਲ ਨਸਲ ਦੀਆਂ ਬੱਕਰੀਆਂ ਤੇ ਕੜਕਨਾਥ ਮੁਰਗਿਆਂ ਦੀ ਨਸਲ ਵੀ ਕੀਤੀ ਜਾਵੇਗੀ ਪ੍ਰਚਲਿਤ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦੇਸੀ ਨਸਲ ਦੀਆਂ ਸਾਹੀਵਾਲ ਤੇ ਗੀਰ ਗਾਵਾਂ ਅਤੇ ਮੁਰ੍ਹਾ ਤੇ ਨੀਲੀ ਰਾਵੀ ਮੱਝਾਂ, ਬੀਟਲ ਬੱਕਰੀ ਤੇ ਦੇਸੀ ਮੁਰਗੇ ਦੀਆਂ ਕੜਕਨਾਥ ਵਰਗੀਆਂ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਹ ਜਾਣਕਾਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਫਾਰਮਰਜ਼ ਹੈਲਪ ਸੁਸਾਇਟੀ, ਧੀਰਾ ਪੱਤਰਾ ਦੇ ਨੁਮਾਇੰਦਿਆਂ ਨਾਲ ਸੰਖੇਪ ਮਿਲਣੀ ਦੌਰਾਨ ਦਿੱਤੀ।
ਸ੍ਰੀ ਸਿੱਧੂ ਨੇ ਕਿਹਾ ਕਿ ਦਿਨੋਂ ਦਿਨ ਵਧਦੀ ਜਾ ਰਹੀ ਆਲਮੀ ਤਪਸ ਕਾਰਨ ਪੈਦਾ ਹੋ ਰਹੀਆਂ ਅਲਾਮਤਾਂ ਹਰੇ ਚਾਰੇ ਹੇਠ ਸੁੰਗੜਦੀ ਜਾ ਰਹੀ ਵਾਹੀਯੋਗ ਜ਼ਮੀਨ ਅਤੇ ਗੁਣਵੱਤਾ ਭਰਪੂਰ ਦੁੱਧ ਅਤੇ ਮੀਟ ਪਦਾਰਥਾਂ ਦੀ ਵਧਦੀ ਮੰਗ ਕਾਰਨ ਹੁਣ ਵਲਾਇਤੀ ਕਿਸਮ ਦੇ ਪਸ਼ੂ ਧੰਨ ਨੂੰ ਉਤਸ਼ਾਹਿਤ ਕਰਨ ਦੀ ਥਾਂ ਦੇਸੀ ਨਸਲ ਦੇ ਪਸ਼ੂ ਧੰਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸੀ ਗਾਵਾਂ ਅਤੇ ਮੱਝਾਂ ਦੇ ਡੇਅਰੀ ਫਾਰਮਾਂ ਉੱਤੇ ਸਬਸਿਡੀ ਤੋਂ ਇਲਾਵਾ ਬੈਕਯਾਰਡ ਪੋਲਟਰੀ ਵਿੱਚ ਦੇਸੀ ਮੁਰਗੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਬੀਟਲ ਨਸਲ ਦੀਆਂ ਬੱਕਰੀਆਂ ਦੇ ਯੂਨਿਟ ਸਥਾਪਤ ਕੀਤੇ ਜਾਣਗੇ। ਉੱਤਮ ਨਸਲ ਦੇ ਸਾਹੀਵਾਲ ਅਤੇ ਗੀਰ ਦੇ ਸੀਮਨ ਮੌਜੂਦਾ ਗਾਵਾਂ ਦੀ ਨਸਲ ਸੁਧਾਰਨ ਲਈ ਵਰਤਣ ਤੋਂ ਇਲਾਵਾ ਦੂਜੇ ਮੁਲਕਾਂ ਜਿਵੇਂ ਕਿ ਬ੍ਰਾਜ਼ੀਲ ਅਤੇ ਆਸਟਰੇਲੀਆ ਵਰਗੇ ਮੋਹਰੀ ਮੁਲਕਾਂ ਨਾਲ ਰਾਬਤਾ ਕਾਇਮ ਕਰਕੇ ਨਸਲ ਸੁਧਾਰ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਛੋਟੇ ਅਤੇ ਬੇਜ਼ਮੀਨੇ ਕਿਸਾਨ ਆਪਣੀਆਂ ਘਰਾਂ ਦੀਆਂ ਰੋਜ਼ਾਨਾ ਲੋੜਾਂ ਬੱਕਰੀਆਂ ਅਤੇ ਦੇਸੀ ਨਸਲ ਦੇ ਮੁਰਗੇ ਮੁਰਗੀਆਂ ਪਾਲ ਕੇ ਅਤੇ ਉਨ੍ਹਾਂ ਦਾ ਮੰਡੀਕਰਨ ਕਰ ਕੇ ਪੂਰੀਆਂ ਕਰ ਸਕਦੇ ਹਨ।
ਇਸ ਮੌਕੇ ਉਨ੍ਹਾਂ ਫਾਰਮਰਜ਼ ਹੈਲਪ ਸੁਸਾਇਟੀ ਧੀਰਾ ਪੱਤਰਾ, ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਕੁਦਰਤੀ ਖੇਤੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਸੁਸਾਇਟੀ ਦੇ ਦੌਰੇ ਦੌਰਾਨ ਵੇਖਿਆ ਹੈ ਕਿ ਇਹ ਸੁਸਾਇਟੀ ਅਤੇ ਇਸ ਦੇ ਮੈਂਬਰ ਜ਼ੀਰੋ ਬਜਟ ਖੇਤੀ ਕਰਦੇ ਹਨ। ਦੇਸੀ ਨਸਲ ਦੇ ਪਸ਼ੂ ਧੰਨ ਦੇ ਮਲ ਮੂਤਰ ਨੂੰ ਕੁਦਰਤੀ ਖਾਦ ਅਤੇ ਵਰਮੀ ਕੰਪੋਸਟ ਵਿੱਚ ਬਦਲ ਕੇ ਬਿਨਾਂ ਰਸਾਇਣਕ ਰੇਹ ਤੇ ਸਪਰੇਅ ਦੇ ਹਰਾ ਚਾਰਾ ਕਣਕ ਅਤੇ ਸਬਜ਼ੀਆਂ ਪੈਦਾ ਕਰਦੇ ਹਨ, ਜਿਨ੍ਹਾਂ ਦੀ ਮਾਰਕੀਟ ਵਿੱਚ ਮੰਗ ਬਹੁਤ ਜ਼ਿਆਦਾ ਹੈ। ਪਸ਼ੂਆਂ ਦੇ ਮਲ ਮੂਤਰ ਤੋਂ ਜੀਵ ਅੰਮ੍ਰਿਤ ਤਿਆਰ ਕਰ ਕੇ ਹਾਨੀਕਾਰਕ ਕੀਟਾਂ ਦੇ ਨਾਸ ਲਈ ਹਰਬਲ ਸਪਰੇਅ ਵਜੋਂ ਵਰਤੋਂ ਕਰਦੇ ਹਨ ਅਤੇ ਗੁਣਵੱਤਾ ਭਰਪੂਰ ਫਲ ਅਤੇ ਸਬਜ਼ੀਆਂ ਪੈਦਾ ਕਰਦੇ ਹਨ।
ਪਸ਼ੂ ਪਾਲਣ ਮੰਤਰੀ ਨੇ ਜਿੱਥੇ ਫਾਰਮਰਜ਼ ਹੈਲਪ ਸੁਸਾਇਟੀ ਨੂੰ ਪੰਜਾਬ ਦੇ ਸਮੂਹ ਕਿਸਾਨਾਂ ਵਿੱਚ ਚੇਤਨਾ ਪੈਦਾ ਕਰਨ ਅਤੇ ਕੁਦਰਤੀ ਖੇਤੀ ਨਾਲ ਜੋੜਨ ਲਈ ਹੋਰ ਵਧੇਰੇ ਯੋਗਦਾਨ ਪਾਉਣ ਲਈ ਕਿਹਾ, ਉੱਥੇ ਮੌਕੇ ‘ਤੇ ਹਾਜ਼ਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੇ ਹੋਰ ਗਰੁੱਪ ਸਥਾਪਤ ਕਰਨ ਅਤੇ ਦੇਸੀ ਨਸਲ ਦੇ ਪਸ਼ੂ ਧੰਨ ਦੇ ਵਿਸਥਾਰ ਲਈ ਅਸਰ ਭਰਪੂਰ ਸਕੀਮਾਂ ਬਣਾਉਣ ਅਤੇ ਲਾਗੂ ਕਰਨ ਦੀ ਹਦਾਇਤ ਕੀਤੀ। ਇਸ ਮਿਲਣੀ ਵਿੱਚ ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ ਡਾ. ਜੀ ਵਜਰਾਲਿੰਗਮ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਅਤੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਤੇ ਵਾਰਡਨ ਡਾ. ਮਦਨ ਮੋਹਨ ਹਾਜ਼ਰ ਸਨ।