ਦੋਹਾਂ ਦਾ ਸਾਥ ਦੇਵੇਗਾ ਜਿੰਮੀ ਸ਼ੇਰਗਿੱਲ
ਫ਼ਿਰ ਇੱਕੱਠੇ ਨਜ਼ਰ ਆਉਣਗੇ ਕੰਗਨਾ ਤੇ ਜਿੰਮੀ
ਕੰਗਨਾ ਰਨੌਤ ਅਤੇ ਰਾਜਕੁਮਾਰ ਰਾਓ ਦੀ ਅਗਲੀ ਫ਼ਿਲਮ ਮੈਂਟਲ ਹੈ ਕਿਆ ਦਾ ਐਲਾਨ ਹੋਣ ਤੋਂ ਬਾਅਦ ਇਨ੍ਹਾਂ ਦੋਹਾਂ ਸਟਾਰਜ਼ ਦੇ ਫ਼ੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬੇਤਾਬ ਹੋ ਰਹੇ ਹਨ। ਹਾਲ ਹੀ ‘ਚ ਇਸ ਫ਼ਿਲਮ ਦੇ ਪੋਸਟਰਜ਼ ਵੀ ਰਿਲੀਜ਼ ਕੀਤੇ ਗਏ ਸਨ ਜਿਨ੍ਹਾਂ ਨੇ ਦਰਸ਼ਕਾਂ ਅੰਦਰ ਫ਼ਿਲਮ ਲਈ ਉਤਸੁਕਤਾ ਹੋਰ ਵੀ ਵਧਾ ਦਿੱਤੀ ਹੈ। ਹੁਣ ਫ਼ਿਲਮ ਮੇਂਟਲ ਹੈ ਕਿਆ ‘ਚ ਇੱਕ ਹੋਰ ਅਦਾਕਾਰ ਦੀ ਐਂਟਰੀ ਹੋ ਗਈ ਹੈ ਜੋ ਫ਼ਿਲਮ ਲਈ ਹੋਰ ਵੀ ਚੰਗੀ ਗੱਲ ਹੈ। ਕੰਗਨਾ ਅਤੇ ਰਾਜਕੁਮਾਰ ਦਾ ਸਾਥ ਇਸ ਫ਼ਿਲਮ ਵਿੱਚ ਹੁਣ ਅਦਾਕਾਰ ਜਿੰਮੀ ਸ਼ੇਰਗਿੱਲ ਦੇਣ ਜਾ ਰਿਹਾ ਹੈ ਜਿਸ ਨਾਲ ਇਹ ਫ਼ਿਲਮ ਹੋਰ ਵੀ ਮਜ਼ਬੂਤ ਹੋ ਜਾਵੇਗੀ। ਫ਼ਿਲਹਾਲ ਅਜੇ ਇਸ ਦੀ ਸ਼ੂਟਿੰਗ ਇੰਗਲੈਂਡ ‘ਚ ਚੱਲ ਰਹੀ ਹੈ। ਇਹ ਫ਼ਿਲਮ ਏਕਤਾ ਕਪੂਰ ਅਤੇ ਸੈਲੇਸ਼ ਆਰ. ਸਿੰਘ ਦੁਆਰਾ ਬਣਾਈ ਜਾ ਰਹੀ ਹੈ ਜਦਕਿ ਫ਼ਿਲਮ ਦਾ ਨਿਰਦੇਸ਼ਨ ਪ੍ਰਕਾਸ਼ ਕੋਵੇਲਾਮੁਡੀ ਕਰ ਰਹੇ ਹਨ। ਮੈਂਟਲ ਹੈ ਕਿਆ ‘ਚ ਕੰਗਨਾ, ਰਾਜਕੁਮਾਰ ਅਤੇ ਜਿੰਮੀ ਤੋਂ ਇਲਾਵਾ ਅਮਾਰਿਆ ਦਸਤੂਰ ਅਤੇ ਨੁਸਰਤ ਭਰੂਚਾ ਵੀ ਅਹਿਮ ਕਿਰਦਾਰ ਨਿਭਾਉਂਦੀਆਂ ਨਜ਼ਰ ਆਉਣ ਵਾਲੀਆਂ ਹਨ। ਜਿੰਮੀ ਇਸ ਫ਼ਿਲਮ ਨਾਲ ਜੁੜਕੇ ਕਾਫ਼ੀ ਉਤਸ਼ਾਹਿਤ ਹੈ। ਨਿਰਦੇਸ਼ਕ ਪ੍ਰਕਾਸ਼ ਨਾਲ ਪਹਿਲੀ ਵਾਰ ਕੰਮ ਕਰਨ ਜਾ ਰਹੇ ਜਿੰਮੀ ਨੇ ਕਿਹਾ ਕਿ ਪ੍ਰਕਾਸ਼ ਚੰਗੇ ਇਨਸਾਨ ਹਨ ਉਨ੍ਹਾਂ ਨਾਲ ਕਿਸੇ ਫ਼ਿਲਮ ‘ਚ ਕੰਮ ਕਰਨਾ ਸੱਚਮੁੱਚ ਮਜ਼ੇਦਾਰ ਹੋਵੇਗਾ। ਉਥੇ ਹੀ ਕੰਗਨਾ ਬਾਰੇ ਜਿੰਮੀ ਦਾ ਕਹਿਣਾ ਹੈ ਕਿ ਉਹ ਅੱਜ ਦੀਆਂ ਚੰਗੀਆਂ ਅਭਿਨੇਤਰੀਆਂ ‘ਚੋਂ ਇੱਕ ਹੈ। ਉਹ ਦੋਵੇਂ ਕਲਾਕਾਰਾਂ ਦੇ ਰੂਪ ‘ਚ ਇੱਕ-ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ।