ਸੱਥ ਵੱਲ ਨੂੰ ਇਕੱਠ ਕਰੀ ਆਉਂਦੇ ਬੰਦਿਆਂ ਨੂੰ ਵੇਖ ਕੇ ਬਾਬੇ ਚੰਨਣ ਸਿਉਂ ਨੇ ਨਾਲ ਬੈਠੇ ਪ੍ਰਤਾਪੇ ਭਾਊ ਨੂੰ ਪੁੱਛਿਆ, ”ਕਿਉਂ ਭਾਊ! ਆਹ ਸਦਾਗਰ ਬੁੜ੍ਹੇ ਅਰਗੇ ਕਾਹਦਾ ‘ਕੱਠ ਕਰੀ ਫ਼ਿਰਦੇ ਐ ਜਿਮੇਂ ਕਿਸੇ ਦੀ ਰੋਪਣਾ ਤੋਂ ਆਏ ਹੁੰਦੇ ਐ। ਕਿਤੇ ਵੋਟਾਂ ਵਾਟਾਂ ਤਾਂ ਨ੍ਹੀ ਆਗੀਆਂ ਫ਼ੇਰ?”
ਪ੍ਰਤਾਪਾ ਭਾਊ ਤਾਂ ਅਜੇ ਬਾਬੇ ਚੰਨਣ ਸਿਉਂ ਦੀ ਗੱਲ ਹੀ ਸੁਣਦਾ ਰਹਿ ਗਿਆ, ਨਾਥਾ ਅਮਲੀ ਪਹਿਲਾਂ ਹੀ ਖੜਕ ਪਿਆ ਦੁੱਧ ਵਾਲੇ ਖਾਲੀ ਢੋਲ ਵਾਂਗੂੰ, ”ਇਨ੍ਹਾਂ ‘ਚੋਂ ਕਿਹੜਾ ਵੋਟਾਂ ‘ਚ ਉੱਠਣ ਆਲਾ, ਦੱਸੀਂ ਖਾਂ ਬਾਬਾ। ਆਹ ਸਦਾਗਰ ਬੁੜ੍ਹੇ ਨੂੰ ਘਰੇ ਤਾਂ ਕੋਈ ਢਾਈਆਂ ਆਨਿਆਂ ਦੇ ਵਾਜੇ ਆਂਗੂੰ ਪੁੱਛਦਾ ਨ੍ਹੀ, ਪਿੰਡ ‘ਚ ਇਹੇ ਖੱਬਿਆਂ ਆਲਾ ਪ੍ਰਸਿੰਨਾਂ ਬਣਿਆਂ ਫ਼ਿਰਦਾ ਜਿਮੇਂ ਗਾਹਾਂ ਕੰਦੂਖੇੜੇ ਆਲਾ ਵਜੀਰੀ ਮੋਹਤਮ ਹੁੰਦੈ।”
ਬਾਬਾ ਚੰਨਣ ਸਿਉਂ ਅਮਲੀ ਨੂੰ ਕਹਿੰਦਾ, ”ਕੰਦੂ ਖੇੜੇ ਆਲਾ ਮੋਹਤਮ ਕਿਹੜਾ ਅਮਲੀਆ ਓਏ। ਆਹ ਨਮਾਂ ਈ ਕੱਢ ਧਰਿਆ ਸੱਪ ਤੈਂ।”
ਬੁੱਘਰ ਦਖਾਣ ਮਾਹਲੇ ਨੰਬਰਦਾਰ ਦੇ ਕੰਨ ਕੋਲ ਮੂੰਹ ਕਰ ਕੇ ਕਹਿੰਦਾ, ”ਮੋਹਤਮ ਕੀਹਨੂੰ ਕਹਿੰਦਾ ਨੰਬਰਦਾਰਾ ਇਹੇ?”
ਬੁੱਘਰ ਦਖਾਣ ਵਲੋਂ ਮਾਹਲੇ ਨੰਬਰਦਾਰ ਦੇ ਕੰਨ ‘ਚ ਕੀਤੀ ਘੁਸਰ ਘੁਸਰ ਸੁਣ ਕੇ ਨਾਥਾ ਅਮਲੀ ਬੁੱਘਰ ਦਖਾਣ ਨੂੰ ਕਹਿੰਦਾ, ”ਤੈਨੂੰ ਮੋਹਤਮ ਦਾ ਨ੍ਹੀ ਪਤਾ ਓਏ ਕੀਹਨੂੰ ਕਹਿੰਦੇ ਐ?”
ਬੁੱਘਰ ਦਖਾਣ ਕਹਿੰਦਾ, ”ਜੇ ਮੈਨੂੰ ਪਤਾ ਹੁੰਦੈ ਤਾਂ ਨੰਬਰਦਾਰ ਨੂੰ ਕਾਹਤੋਂ ਪੁੱਛਦਾ ਮੈਂ। ਨਿੱਤ ਤਾਂ ਨਮਾਂ ਕੱਛ ‘ਚੋਂ ਮੂੰਗਲਾ ਕੱਢ ਧਰਦੈਂ ਤੂੰ।”
ਅਮਲੀ ਕਹਿੰਦਾ, ”ਮੈਂ ਦੱਸਾਂ ਫ਼ਿਰ ਮੋਹਤਮ ਕੀਹਨੂੰ ਕਹਿੰਦੇ ਹੁੰਦੇ ਐ?”
ਬਾਬਾ ਚੰਨਣ ਸਿਉਂ ਅਮਲੀ ਨੂੰ ਕਹਿੰਦਾ, ”ਅਮਲੀਆ ਮੋਹਮਤ ਮਾਹਤਮ ਆਲੀ ਗੱਲ ਤਾਂ ਤੂੰ ਛੱਡ, ਆਹ ਆਪਣੇ ਗੁਆੜ ਆਲੇ ਦੱਮਣ ਬਿੰਬਰ ਦਾ ਮੁੰਡਾ ਕਹਿੰਦੇ ਪੜ੍ਹਣ ਗਿਆ ਕਨੇਡਿਉਂ ਮੁੜ ਵੀ ਆਇਆ। ਹਜੇ ਡੂਢ ਤਾਂ ਮਹੀਨਾ ਹੋਇਆ ਗਏ ਨੂੰ, ਐਡੀ ਛੇਤੀ ਕਿਹੜਾ ਕੋਕ ਪੜ੍ਹ ਆਇਆ?”
ਸੀਤਾ ਮਰਾਸੀ ਬਾਬੇ ਚੰਨਣ ਸਿਉਂ ਦੀ ਗੱਲ ਸੁਣ ਕੇ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਡੂਢ ਮਹੀਨੇ ਆਲਾ ਕੋਰਸ ਕਾਰਸ ਹੋਣੈ ਕੋਈ ਜਿਹੜਾ ਕਰਨ ਗਿਆ ਹੋਣੈ, ਕਰ ਆਇਆ।”
ਬੰਤੇ ਬੁੜ੍ਹੇ ਨੇ ਮਰਾਸੀ ਨੂੰ ਪੁੱਛਿਆ, ”ਉਹ ਕਿਹੜਾ ਕੋਰਸ ਹੁੰਦਾ ਮੀਰ ਡੂਢ ਮਹੀਨੇ ਆਲਾ ਓਏ?”
ਨਾਥਾ ਅਮਲੀ ਬੰਤੇ ਬੁੜ੍ਹੇ ਨੂੰ ਕਹਿੰਦਾ, ”ਜਿਹੜਾ ਕੋਰਸ ਬਿੰਬਰ ਦੇ ਮੁੰਡੇ ਨੇ ਐਥੇ ਕੀਤਾ ਸੀ, ਉਹੀ ਓੱਥੇ ਕਰ ਆਇਆ ਹੋਣਾ। ਡੂਢ ਮਹੀਨੇ ‘ਚ ਤਾਂ ਚੜਪਾਸੀ ਮਨ੍ਹੀ ਲੱਗ ਹੁੰਦਾ, ਸਤੀਲਦਾਰ ਕਿਹੜਾ ਬਣਾ ਦੂੰ ਇਹੋ ਜੀ ਲੜਾਈ ਦੀ ਪੰਡ ਨੂੰ।”
ਬਾਬਾ ਚੰਨਣ ਸਿਉਂ ਅਮਲੀ ਨੂੰ ਕਹਿੰਦਾ, ”ਐਥੇ ਕਿਹੜਾ ਕੋਰਸ ਕੀਤਾ ਅਮਲੀਆ ਓਏ ਓਹਨੇ?”
ਅਮਲੀ ਬਾਬੇ ਨੂੰ ਕਹਿੰਦਾ, ”ਤੂੰ ਵੀ ਬਾਬਾ ਗੱਲ ਦਾ ਸੁਆਦ ਲੈਣ ਦਾ ਮਾਰਾ ਘਊਂ ਮਊਂ ਈਂ ਹੋ ਜਾਨੈਂ ਜਿਮੇਂ ਤੈਨੂੰ ਕਿਸੇ ਗੱਲ ਦਾ ਪਤਾ ਈ ਨ੍ਹੀ ਹੁੰਦਾ।”
ਮਾਹਲਾ ਨੰਬਰਦਾਰ ਅਮਲੀ ਨੂੰ ਬਾਂਹੋਂ ਫ਼ੜ ਕੇ ਝੰਜੋੜ ਕੇ ਕਹਿੰਦਾ, ”ਦੱਸ ਦੇ ਖਾਂ ਓਏ ਵਿੰਗਿਆ ਜਿਆ ਕਿਹੜਾ ਕੋਰਸ ਐ?”
ਅਮਲੀ ਕਹਿੰਦਾ, ”ਕੋਰਸ ਕਾਹਦਾ ਕਰ ਕੇ ਆਇਆ ਉਹਨੇ ਤਾਂ ਪਤੰਦਰ ਨੇ ਕਨੇਡੇ ਪੜ੍ਹਣ ਆਲਿਆਂ ਨੂੰ ਸਾਰਿਆਂ ਨੂੰ ਇਉਂ ਟੰਗ ‘ਤਾ ਜੰਡ ‘ਤੇ ਜਿਮੇਂ ਬਾਬੇ ਗੰਤੇ ਨੂੰ ਰਾਹਗੀਰ ਕੁੜੀ ਨੇ ਟੰਗਣਾਂ ਬਣਾ ‘ਤਾ ਸੀ। ਵੀਹ ਬਾਈ ਸਾਲ ਹੋ ਗੇ ਏਸ ਗੱਲ ਨੂੰ, ਹੁਣ ਵੀ ਗੰਤੇ ਨੂੰ ਟੰਗਣਾਂ ਈਂ ਕਹਿੰਦਾ ਸਾਰਾ ਪਿੰਡ। ਜੇ ਕੋਈ ਗੰਤੇ ਕੇ ਘਰ ਦੀ ਜਾਂ ਟੱਬਰ ਦੇ ਕਿਸੇ ਜੀਅ ਦੀ ਪਿੰਡ ‘ਚ ਕੋਈ ਗੱਲ ਕਰੂ ਤਾਂ ਕਹਿਣਗੇ ਟੰਗਣਿਆਂ ਦੇ। ਆਹ ਗੱਲ ਗੰਤੇ ਟੰਗਣੇ ਕੀ, ਆਹ ਕੰਮ ਗੰਤੇ ਟੰਗਣੇ ਕੇ। ਸਾਰਾ ਪਿੰਡ ਟੰਗਣਾਂ ਟੰਗਣਾਂ ਈ ਕਹੀ ਜਾਂਦੈ।”
ਸੀਤਾ ਮਰਾਸੀ ਕਹਿੰਦਾ, ”ਇਹਦਾ ਮਤਲਬ ਤਾਂ ਫ਼ਿਰ ਓਮੇਂ ਈਂ ਦੱਮਣ ਬਿੰਬਰ ਦਾ ਮੁੰਡਾ ਹੁਣ ਛੋਟਾ ਟੰਗਣਾ ਬਣ ਗਿਆ ਹੈਂ?”
ਅਮਲੀ ਕਹਿੰਦਾ, ”ਇਹੋ ਜੇ ਤਾਂ ਆਪਣੇ ਪਿੰਡ ‘ਚ ਹੋਰ ਵੀ ਬਹੁਤ ਐ ਟੰਗਣੇ।”
ਤਾਰੇ ਮੋਹਰੇ ਕਾ ਚੰਨਾਂ ਕਹਿੰਦਾ, ”ਆਪਣੇ ਗੁਆੜ ਆਲੇ ਤਾਂ ਪਿੰਡ ‘ਚੋਂ ਜਿਹੜਾ ਦੋ ਮਹੀਨੇ ਜੇਲ੍ਹ ਕੱਟ ਆਉਂਦਾ, ਉਹਦਾ ਟੰਗਣਾਂ ਨਾਂ ਧਰ ਈ ਲੈਂਦੇ ਐ, ਬਈ ਟੰਗ ‘ਤਾ।”
ਅਮਲੀ ਕਹਿੰਦਾ, ”ਇਹ ਗੱਲ ਦਾ ਵੀ ਕੋਈ ਹੱਲ ਕਰਨਾ ਪੈਣੈ, ਨਹੀਂ ਤਾਂ ਟੰਗਣਿਆਂ ਦਾ ਵੱਜਣ ਲੱਗ ਜੂ ਸਾਰਾ ਪਿੰਡ, ਕਿਸੇ ਨੇ ਸਾਕ ਮਨ੍ਹੀ ਕਰਨਾ, ਨਾ ਈ ਆਪਣੀਆਂ ਕੁੜੀਆਂ ਦਾ ਕਿਸੇ ਨੇ ਸਾਕ ਲੈਣਾ ਬਈ ਜੇ ਏਸ ਪਿੰਡ ਦੀ ਕੁੜੀ ਵਿਆਹ ਲੀ ਤਾਂ ਹੋਰ ਨਾ ਕਿਤੇ ਜਾਂਦੀਉਂ ਈ ਸਾਰੇ ਟੱਬਰ ਨੂੰ ਟੰਗ ਦੇ।”
ਮਰਾਸੀ ਕਹਿੰਦਾ, ”ਅਗਲੇ ਤਾਂ ਕਹਿਣਗੇ ਈ ਜਦੋਂ ਪੁੱਠੇ ਪੰਗੇ ਲੈਂਦੇ ਐ। ਬੁੜ੍ਹੀਆਂ ਤਾਂ ਆਪਣੇ ਪਿੰਡ ਆਲੀਆਂ ਪਾਥੀਆਂ ਗੁਹਾਰਿਆਂ ਪਿੱਛੇ ਲੜ ਪੈਂਦੀਐਂ, ਬੰਦੇ ਜੁਆ ਤਾਸ਼ ਖੇਡਦੇ ਲੜ ਪੈਂਦੇ ਐ, ਟੰਗਣਾਂ ਨਾ ਕਹਿਣ ਤਾਂ ਹੋਰ ਕੀ ਕਹਿਣ ਬਈ?”
ਬਾਬਾ ਚੰਨਣ ਸਿਉਂ ਅਮਲੀ ਨੂੰ ਕਹਿੰਦਾ, ”ਤੂੰ ਗੰਤੇ ਕਿਆਂ ਆਲੀ ਟੰਗਣੇ ਦੀ ਗੱਲ ਸਣਾ ਯਾਰ ਹੋਰ ਈ ਗਾਜਰਾਂ ‘ਚ ਗਧਾ ਵਾੜੀ ਫ਼ਿਰਦੇ ਐਂ।”
ਅਮਲੀ ਬਾਬੇ ਚੰਨਣ ਸਿਉਂ ਨੂੰ ਕਹਿੰਦਾ, ”ਉਰ੍ਹੇ ਨੂੰ ਹੋ ਜਾ ਫ਼ਿਰ ਜੇ ਗੰਤੇ ਟੰਗਣੇ ਕੀ ਗੱਲ ਸੁਣਨੀ ਐਂ ਤਾਂ।”
ਸੀਤਾ ਮਰਾਸੀ ਬਾਬੇ ਚੰਨਣ ਸਿਉਂ ਨੂੰ ਅਮਲੀ ਵਿੱਚਦੀ ਗੱਲ ਕੱਢ ਕੇ ਟਿੱਚਰ ‘ਚ ਕਹਿੰਦਾ, ”ਮਾੜਾ ਜਾ ਦੂਰ ਹੋ ਕੇ ਬੈਠੀਂ ਬਾਬਾ, ਗੱਲ ਸਣਾਉਂਦਾ ਸਣਾਉਂਦਾ ਤਾਅ ‘ਚ ਆ ਕੇ ਨਾਲ ਬੈਠੇ ਬੰਦੇ ਦੇ ਲਫ਼ੇੜਾ ਵੀ ਮਾਰਦਾ ਇਹੇ। ਹੋਰ ਨਾ ਕਿਤੇ ਹੋਰ ਈ ਕੋਈ ਜਾਹ ਜਾਂਦੀ ਕਰ ਦੇ। ਟੱਬਰ ਘਰੇ ਰੋਟੀ ਖਾਣ ਨੂੰ ‘ਡੀਕੀ ਜਾਂਦਾ ਹੋਵੇ ਤੇ ਤੂੰ ਘੰਡੀ ਭਨਾ ਕੇ ਭੀਮਸੈਨ ਡਾਕਦਾਰ ਦੇ ਬੂ-ਦਹਾਈ ਪਾਈ ਜਾਂਦਾ ਹੋਮੇਂ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਇਉਂ ਟੁੱਟ ਕੇ ਪੈ ਗਿਆ ਜਿਮੇਂ ਨਹਿੰਗ ਸਿੰਘ ਘੋੜਿਆਂ ‘ਤੇ ਅਨੰਦਪੁਰ ਸਾਹਿਬ ਨੂੰ ਜਾਂਦੇ ਦਿਆਲੇ ਬਾਗ ਆਲਿਆਂ ਦੀ ਬਰਸੀਨ ਨੂੰ ਵੱਢਣ ਪੈ ਗਏ ਸੀ।
ਅਮਲੀ ਮਰਾਸੀ ਵੱਲ ਘੂਰੀ ਵੱਟ ਕੇ ਕਹਿੰਦਾ, ”ਅੱਗੇ ਦੱਸੀਂ ਖਾਂ ਮੈਂ ਕਿੰਨਿਆਂ ਕੁ ਦੇ ਲਫ਼ੇੜੇ ਮਾਰੇ ਐ ਓਏ। ਸਾਲਿਆ ਕੰਨ ਖੰਜੂਰਿਆ ਜਿਆ ਕਦੇ ਚੱਜ ਦੀ ਗੱਲ ਵੀ ਕਰ ਲਿਆ ਕਰ।”
ਅਮਲੀ ਨੂੰ ਹਰਖਿਆ ਵੇਖ ਕੇ ਬਾਬਾ ਚੰਨਣ ਸਿਉ ਸੀਤੇ ਮਰਾਸੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਓਏ ਮੀਰ, ਕਿਸੇ ਕੰਜਰ ਦੀ ਵੀ ਗੱਲ ਸੁਣਨ ਦੇ ਦਿਆ ਕਰੋ। ਹੋਰ ਈ ਚੰਗਿਆੜੀ ਸਿੱਟ ਦਿੰਨੇ ਐ ਚੱਲਦੀ ਗੱਲ ‘ਚ।”
ਮਾਹਲਾ ਨੰਬਰਦਾਰ ਵੀ ਗੱਲ ਸੁਣਨ ਦਾ ਮਾਰਾ ਸੀਤੇ ਮਰਾਸੀ ਨੂੰ ਕਹਿੰਦਾ, ”ਸੀਤਾ ਸਿਆਂ ਤੂੰ ਘਰ ਨੂੰ ਜਾਹ ਯਾਰ। ਸਾਨੂੰ ਗੱਲ ਸੁਣ ਲੈਣਦੇ। ਤੇਰੇ ਬੈਠੇ ਨਾਥਾ ਸਿਉਂ ਨੇ ਗੱਲ ਨ੍ਹੀ ਸਣਾਉਣੀ।”
ਬਾਬੇ ਚੰਨਣ ਸਿਉਂ ਨੇ ਫ਼ੇਰ ਦਿੱਤੀ ਅਮਲੀ ਨੂੰ ਥਾਪੀ, ”ਆਪਾਂ ਆਵਦੀ ਰਾਮ ਕਹਾਣੀ ਛੇੜੀਏ ਅਮਲੀਆ, ਗੰਤੇ ਟੰਗਣੇ ਆਲੀ। ਗੰਤੇ ਟੰਗਣੇ ਆਲੀ ਗੱਲ ਆਪਣੀ ਵਿੱਚੇ ਈ ਰਹਿ ਗੀ ਸੀ। ਹੁਣ ਸਣਾ।”
ਅਮਲੀ ਕਹਿੰਦਾ, ”ਇਹ ਗੰਤੇ ਕਾ ਵੱਡਾ ਬੁੜ੍ਹਾ ਉੱਤਮ ਸੀ ਉਹਦਾ ਨਾਂ, ਕਿਤੇ ਲਾਮ੍ਹ ਗਿਆ ਸੀ। ਜਿਹੜੇ ਪਿੰਡ ਗਿਆ ਸੀ ਉਹ ਪਿੰਡ ਕਿਤੇ ਵੱਡੀ ਸੜਕ ਤੋਂ ਕੋਹ ਦੋ ਕੋਹ ਪਿੱਛੇ ਹਟਮਾਂ ਸੀ। ਜਦੋਂ ਬੁੜ੍ਹਾ ਉੱਤਮ ਬੱਸੋਂ ਉੱਤਰ ਕੇ ਤੁਰਿਆ ਤਾਂ ਓਸੇ ਰਾਹ ਈ ਇੱਕ ਵਿਆਹੀ ਹੋਈ ਨੌਜਵਾਨ ਕੁੜੀ ਤੁਰੀ ਜਾਵੇ। ਬੁੜ੍ਹਾ ਉੱਤਮ ਕਹਿੰਦੇ ਉਹਦੇ ਨਾਲ ਰਲ ਗਿਆ। ਕੁੜੀ ਕੋਲੇ ਵੇਖ ਲਾ ਖ਼ਾਸਾ ਸਮਾਨ ਸੀ ਝੋਲੇ ਝਾਲੇ, ਇੱਕ ਕੁੱਛੜ ਜੁਆਕ ਚੱਕਿਆ ਵਿਆ। ਬੁੜ੍ਹਾ ਉੱਤਮ ਉਹ ਕੁੜੀ ਦੇ ਨਾਲ ਰਲ਼ ਕੇ ਕਹਿੰਦਾ ‘ਤੜਕੀ ਐ ਕੁੜੇ ਕੁੜੀਏ? ਐਸੇ ਪਿੰਡ ਈ ਜਾਣੈ ਕੁ ਗਾਹਾਂ ਪਛਾਹਾਂ ਜਾਣੈ’। ਅਕੇ ਕੁੜੀ ਕਹਿੰਦੀ ‘ਐਸੇ ਪਿੰਡ ਈ ਜਾਣਾ ਬਾਬਾ। ਪੇਕਾ ਪਿੰਡ ਆ ਇਹੇ ਮੇਰਾ’। ਬੁੜ੍ਹਾ ਉੱਤਮ ਕਹਿੰਦਾ ‘ਮੈਂ ਵੀ ਏਸੇ ਪਿੰਡ ਈ ਜਾਣੈ’। ਕੁੜੀ ਨੇ ਫ਼ੇਰ ਪੁੱਛਿਆ ‘ਤੂੰ ਕੀਹਦੇ ਘਰੇ ਜਾਣੈ ਬਾਬਾ’? ਬੁੜ੍ਹਾ ਕਹਿੰਦਾ ਸੱਜਣ ਘੜੀਸੇ ਕੇ ਜਾਣਾ’। ਕੁੜੀ ਕਹਿੰਦੀ ‘ਫ਼ੇਰ ਤਾਂ ਬਾਬਾ ਸਾਡੇ ਘਰ ਮੂਹਰਦੀ ਨੰਘਣਾ ਤੈਂ। ਫ਼ੇਰ ਤਾਂ ਇੱਕ ਝੋਲਾ ਈ ਫ਼ੜ ਲਾ ਮੇਰਾ’। ਬੁੜ੍ਹੇ ਨੇ ਬਾਬਾ ਕੁੜੀ ਤੋਂ ਇੱਕ ਝੋਲ਼ਾ ਫ਼ੜ ਲਿਆ। ਥੋੜ੍ਹੀ ਕੁ ਦੂਰ ਜਾ ਕੇ ਕੁੜੀ ਨੇ ਦੂਜਾ ਝੋਲ਼ਾ ਵੀ ਫ਼ੜਾ ‘ਤਾ। ਅੱਧਾ ਕੁ ਕਿੱਲ੍ਹਾ ਜਾ ਕੇ ਕੁੜੀ ਨੇ ਗੱਤੇ ਦਾ ਇੱਕ ਡੱਬਾ ਜਾ ਫ਼ੜਾ ‘ਤਾ। ਕਿੱਲ੍ਹਾ ਕੁ ਵਾਟ ਗਏ ਤੋਂ ਕੁੜੀ ਬੁੜ੍ਹੇ ਉੱਤਮ ਨਾਲ ਗੱਲਾਂ ਮਾਰਦੀ ਮਾਰਦੀ ਕਹਿੰਦੀ ‘ਥੋੜ੍ਹੀ ਕੁ ਵਾਟ ਬਾਬਾ ਜੁਆਕ ਚੱਕੀਂ ਮੇਰੀ ਬਾਂਹ ਥੱਕਗੀ’। ਕੁੜੀ ਨੇ ਬੁੜ੍ਹੇ ਉੱਤਮ ਨੂੰ ਜੁਆਕ ਚਕਾਕੇ ਕਿਤੇ ਪੁੱਛ ਲਿਆ ‘ਬਾਬਾ ਤੇਰਾ ਨਾਉਂ ਕੀ ਐ’? ਅਕੇ ਬੁੜ੍ਹਾ ਉੱਤਮ ਕਹਿੰਦਾ ‘ਮੇਰੇ ਬਾਪੂ ਬੇਬੇ ਨੇ ਤਾਂ ਮੇਰਾ ਨਾਉਂ ਕੁਸ ਹੋਰ ਰੱਖਿਆ ਪਰ ਹੁਣ ਤਾਂ ਤੂੰ ਮੈਨੂੰ ਟੰਗਣਾ ਬਣਾ ‘ਤਾ। ਟੰਗਣਾ ਈ ਸਮਝ ਲਾ ਨਾਉਂ’।”
ਪ੍ਰਤਾਪੇ ਭਾਊ ਨੇ ਅਮਲੀ ਨੂੰ ਪੁੱਛਿਆ, ”ਇਹ ਗੱਲ ਤਾਂ ਪਤਾ ਕਿਮੇਂ ਲੱਗਿਆ ਫ਼ਿਰ ਬਈ ਬੁੜ੍ਹੇ ਨੇ ਕਿਹਾ ਹੁਣ ਤਾਂ ਮੇਰਾ ਨਾਂਅ ਟੰਗਣੈ।”
ਅਮਲੀ ਕਹਿੰਦਾ, ”ਉਹ ਕੁੜੀ ਨੇ ਆਵਦੇ ਘਰੇ ਜਾ ਕੇ ਦੱਸਿਆ ਬਈ ਇਉਂ ਕਰ ਕੇ ਮੈਨੂੰ ਇੱਕ ਬਾਬਾ ਤੁਰਿਆ ਆਉਂਦਾ ਮਿਲਿਆ ਸੀ, ਉਹ ਈ ਮੇਰਾ ਸਾਰਾ ਸਮਾਨ ਚਕਾਕੇ ਲਿਆਇਆ ਵੱਡੀ ਸੜਕ ਤੋਂ। ਸੱਜਣ ਘੜੀਸੇ ਕੇ ਆਇਆ ਉਹੋ। ਉਹ ਕਹਿੰਦਾ ਮੇਰਾ ਨਾਉਂ ਟੰਗਣੈ। ਜਦੋਂ ਕੁੜੀ ਦੇ ਭਰਾ ਸੱਜਣ ਘੜੀਸੇ ਕੇ ਘਰੇ ਜਾ ਕੇ ਬੁੜ੍ਹੇ ਉੱਤਮ ਨੂੰ ਮਿਲ ਕੇ ਆਏ ਤਾਂ ਕੁੜੀ ਦੇ ਭਰਾਮਾਂ ਨੇ ਆ ਕੇ ਕੁੜੀ ਨੂੰ ਦੱਸਿਆ ਬਈ ਉਹਦਾ ਨਾਉਂ ਟੰਗਣਾ ਨ੍ਹੀ, ਉੱਤਮ ਸਿਉਂ ਐਂ ਉਹਦਾ ਨਾਉਂ। ਉਹ ਕਹਿੰਦਾ ‘ਸੋਡੀ ਧੀ ਨੇ ਗੱਲਾਂ ਮਾਰ ਮਾਰ ਸਾਰਾ ਸਮਾਨ ਮੇਰੇ ਮੋਢੇ ‘ਤੇ ਇਉਂ ਟੰਗ ‘ਤਾ ਜਿਮੇਂ ਗਾਹਾਂ ਮੈਂ ਲੀੜੇ ਟੰਗਣ ਆਲਾ ਟੰਗਣਾਂ ਹੁੰਨਾਂ’। ਅਕੇ ਭਰਾ ਕੁੜੀ ਨੂੰ ਘਰੇ ਆ ਕੇ ਕਹਿੰਦੇ ‘ਗੱਡੇ ਦਾ ਭਾਰ ਤਾਂ ਤੂੰ ਵਚਾਰੇ ਬਿਰਧ ਨੂੰ ਚਕਾਅ ‘ਤਾ, ਆਪ ਖ਼ਾਲੀ ਹੱਥ ਇਉਂ ਤੁਰੀ ਆਈ ਹੋਮੇਂਗੀ ਜਿਮੇਂ ਗਾਹਾਂ ਨਾਨਕਾ ਮੇਲ ‘ਚ ਆਈ ਹੁੰਨੀ ਐਂ। ਟੰਗਣਾਂ ਈਂ ਦੱਸਣਾ ਸੀ ਉਹਨੇ ਆਵਦਾ ਨਾਂਅ ਹੋਰ ਕੀ ਕਹਿੰਦਾ। ਆਹ ਗੱਲ ਦੱਸਦੇ ਹੁੰਦੇ ਐ ਬਾਬਾ। ਤਾਂ ਕਰ ਕੇ ਗੰਤੇ ਕਿਆਂ ਨੂੰ ਟੰਗਣੇ ਕਹਿੰਦਾ ਸਾਰਾ ਪਿੰਡ।”
ਬੁੱਘਰ ਦਖਾਣ ਕਹਿੰਦਾ, ”ਕੇਰਾਂ ਮੈਂ ਗੰਤੇ ਕੇ ਘਰੇ ਆਵਦੇ ਮੁੰਡੇ ਦੀ ਜੰਨ ਜਾਣ ਨੂੰ ਕਹਿਣ ਗਿਆ। ਮੇਰੇ ਮਗਰੇ ਈ ਬਾਹਰੋਂ ਕਿਤੋਂ ਲਾਮ੍ਹੋਂ ਦੋ ਬੰਦੇ ਗੰਤੇ ਕੇ ਘਰੇ ਆ ਕੇ ਕਹਿੰਦੇ, ‘ਭਾਈ ਗੰਤਾ ਸਿਉਂ ਟੰਗਣੇ ਕਾ ਘਰ ਇਹੋ ਈ ਐ’ ਜਦੋਂ ਉਨ੍ਹਾਂ ਨੇ ਇਹ ਗੱਲ ਕਹੀ ਤਾਂ ਗੰਤੇ ਕੀ ਬੁੜ੍ਹੀ ਤਾਂ ਪੈ ਗੀ ਉਨ੍ਹਾਂ ਦੇ ਗਲ਼। ਕਹੇ ਹਾਂ ਹਾਂ ਸੋਨੂੰ ਕਿਹੜਾ ਭਰਾਮਾਂ ਪਿੱਟਾ ਪੁੱਠੇ ਸਿੱਧੇ ਨਾਉਂ ਦੱਸਦੈ। ਉਹ ਬੰਦੇ ਤਾਂ ਭਾਈ ਬੁੜ੍ਹੀ ਤੋਂ ਡਰਦੇ ਘਰੋਂ ਇਉਂ ਭੱਜੇ ਜਿਮੇਂ ਤੰਦੂਰ ‘ਚ ਫ਼ਸਿਆ ਕਤੂਰਾ ਮਸਾਂ ਈ ਨਿਕਲ ਕੇ ਭੱਜ ਗਿਆ ਹੋਵੇ।”
ਬਾਬਾ ਚੰਨਣ ਸਿਉਂ ਕਹਿੰਦਾ, ”ਤੂੰ ਨ੍ਹੀ ਕੁਸ ਬੋਲਿਆ ਬੁੱਘਰ ਸਿਆਂ?”
ਬੁੱਘਰ ਦਖਾਣ ਕਹਿੰਦਾ, ”ਮੈਂ ਬੁੜ੍ਹੀ ਨੂੰ ਕਿਹਾ, ਤਾਈ! ਪੁੱਛ ਤਾਂ ਲੈਂਦੀ ਬਈ ਭਾਈ ਤੁਸੀਂ ਕੌਣ ਐਂ ਕਿੱਥੋਂ ਆਏ ਐਂ ਕੀ ਕੰਮ ਐਂ? ਤੂੰ ਤਾਂ ਉਨ੍ਹਾਂ ਨੂੰ ਇਉਂ ਕਤਾੜ ਕੇ ਪੈ ਗੀ ਜਿਮੇਂ ਗਾਰੇ ‘ਚ ਲਿੱਬੜੇ ਸੂਰ ਨੂੰ ਭੂਸਰੀ ਗਾਂ ਪੈ ਗੀ ਹੋਵੇ। ਮੈਨੂੰ ਕਹਿੰਦੀ ‘ਤੂੰ ਵੀ ਕਰਦੈਂ ਚੁੱਪ ਕੁ ਨਹੀਂ। ਤੈਨੂੰ ਵੀ ਦੇਮਾਂ ਸੰਧਾਰਾ’।”
ਪ੍ਰਤਾਪਾ ਭਾਊ ਕਹਿੰਦਾ, ”ਤੂੰ ਕੀ ਕਿਹਾ ਫ਼ਿਰ ਬੁੜ੍ਹੀ ਨੂੰ?”
ਅਮਲੀ ਹੱਥ ‘ਤੇ ਹੱਥ ਮਾਰ ਕੇ ਹੱਸ ਕੇ ਕਹਿੰਦਾ, ”ਇਹਨੇ ਕੀ ਕਹਿਣਾ ਸੀ, ਇਹ ਤਾਂ ਆਪ ਡਰਦਾ ਕੰਧੀ ਕੌਲੀਂ ਲੱਗਦਾ ਫ਼ਿਰਦਾ ਹੋਊ ਬਈ ਕਿਤੇ ਬੁੜ੍ਹੀ ਮੇਰੇ ਆਲਾ ਸੰਖ ਨਾ ਪੂਰ ਦੇ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਬਸੰਤ ਮੀਰਾਬ ਦੇ ਘਰੇ ਨਹਿਰੀ ਪਾਣੀ ਦੀ ਵਾਰੀ ਬੰਨ੍ਹਣ ਬਾਰੇ ਅੱਜ ਇਕੱਠ ਹੋ ਰਿਹਾ। ਖਾਨਾ ਤੇ ਫ਼ਫ਼ੜਾ ਪੱਤੀ ਵਾਲੇ ਜਿੰਨੇ ਵੀ ਪਾਣੀ ਦੇ ਹੱਕਦਾਰ ਐ, ਸਾਰੇ ਬਸੰਤ ਮੀਰਾਬ ਦੇ ਘਰੇ ਪਹੁੰਚੋ। ਹੋਕਾ ਸੁਣਦੇ ਸਾਰ ਹੀ ਸਾਰੇ ਜਣੇ ਸੱਥ ‘ਚੋਂ ਉੱਠ ਕੇ ਬਸੰਤ ਮੀਰਾਬ ਦੇ ਘਰ ਨੂੰ ਚੱਲ ਪਏ।