ਫ਼ਿਲਮ ਤੀਨ ਪੱਤੀ 2011 ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਰਧਾ ਕਪੂਰ ਅੱਜਕੱਲ੍ਹ ਬੌਲੀਵੁੱਡ ‘ਚ ਆਪਣੀ ਇੱਕ ਅਲੱਗ ਪਛਾਣ ਕਾਇਮ ਕਰ ਚੁੱਕੀ ਹੈ। ਆਉਣ ਵਾਲੇ ਸਮੇਂ ‘ਚ ਸ਼ਰਧਾ ਕਈ ਹੋਰ ਫ਼ਿਲਮਾਂ ‘ਚ ਨਜ਼ਰ ਆਵੇਗੀ। ਸ਼ਰਧਾ ਦੀਆਂ ਆਉਣ ਵਾਲੀਆਂ ਫ਼ਿਲਮਾਂ ਇਹ ਸਾਫ਼ ਦੱਸਦੀਆਂ ਹਨ ਕਿ ਉਸ ਦੀ ਕਿਸਮਤ ਦੇ ਸਿਤਾਰੇ ਇਸ ਵਕਤ ਪੂਰੀ ਬੁਲੰਦੀ ‘ਤੇ ਹਨ। ਸ਼ਰਧਾ ਨੇ ਇਸਤਰੀ ਫ਼ਿਲਮ ‘ਚ ਪਹਿਲੀ ਵਾਰ ਰਾਜਕੁਮਾਰ ਰਾਓ ਨਾਲ ਅਦਾਕਾਰੀ ਕੀਤੀ ਹੈ। ਇਸ ਬਾਰੇ ਸ਼ਰਧਾ ਦਾ ਕਹਿਣਾ ਹੈ ਕਿ ਰਾਓ ਨਾਲ ਕਿਸੇ ਫ਼ਿਲਮ ‘ਚ ਕੰਮ ਕਰ ਕੇ ਉਸ ਦਾ ਸੁਪਨਾ ਪੂਰਾ ਹੋਣ ਵਾਲੀ ਗੱਲ ਹੈ। ਹਾਲ ਹੀ ‘ਚ ਹੋਏ ਆਈਫ਼ਾ ਐਵਾਰਡਜ਼ ਦੇ ਮੌਕੇ ਉਸ ਨੇ ਇਹ ਸਭ ਕਿਹਾ। ਸ਼ਰਧਾ ਕਪੂਰ ਨੇ ਕਿਹਾ, ”ਉਹ ਪਹਿਲੀ ਵਾਰ ਕਿਸੇ ਹੌਰਰ ਕਾਮੇਡੀ ਫ਼ਿਲਮ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਬਹੁਤ ਮਜ਼ੇਦਾਰ ਰਹੀ ਅਤੇ ਫ਼ਿਲਮ ਦੇ ਹੀਰੋ ਰਾਜਕੁਮਾਰ ਰਾਓ ਬਹੁਤ ਸ਼ਾਨਦਾਰ ਐਕਟਰ ਹਨ, ਉਨ੍ਹਾਂ ਨਾਲ ਇਸ ਫ਼ਿਲਮ ‘ਚ ਕੰਮ ਕਰ ਕੇ ਉਸ ਦਾ ਸੁਪਨਾ ਸੱਚ ਹੋਇਆ ਹੈ। ਮੈਨੂੰ ਰਾਓ ਕੋਲੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।”
ਫ਼ਿਰ ਜਦੋਂ ਸ਼ਰਧਾ ਨੂੰ ਸਾਇਨਾ ਨੇਹਵਾਲ ਦੀ ਬਾਇਓਪਿਕ ਬਾਰੇ ਸਵਾਲ ਪੁੱਛਿਆ ਗਿਆ ਤਾਂ ਸ਼ਰਧਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ”ਅਜੇ ਤਾਂ ਉਹ ਬੱਤੀ ਗੁੱਲ ਮੀਟਰ ਚਾਲੂ ਅਤੇ ਸਾਹੋ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਕਰੇਗੀ। ਇਨ੍ਹਾਂ ਤੋਂ ਬਾਅਦ ਉਹ ਨੇਹਵਾਲ ਦੀ ਬਾਇਓਪਿਕ ਸ਼ੁਰੂ ਕਰੇਗੀ।”