ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਸੰਜੂ ‘ਚ ਰਣਬੀਰ ਵਲੋਂ ਕੀਤੀ ਅਦਾਕਾਰੀ ਦੀ ਹਰ ਕਿਸੇ ਨੇ ਤਾਰੀਫ਼ ਕੀਤੀ ਹੈ। ਹੁਣ ਇਸ ਫ਼ਿਲਮ ਤੋਂ ਬਾਅਦ ਰਣਬੀਰ ਆਪਣਾ ਰੁਖ਼ ਐਕਸ਼ਨ ਫ਼ਿਲਮਾਂ ਵੱਲ ਕਰਨਾ ਚਾਹੁੰਦਾ ਹੈ। ਇਸ ਪਿੱਛੇ ਕਾਰਨ ਹੈ ਕਿ ਉਸ ਨੇ ਹੁਣ ਤਕ ਕਿਸੇ ਵੀ ਐਕਸ਼ਨ ਫ਼ਿਲਮ ‘ਚ ਕਿਰਦਾਰ ਨਹੀਂ ਨਿਭਾਇਆ …
ਬੌਲੀਵੁੱਡ ਦਾ ਰੌਕਸਟਾਰ ਰਣਬੀਰ ਕਪੂਰ ਹੁਣ ਆਪਣਾ ਧਿਆਨ ਐਕਸ਼ਨ ਫ਼ਿਲਮਾਂ ਵੱਲ ਕਰਨਾ ਚਾਹੁੰਦਾ ਹੈ। ਹਾਲ ਹੀ ‘ਚ ਰਣਬੀਰ ਦੀ ਰਿਲੀਜ਼ ਹੋਈ ਫ਼ਿਲਮ ਸੰਜੂ ਨੇ ਪਰਦੇ ‘ਤੇ ਜ਼ਬਰਦਸਤ ਕਾਮਯਾਬੀ ਪ੍ਰਾਪਤ ਕੀਤੀ ਹੈ। ਇਸ ਫ਼ਿਲਮ ਨੇ ਹੁਣ ਤਕ ਪਰਦੇ ‘ਤੇ 200 ਕਰੋੜ ਦੀ ਕਮਾਈ ਕਰਨ ਵਾਲੀ ਫ਼ਿਲਮਾਂ ‘ਚ ਆਪਣਾ ਨਾਂ ਦਰਜ਼ ਕਰਵਾ ਲਿਆ ਹੈ। ਇਹ ਬੌਲੀਵੁੱਡ ਦੇ ਸੁਪਰਸਟਾਰ ਸੰਜੈ ਦੱਤ ਦੀ ਬਾਇਓਪਿਕ ਹੈ। ਫ਼ਿਲਮ ‘ਚ ਸੰਜੈ ਦੀ ਜ਼ਿੰਦਗੀ ‘ਚ ਆਏ ਚੰਗੇ-ਮਾੜੇ ਸਫ਼ਰ ਨੂੰ ਬਾਖ਼ੂਬੀ ਦਿਖਾਇਆ ਗਿਆ ਹੈ। ਫ਼ਿਲਹਾਲ ਸੰਜੂ ਦੀ ਸਫ਼ਲਤਾ ਤੋਂ ਬਾਅਦ ਹੁਣ ਰਣਬੀਰ ਇਨ੍ਹੀਂ ਦਿਨੀਂ ਸ਼ਮਸ਼ੇਰਾ ਅਤੇ ਬ੍ਰਹਮਾਸਤਰ ਦੀ ਸ਼ੂਟਿੰਗ ‘ਚ ਵੀ ਰੁੱਝਿਆ ਹੋਇਆ ਹੈ। ਇਨ੍ਹਾਂ ਫ਼ਿਲਮਾਂ ‘ਚ ਉਹ ਐਕਸ਼ਨ ਰੋਲ ‘ਚ ਨਜ਼ਰ ਆਏਗਾ। ਰਣਬੀਰ ਨੇ ਦੱਸਿਆ ਕਿ ਲਵਰ ਬੁਆਏ ਵਾਲੇ ਕਿਰਦਾਰ ਕਰ ਕਰ ਕੇ ਉਹ ਥੱਕ ਚੁੱਕਾ ਹੈ ਅਤੇ ਹੁਣ ਉਹ ਆਪਣੀਆਂ ਪਹਿਲੀਆਂ ਮੂਵੀਆਂ ਤੋਂ ਥੋੜ੍ਹ ਹੱਟ ਕੇ ਕੋਈ ਨਵਾਂ ਅਤੇ ਵੱਖਰਾ ਕਿਰਦਾਰ ਨਿਭਾਉਣਾ ਚਾਹੁੰਦਾ ਹੈ। ਰਣਬੀਰ ਨੇ ਕਿਹਾ ਕਿ ਉਸ ਨੂੰ ਤਕਰੀਬਨ ਦਸ ਸਾਲ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ ਕਿ ”ਦਰਸ਼ਕਾਂ ਤੋਂ ਵੱਡਾ ਕੁੱਝ ਨਹੀਂ ਹੁੰਦਾ। ਆਲੋਚਕ ਤਾਂ ਸਿਰਫ਼ 10 ਲੋਕ ਹਨ ਬਾਕੀ ਫ਼ਾਈਨਲ ਫ਼ੈਸਲਾ ਤਾਂ ਦਰਸ਼ਕ ਹੀ ਦਿੰਦੇ ਹਨ।” ਫ਼ਿਲਮ ਸੰਜੂ ਲਈ ਰਣਬੀਰ ਦਾ ਤਕਰੀਬਨ ਅੱਠ ਮਹੀਨੇ ਸਕ੍ਰੀਨ ਟੈੱਸਟ ਹੋਇਆ ਸੀ। ਰਣਬੀਰ ਨੇ ਦੱਸਿਆ ਕਿ ਉਸ ਦਾ ਕਈ ਘੰਟਿਆਂ ਤਕ ਮੇਕਅੱਪ ਹੁੰਦਾ ਸੀ, ਨਕਲੀ ਵਾਲ ਅਤੇ ਸਕਿਨ ਲਗਾਏ ਜਾਂਦੇ ਸਨ, ਅਤੇ ਹਰ ਵਾਰ ਸਕ੍ਰੀਨ ਦੇ ਸਾਹਮਣੇ ਆਉਣ ‘ਤੇ ਫ਼ਿਲਮਸਾਜ਼ ਉਸ ਤੋਂ ਨਿਰਾਸ਼ ਹੋ ਜਾਂਦੇ ਸਨ। ਕੁੱਝ ਦੇਰ ਬਾਅਦ ਇਹ ਸਾਰੀ ਪ੍ਰਕਿਰਿਆ ਫ਼ਿਰ ਤੋਂ ਸ਼ੁਰੂ ਹੋ ਜਾਂਦੀ। ਰਣਬੀਰ ਨੇ ਕਿਹਾ ਕਿ ਇਹ ਫ਼ਿਲਮ ਉਸ ਦੇ ਲਈ ਇੱਕ ਡਰੀਮ ਪ੍ਰੌਜੈਕਟ ਸੀ। ਉਸ ਨੂੰ ਇਹ ਫ਼ਿਲਮ ਅਜਿਹੇ ਮੌਕੇ ਮਿਲੀ ਜਦੋਂ ਸੱਚਮੁੱਚ ਉਸ ਨੂੰ ਅਜਿਹੀ ਹੀ ਕਿਸੇ ਫ਼ਿਲਮ ਦਾ ਇੰਤਜ਼ਾਰ ਸੀ।