‘ਆਪ’ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਮਿਲਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਕਾਲੀ ਅਤੇ ਕਾਂਗਰਸੀ
ਰੋਪੜ/ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਰੋਪੜ ਤੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਇੱਕ ਮਾਮਲੇ ‘ਚ ਕੈਪਟਨ ਸਰਕਾਰ ਵੱਲੋਂ ਬਦਲੇ ਦੀ ਭਾਵਨਾ ‘ਚ ਪੁਲਸ ਅਤੇ ਸਰਕਾਰ ਮਸ਼ੀਨਰੀ ਦੀ ਦੁਰਵਰਤੋਂ ਕਰਨ ਅਤੇ ਆਮ ਆਦਮੀ ਪਾਰਟੀ ਨੂੰ ਬਿਨਾ ਵਜ੍ਹਾ ਬਦਨਾਮ ਕੀਤੇ ਜਾਣ ਦੇ ਦੋਸ਼ ਲਗਾਏ ਹਨ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਅਜੇ ਤੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਜਿੱਤ ਅਤੇ ਵਿਧਾਨ ਸਭਾ ‘ਚ ਮੁੱਖ ਵਿਰੋਧੀ ਧਿਰ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਪਚਾ ਨਹੀਂ ਸਕੇ। ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਇੱਕ ਔਰਤ ਵੱਲੋਂ ਬਦਸਲੂਕੀ ਕਰਨ ਦਾ ਇਹ ਕਥਿਤ ਮਾਮਲਾ ਇਸ ਗੱਲ ਦਾ ਇੱਕ ਹੋਰ ਸਬੂਤ ਹੈ, ਜਿੱਥੇ ਕਾਂਗਰਸ ਸਰਕਾਰ ਅਕਾਲੀ ਦਲ ਨਾਲ ਮਿਲ ਕੇ ‘ਆਪ’ ਵਿਧਾਇਕ ਨੂੰ ਫਸਾਉਣਾ ਚਾਹੁੰਦੇ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸੰਬੰਧਿਤ ਪਹਿਲਾਂ ਦੀ ਸ਼ਿਕਾਇਤ ‘ਤੇ ਬਿਨਾ ਕਿਸੇ ਮੁੱਢਲੀ ਜਾਂਚ ਇੱਕ ਘੰਟੇ ਦੇ ਅੰਦਰ-ਅੰਦਰ ਰੋਪੜ ਪੁਲਸ ਨੇ ਇੱਕ ਵਿਧਾਇਕ ਵਿਰੁੱਧ ਸੰਗੀਨ ਧਰਾਵਾਂ ਤਹਿਤ ਐਫਆਈਆਰ ਦਰਜ਼ ਕਰ ਲਈ ਗਈ। ਇਸ ਉਪਰੰਤ ਬਿਨਾਂ ਕਿਸੇ ਉੱਚ ਪੱਧਰੀ ਜਾਂਚ ਕੀਤਿਆਂ ਉਸੇ ਤਥਾ ਕਥਿਤ ਐਫਆਈਆਰ ਦੇ ਆਧਾਰ ‘ਤੇ ਇਕ-ਤਰਫਾ ਕਾਰਵਾਈ ਤਹਿਤ ਚਲਾਨ ਪੇਸ਼ ਕਰ ਦਿੱਤਾ ਗਿਆ।
ਡਾ. ਬਲਬੀਰ ਸਿੰਘ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਦਿਖਾਈ ਗਈ ਫੁਰਤੀ ਪ੍ਰਤੀ ਸ਼ਿਕਾਇਤ ਨਹੀਂ ਹੈ, ਜਦਕਿ ਉਹ ਚਾਹੁੰਦੇ ਹਨ ਕਿ ਹਰ ਆਦਮੀ ਦੀ ਕੀਤੀ ਸ਼ਿਕਾਇਤ ਉੱਤੇ ਪੁਲਸ ਇਸੇ ਤਰ੍ਹਾਂ ਦੀ ਫੁਰਤੀ ਦਿਖਾਵੇ। ਇਤਰਾਜ਼ ਪੁਲਸ ਦੀ ਇਸ ਫੁਰਤੀ ਪਿੱਛੇ ਕਾਂਗਰਸ ਅਤੇ ਅਕਾਲੀ ਦਲ ਦੀ ਬਦਲਾ ਲਊ ਭਾਵਨਾ ‘ਤੇ ਹੈ। ਜਦਕਿ ਦੂਜੇ ਪਾਸੇ ਰੋਜ਼ ਆਮ ਲੋਕਾਂ ਵੱਲੋਂ ਦਿੱਤੀਆਂ ਜਾਂਦੀਆਂ ਹਜ਼ਾਰਾਂ ਜਾਇਜ਼ ਸ਼ਿਕਾਇਤਾਂ ਨੂੰ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਡਸਟਬੀਨ ‘ਚ ਸੁੱਟ ਦਿੰਦੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ। ਸੰਦੋਆ ਇਸ ਸਿਆਸੀ ਸਾਜ਼ਿਸ਼ ‘ਚੋਂ ਪਾਕ-ਸਾਫ਼ ਨਿਕਲਣਗੇ।