ਜਲੰਧਰ — ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ‘ਤੇ ਵੱਖ-ਵੱਖ ਟਰਾਂਸਪਰੋਟ ਐਸੋਸੀਏਸ਼ਨ ਅਤੇ ਟਰੱਕ ਆਪਰੇਟਰ ਯੂਨੀਅਨ ਪੰਜਾਬ ਨੇ ਟਰੱਕਾਂ ਦਾ ਚੱਕਾ ਜਾਮ ਕੀਤਾ। ਸਥਾਨਕ ਪਠਾਨਕੋਟ ਚੌਕ ਤੋਂ ਪੀ. ਏ. ਪੀ. ਵੱਲ ਆਉਂਦੇ ਹੋਏ ਟਰੱਕ ਯੂਨੀਅਨ ਵੱਲੋਂ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਹਾਈਵੇਅ ‘ਤੇ ਚੱਲ ਰਹੇ ਟਰੱਕਾਂ ਦੀਆਂ ਚਾਬੀਆਂ ਲੈ ਕੇ ਸੜਕ ‘ਤੇ ਖੜ੍ਹੇ ਕਰਵਾਏ ਗਏ। ਪ੍ਰਧਾਨ ਹੈੱਪੀ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਟਰਾਂਸਪੋਰਟ ਵਪਾਰ ਨੂੰ ਬੰਦ ਕਰਨ ‘ਤੇ ਤੁਲੀ ਹੋਈ ਹੈ।
ਕੱਚੇ ਤੇਲ ਦੀਆਂ ਕੀਤਮਾਂ ਘੱਟ ਹੋਣ ਦੇ ਬਾਵਜੂਦ ਡੀਜ਼ਲ ਦੇ ਰੇਟ ‘ਚ ਬੇਹੱਦ ਵਾਧਾ ਕੀਤਾ ਗਿਆ ਹੈ। ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ‘ਚ ਲਿਆਂਦਾ ਜਾਵੇ। ਮੋਦੀ ਸਰਕਾਰ ਡੀਜ਼ਲ ‘ਤੇ 8 ਰੁਪਏ ਪ੍ਰਤੀ ਲੀਟਰ ਰੋਡ ਸੈੱਸ ਵਸੂਲ ਰਹੀ ਹੈ ਪਰ ਇਸ ਦੇ ਬਾਵਜੂਦ ਰੋਡ ਟੈਕਸ ਅਤੇ ਟੋਲ ਟੈਕਸ ਦੀ ਵਸੂਲੀ ਕਰ ਰਹੀ ਹੈ। ਪੰਜਾਬ ‘ਚ ਟੋਲ ਮਾਫੀਆ ਕੰਮ ਕਰ ਰਿਹਾ ਹੈ ਅਤੇ ਟੋਲ ਪਲਾਜ਼ਾ ਦੇ ਸੰਚਾਲਕ ਨਿਜੀ ਲਾਭ ਦੇ ਚਲਦਿਆਂ ਓਵਰਲੋਡ ਮਾਲ ਵਾਹਨਾਂ ਤੋਂ ਡਬਲ ਟੋਲ ਟੈਕਸ ਵਸੂਲ ਰਹੇ ਹਨ ਜਦਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ।
ਓਵਰਲੋਡ ਵਾਹਨਾਂ ਤੋਂ 400 ਦੀ ਬਜਾਏ 4 ਹਜ਼ਾਰ ਰੁਪਏ ਟੈਕਸ ਵਸੂਲੀ ਦਾ ਨਿਯਮ ਹੈ ਅਤੇ ਟੋਲ ਬੈਰੀਅਰ ‘ਤੇ ਹੀ ਓਵਰਲੋਡ ਸਾਮਾਨ ਨੂੰ ਅਨਲੋਡ ਕਰਵਾਇਆ ਜਾਣਾ ਚਾਹੀਦਾ ਹੈ ਪਰ ਨਿਜੀ ਹਿਤਾਂ ਅਤੇ ਲਾਭ ਦੇ ਕਾਰਨ ਟੀਮ ਬੈਰੀਅਰ ‘ਤੇ ਇਸ ਨਿਯਮ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਟਰਾਂਸਪੋਰਟਰ ਟੋਲ ਮੁਕਤ ਭਾਰਤ ਦੀ ਮੰਗ ਕਰ ਰਹੇ ਹਨ।