ਬੌਲੀਵੁੱਡ ‘ਚ ਆਪਣੇ ਸੰਜੀਦਾ ਰੋਲਾਂ ਲਈ ਮਸ਼ਹੂਰ ਕਾਜੋਲ ਆਪਣੇ ਪਤੀ ਅਜੈ ਦੇਵਗਨ ਨਾਲ ਫ਼ਿਰ ਤੋਂ ਨਜ਼ਰ ਆ ਸਕਦੀ ਹੈ. ਅਜੈ ਦੇਵਗਨ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਫ਼ਿਲਮ ਤਾਨਾਜੀ ਬਣਾਉਣ ਜਾ ਰਹੇ ਹਨ. ਚਰਚਾ ਹੈ ਕਿ ਕਾਜੋਲ ਪੂਰੇ ਅੱਠ ਸਾਲ ਬਾਅਦ ਆਪਣੇ ਪਤੀ ਅਜੈ ਦੇਵਗਨ ਨਾਲ ਤਾਨਾਜੀ ‘ਚ ਨਜ਼ਰ ਆਵੇਗੀ. ਦੱਸਿਆ ਜਾਂਦਾ ਹੈ ਕਿ ਕਾਜੋਲ ਨੇ ਫ਼ਿਲਮ ਤਾਨਾਜੀ ਸਾਈਨ ਕਰ ਲਈ ਹੈ. ਅਜੈ ਅਤੇ ਕਾਜੋਲ ਇਸ ਤੋਂ ਪਹਿਲਾਂ ਆਪਣੇ ਹੋਮ ਪ੍ਰੋਡਕਸ਼ਨ ਦੀ ਐਨੀਮੇਟਿਡ ਫ਼ਿਲਮ ਟੂਨਪੁਰ ਕਾ ਸੁਪਰਹੀਰੋ ‘ਚ ਇਕੱਠੇ ਨਜ਼ਰ ਆਏ ਸਨ. ਤਾਨਾਜੀ ‘ਚ ਇੱਕ ਅਹਿਮ ਕਿਰਦਾਰ ਲਈ ਕਾਫ਼ੀ ਸਮੇਂ ਤੋਂ ਅਜੈ ਕਾਜੋਲ ਨੂੰ ਮਨਾ ਰਿਹਾ ਸੀ, ਪਰ ਕਾਜੋਲ ਬਾਰ-ਬਾਰ ਮਨ੍ਹਾ ਕਰ ਰਹੀ ਸੀ. ਆਖ਼ਰਕਾਰ ਤਾਨਾਜੀ ਦੀ ਕਹਾਣੀ ਧਿਆਨ ਨਾਲ ਪੜ੍ਹਨ ਤੋਂ ਬਾਅਦ ਕਾਜੋਲ ਨੂੰ ਉਹ ਕਿਰਦਾਰ ਇੰਨਾ ਵਧੀਆ ਲੱਗਿਆ ਕਿ ਉਸ ਨੇ ਤੈਅ ਕਰ ਲਿਆ ਕਿ ਉਹ ਇਸ ਰੋਲ ਨੂੰ ਕਰੇਗੀ. ਤਾਨਾਜੀ ਦੀ ਸ਼ੂਟਿੰਗ ਇਸ ਸਾਲ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ. ਫ਼ਿਲਮ ਅਗਲੇ ਸਾਲ ਦੀਵਾਲੀ ‘ਤੇ ਰਿਲੀਜ਼ ਹੋਵੇਗੀ. ਅਜੈ ਦੇ ਇਸ ਡੀਮ ਪ੍ਰੌਜੈਕਟ ਦਾ ਬੱਜਟ 150 ਕਰੋੜ ਦੇ ਆਸ-ਪਾਸ ਹੈ. ਫ਼ਿਲਮ ‘ਚ ਬਹੁਤ ਸਾਰਾ ਕੰਮ ਵੀਡੀਓ ਈਫ਼ੈਕਟਸ (VFX) ਦਾ ਹੋਵੇਗਾ ਜਿਸ ਲਈ ਅਜੈ ਦੇਵਗਨ ਨੇ ਖ਼ੁਦ ਦੀ ਟੀਮ ਬਣਾਈ ਹੈ ਜੋ ਹੁਣ ਤੋਂ ਫ਼ਿਲਮ ਦੇ VFX ਦੀ ਰੂਪ-ਰੇਖਾ ਬਣਾ ਰਹੀ ਹੈ. ਫ਼ਿਲਮ ਮਰਾਠਾ ਯੋਧਾ ਤਾਨਾਜੀ ਮਾਲਸੁਰੇ ਦੀ ਬਾਇਓਪਿਕ ਹੋਵੇਗੀ. ਤਾਨਾਜੀ ਛਤਰਪਤੀ ਸ਼ਿਵਾਜੀ ਦੇ ਬੇਹੱਦ ਕਰੀਬੀ ਦੋਸਤ ਅਤੇ ਸ਼ਰਧਾਪੂਰਨ ਸਰਦਾਰ ਸਨ. ਉਨ੍ਹਾਂ ਨੇ ਸ਼ਿਵਾਜੀ ਮਹਾਰਾਜ ਨਾਲ ਕਈ ਯੁੱਧ ਲੜੇ.