ਪੰਜ ਸਾਲ ਪਿੱਛੋਂ ਕੈਨੇਡਾ ਤੋਂ ਪਿੰਡ ਮੁੜ ਕੇ ਆਇਆ ਬਾਬਾ ਆਤਮਾ ਸਿਉਂ ਜਿਉਂ ਹੀ ਪਿੰਡ ਦੀ ਸੱਥ ‘ਚ ਆਇਆ ਤਾਂ ਨਾਥਾ ਅਮਲੀ ਬਾਬੇ ਆਤਮਾ ਸਿਉਂ ਨੂੰ ਚਿੰਬੜ ਕੇ ਜੱਫੀ ਪਾ ਕੇ ਕਹਿੰਦਾ, ”ਓਹੋ ਜਾ ਈ ਪਿਆਂ ਬਾਬਾ ਜਿਹੋ ਜਾ ਐਥੇ ਸੀ। ਨਾ ਭਾਰ ਵਧਿਆ ਲੱਗਦੈ, ਨਾ ਤੋਰ ‘ਚ ਫ਼ਰਕ ਐ ਕੋਈ। ਗੱਲਾਂ ਵੀ ਬਾਬਾ ਤੇਰੀਆਂ ਓਹੀ ਕਹਿੰਦੇ ਐ। ਤੂੰ ਤਾਂ ਪਤੰਦਰਾ ਜਮਾਂ ਈਂ ਨ੍ਹੀ ਬਦਲਿਆ ਭੋਰਾ ਵੀ। ਆਹ ਪਿੱਛੇ ਜੇ ਆਪਣੇ ਗੁਆੜ ਆਲਾ ਬਿੱਕਰ ਭਾਵੜਾ ਜਦੋਂ ਮਰੀਕੇ ਤੋਂ ਆਇਆ ਸੀ, ਪਤੰਦਰ ਇੱਕ ਤਾਂ ਹੋਰ ਈ ਤਿੱਤਰ ਫ਼ੰਘਾ ਵੱਡਾ ਸਾਰਾ ਡੱਫ਼ਲ਼ ਜਾ ਕੋਟ ਪਾਈ ਫ਼ਿਰੇ, ਲੱਤਾਂ ‘ਚ ਭੀੜੀ ਜੀ ਪਤਲੂਨ ਇਉਂ ਫ਼ਸਾਈ ਫ਼ਿਰੇ ਜਿਮੇਂ ਪੀਟਰ ਇੰਜਣ ਦੇ ਦੌਰੇ ਆਲੀ ਪਾਣੀ ਲੀਕ ਕਰਦੀ ਰਬੜ ਦੀ ਨਾਲੀ ‘ਤੇ ਲੀਰ ਵਲ੍ਹੇਟੀ ਹੁੰਦੀ ਐ। ਪਤੰਦਰ ਸਾਰੀ ਦਿਹਾੜੀ ਪਿੰਡ ‘ਚ ਇਉਂ ਹੇਲ਼ੀਆਂ ਦਿੰਦਾ ਫ਼ਿਰਿਆ ਕਰੇ ਜਿਮੇਂ ਭੁੱਖਾ ਸਾਨ੍ਹ ਪਿੰਡ ‘ਚ ਲੋਕਾਂ ਦੇ ਤਖਤਿਆਂ ‘ਚ ਟੱਕਰਾਂ ਮਾਰਦਾ ਫ਼ਿਰਦਾ ਹੁੰਦੈ। ઺
ਸੱਥ ਵਾਲੇ ਥੜ੍ਹੇ ‘ਤੇ ਬੈਠਣ ਸਾਰ ਬਾਬੇ ਆਤਮਾ ਸਿਉਂ ਨੇ ਵੀ ਅਮਲੀ ਨੂੰ ਦਿੱਤਾ ਕਰਾਰਾ ਜਵਾਬ, ”ਮੈਂ ਤਾਂ ਸੋਚਿਆ ਅਮਲੀਆ ਬਈ ਤੂੰ ਮਾੜਾ ਮੋਟਾ ਸਿਆਣਾ ਹੋ ਗਿਆ ਹੋਮੇਂਗਾ, ਤੂੰ ਤਾਂ ਆਪ ਪਤੰਦਰ ਉਹੋ ਜਾ ਈ ਪਿਆਂ ਜਿਹੋ ਜਿਹਾ ਗਾਰੇ ‘ਚ ਲਿਬੜਿਆ ਸੂਰ ਹੁੰਦੈ। ਨਹਾਉਣਾ ਨਹੂਣਾ ਵੀ ਹੁੰਨੈ ਕੁ ਨਹੀਂ? ਓਹੀ ਤੇਰੇ ਝੁੱਗਾ, ਓਹੀ ਸੁੱਥੂ ਐ, ਇੱਕ ਦਾਹੜੀ ਨੂੰ ਈ ਕੈਂਚੀ ਭੋਰਾ ਵੱਧ ਲਾਉਣ ਲੱਗ ਪਿਐਂ, ਹੋਰ ਬਾਕੀ ਚਾਲ ਢਾਲ ‘ਚ ਕੋਈ ਫ਼ਰਕ ਨ੍ਹੀ ਤੇਰਾ।”
ਸੀਤਾ ਮਰਾਸੀ ਬਾਬੇ ਆਤਮਾ ਸਿਉਂ ਦੀ ਗੱਲ ਸੁਣ ਕੇ ਬਾਬੇ ਨੂੰ ਕਹਿੰਦਾ, ”ਚਾਲ ਤਾਂ ਬਾਬਾ ਜੀ ਅਮਲੀ ਦੀ ਓਮੇਂ ਈ ਜਿਮੇਂ ਨਿਓਲ ਲੱਗੇ ਆਲਾ ਬੋਤਾ ਵਿੰਗਾ ਟੇਢਾ ਜਾ ਹੋ ਕੇ ਤੁਰਦਾ ਹੁੰਦੈ?”
ਮਰਾਸੀ ਦੇ ਮੂੰਹੋਂ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਪੁੱਠ ਕੰਡੇ ਵਾਂਗੂੰ ਚਿੰਬੜ ਗਿਆ, ”ਤੇਰੀ ਤੋਰ ਕਿਮੇਂ ਐ ਓਏ ਥੋਬੜਾ ਜਿਆ ਜਿਮੇਂ ਇੱਟਾਂ ਨਾਲ ਲੱਦਿਆ ਗਧਾ ਢਹਿਕ ਜੀ ਮਾਰਦਾ ਭੱਠੇ ਦੇ ਭਾਂਡੇ ਆਲੀ ਚੜ੍ਹਈ ਚੜ੍ਹਦਾ ਹੁੰਦੈ। ਢਿੱਡ ਵੇਖਿਆ ਕਦੇ ਸੀਸੇ ‘ਚ ਜਿਮੇਂ ਮੂੰਗਫਲੀ ਦੇ ਢੇਰ ‘ਤੇ ਪੱਲੜ ਪਾਇਆ ਹੁੰਦੈ।”
ਬਾਬਾ ਆਤਮਾ ਸਿਉਂ ਸੀਤੇ ਮਰਾਸੀ ਤੇ ਨਾਥੇ ਅਮਲੀ ਨੂੰ ਚੁੰਝੋ ਚੁੰਝੀ ਹੁੰਦਿਆਂ ਸੁਣ ਕੇ ਨਾਲ ਬੈਠੇ ਆਪਣੇ ਹਾਣੀ ਗਮਦੂਰ ਸਿਉਂ ਨੂੰ ਕਹਿੰਦਾ, ”ਕਿਉਂ ਗਮਦੂਰ ਸਿਆਂ! ਮੈਂ ਤਾਂ ਸੋਚਿਆ ਬਈ ਇਹ ਦੋਮੇਂ ਸੀਤਾ ਤੇ ਨਾਥਾ ਮਾੜਾ ਮੋਟਾ ਸਿਆਣੇ ਹੋ ਗੇ ਹੋਣਗੇ, ਇਹ ਤਾਂ ਪਤੰਦਰ ਡੰਗਰਾਂ ਤੋਂ ਵੀ ਗਾਹਾਂ ਨੰਘਗੇ। ਐਨਾਂ ਤਾਂ ਯਾਰ ਡੰਗਰ ਪਸੂ ਮਨ੍ਹੀ ਲੜਦੇ, ਇਨ੍ਹਾਂ ਨੇ ਤਾਂ ਹੱਦ ਈ ਕਰ ‘ਤੀ। ਆਹ ‘ਕਾਲੀ ਪਾਲਟੀ ਕਹਿੰਦੇ ਧਰੂੰ ਤਾਰੇ ‘ਤੇ ਵੀ ਰੈਲੀ ਕਰੇ ਆਏ, ਐਨੀ ਤਰੱਕੀ ਕਰ ਗੇ ਓਹੋ, ਇੰਨ੍ਹਾਂ ਦਾ ਭੋਰਾ ਸਭਾਅ ਈ ਮਨ੍ਹੀ ਬਦਲਿਆ।”
ਮਾਹਲਾ ਨੰਬਰਦਾਰ ਆਤਮਾ ਸਿਉਂ ਨੂੰ ਕਹਿੰਦਾ, ”ਇਨ੍ਹਾਂ ਦਾ ਸਭਾਅ ਕਿਮੇਂ ਬਦਲ ਜੇ ਆਤਮਾ ਸਿਆਂ, ਅਮਲੀ ਨੇ ਫ਼ੀਮ ਖਾਣੀ ਨ੍ਹੀ ਛੱਡੀ ਤੇ ਮਰਾਸੀ ਨੇ ਮੰਗ ਕੇ ਖਾਣਾ ਨ੍ਹੀ ਛੱਡਿਆ।”
ਨਾਥਾ ਅਮਲੀ ਕਹਿੰਦਾ, ”ਚੱਲੋ ਛੱਡੋ ਯਾਰ ਇਹ ਗੱਲਾਂ, ਹੁਣ ਆਪਾਂ ਬਾਬੇ ਆਤਮਾ ਸਿਉਂ ਤੋਂ ਕੈਨੇਡੇ ਦੀਆਂ ਸੁਣੀਏ। ਬਈ ਹੁਣ ਸਾਰੇ ਜਣੇ ਚੁੱਪ ਕਰਜਿਓ ਕੋਈ ਨਾ ਬੋਲਿਓ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਬਾਬਾ ਆਤਮਾ ਸਿਉਂ ਮਨ੍ਹਾਂ ਬੋਲੇ?”
ਬੁੜ੍ਹਾ ਗਮਦੂਰ ਸਿਉਂ ਸੀਤੇ ਮਰਾਸੀ ਦੇ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ”ਜੇ ਆਤਮਾ ਸਿਉਂ ਚੁੱਪ ਕਰ ਗਿਆ ਕਨੇਡੇ ਦੀਆਂ ਗੱਲਾਂ ਸੋਡੀ ਬੂੜ੍ਹੀ ਸਣਾਊ ਓਏ?”
ਨਾਥਾ ਅਮਲੀ ਬਾਬੇ ਆਤਮਾ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਤੂੰ ਕਨੇਡੇ ਦੀਆਂ ਗੱਲਾਂ ਸਣਾ ਯਾਰ ਬਾਬਾ। ਇਨ੍ਹਾਂ ਨੇ ਤਾਂ ਆਵਦੀ ਕੜ੍ਹੀ ਘੋਲ਼ੀ ਜਾਣੀ ਐਂ। ਚੱਕ ਦੇ ਰੇਸ। ਪਹਿਲਾਂ ਇਉਂ ਦੱਸ ਬਈ ਜਿਹੜੀ ਓੱਥੇ ਬੇਰੀ ਤੋੜਦੇ ਹੁੰਦੇ ਐ, ਉਹ ਕਿਮੇਂ ਪੌੜੀ ਪੂੜੀ ਲਾ ਕੇ ਚੜ੍ਹ ਕੇ ਤੋੜਦੇ ਐ ਕੁ ਬੇਰੀ ਦੇ ਮੁੱਢ ਮੱਢ ਨੂੰ ਹਲਾ ਹਲੂ ਕੇ ਬੇਰ ਝਾੜ ਲੈਂਦੇ ਐ। ਬੇਰੀ ਦੇ ਤਾਂ ਬਾਬਾ ਕੰਡੇ ਈ ਬੜੇ ਹੁੰਦੇ ਐ। ਹੁਣ ਇਹ ਨ੍ਹੀ ਪਤਾ ਬਈ ਓੱਥੇ ਕੁੰਢੇ ਕੰਡਿਆਂ ਆਲੀਆਂ ਬੇਰੀਆਂ ਕੁ ਤਿੱਖੇ ਕੰਡਿਆਂ ਆਲੀਆਂ?”
ਬੁੜ੍ਹਾ ਗਮਦੂਰ ਸਿਉਂ ਲਗਾਤਾਰ ਬੋਲੀ ਜਾਂਦੇ ਨਾਥੇ ਅਮਲੀ ਦੇ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ”ਹੁਣ ਚੁੱਪ ਵੀ ਕਰ ਤਾਇਆ, ਗੱਲਾਂ ਤਾਂ ਆਤਮਾ ਸਿਉਂ ਤੋਂ ਸੁਣਨੀ ਐ, ਤੂੰ ਅੱਡ ਈ ਖ਼ਤਰਾਮਾਂ ਆਲਾ ਕੁੰਢਾ ਕਵੀਸ਼ਰ ਬਣਿਆ ਬੈਠੈਂ।”
ਬੁੱਘਰ ਦਖਾਣ ਨਾਥੇ ਅਮਲੀ ਵਿੱਚਦੀ ਗੱਲ ਕੱਢ ਕੇ ਬੁੜ੍ਹੇ ਗਮਦੂਰ ਸਿਉਂ ਨੂੰ ਕਹਿੰਦਾ, ”ਤਾਇਆ ਗਮਦੂਰ ਸਿਆਂ! ਜੇ ਬਾਬੇ ਆਤਮਾ ਸਿਉਂ ਤੋਂ ਕਨੇਡੇ ਦੀਆਂ ਗੱਲਾਂ ਸੁਣਨੀਆਂ ਤਾਂ ਅਮਲੀ ਦੇ ਮੂੰਹ ‘ਤੇ ਛਿੱਕਲੀ ਝੜ੍ਹਾਉਣੀ ਪਊ, ਨਹੀਂ ਤਾਂ ਇਹਨੇ ਭੁੱਖੀ ਮਰੀਕਣ ਬੱਛੀ ਆਂਗੂੰ ਰੰਭੀ ਜਾਣੈ।”
ਸੀਤਾ ਮਰਾਸੀ ਬੁੱਘਰ ਦਖਾਣ ਦੀ ਗੱਲ ਸੁਣ ਕੇ ਕਹਿੰਦਾ, ”ਅੱਬਲ ਤਾਂ ਇਹਦੇ ਸਾਹਮਣਿਉਂ ਸੁੱਖੇ ਕੰਪੋਡਰ ਤੋਂ ਦੁੱਧ ਲਾਹੁਣ ਆਲਾ ਸੂਆ ਲੁਆ ਦਿਉ, ਜਦੋਂ ਮੂਤ ਦਾ ਜੋਰ ਪਿਆ ਆਪੇ ਘਰ ਨੂੰ ਭੱਜੂ ਆਪਾਂ ਮਗਰੋਂ ਬਾਬੇ ਤੋਂ ਗੱਲਾਂ ਸੁਣ ਲਾਂ ਗੇ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਫ਼ੇਰ ਪੈ ਨਿਕਲਿਆ ਮਰਾਸੀ ਨੂੰ ਉੱਖੜੀ ਕੁਹਾੜੀ ਵਾਂਗੂੰ, ”ਤੇਰੇ ਨਾ ਲੁਆ ਦੀਏ ਓਏ, ਜੀਹਦੇ ਨਾਲ ਤੇਰੀ ਹਵਾ ਖੁੱਲ੍ਹ ਜੇ। ਗਰਮੀ ਦੇ ਦਿਨ ਐਂ ਨਾਲੇ ਸਾਰੇ ਟੱਬਰ ਨੂੰ ਦਾਤੀ ਫ਼ਰੇ ਪੱਖੇ ਜਿੰਨੀ ਹਵਾ ਮਿਲ ਜੂ, ਸਾਲਾ ਢਿੱਡਲ ਜਾ ਨਾ ਹੋਵੇ ਤਾਂ।”
ਬੁੜ੍ਹਾ ਗਮਦੂਰ ਸਿਉਂ ਖੂੰਡੀ ਦੀ ਇੱਕ ਹੁੱਜ ਅਮਲੀ ਦੇ ਤੇ ਦੂਜੀ ਸੀਤੇ ਮਰਾਸੀ ਦੇ ਮਾਰ ਕੇ ਕਹਿੰਦਾ, ”ਚੁੱਪ ਨ੍ਹੀ ਕਰਦੇ ਓਏ ਜੋਕਰੋ ਜਿਉ। ਆਤਮਾ ਸਿਉਂ ਕੀ ਕਹੂ ਬਈ ਇਹ ਸਾਰੀ ਦਿਹਾੜੀ ਲੜਣ ਚੀ ਰਹਿੰਦੇ ਐ। ਇਨ੍ਹਾਂ ਨੂੰ ਕੋਈ ਹੋਰ ਗੱਲ ਨ੍ਹੀ ਆਉਂਦੀ।”
ਨਾਥਾ ਅਮਲੀ ਕਹਿੰਦਾ, ઺ਇਹਨੂੰ ਬਾਬੇ ਆਤਮਾ ਸਿਉਂ ਨੂੰ ਕਾਹਨੂੰ ਪਤਾ ਸੱਥ ਆਲੇ ਚਿੰਗੜ ਮਾਰਾਂ ਦਾ। ਇਹ ਵੀ ਤਾਂ ਐਸੇ ਸੱਥ ‘ਚੋਂ ਈਂ ਗਿਐ, ਇਹ ਕਿਹੜਾ ਚੀਨ ਤੋਂ ਆਇਆ। ਕਿਉਂ ਬਾਬਾ ਆਤਮਾ ਸਿਆਂ! ਠੀਕ ਐ ਕੁ ਨਹੀਂ? ઺
ਬਾਬਾ ਆਤਮਾ ਸਿਉਂ ਕਹਿੰਦਾ, ”ਉਹ ਤਾਂ ਗੱਲ ਠੀਕ ਐ, ਪਰ ਤੁਸੀਂ ਤਾਂ ਯਰ ਸੌਕਣਾਂ ਤੋਂ ਵੀ ਟੱਪ ਗੇ।”
ਨਾਥਾ ਅਮਲੀ ਬਾਬੇ ਆਤਮਾ ਸਿਉਂ ਨੂੰ ਕਹਿੰਦਾ, ”ਚੱਲ ਚੰਗਾ! ਤੂੰ ਕਨੇਡੇ ਦੀ ਸਣਾ। ਹੁਣ ਨ੍ਹੀ ਆਪਾਂ ਬੋਲਦੇ, ਚੱਕ ਦੇ ਪੈਰ ਤੋਂ ਈ। ਪਹਿਲਾਂ ਬੇਰੀਆਂ ਦੀ ਸਣਾਦੇ।”
ਬਾਬਾ ਆਤਮਾ ਸਿਉਂ ਕਹਿੰਦਾ, ”ਬੇਰੀ ਦੀ ਸੁਣਨੀ ਐ। ਨਰਮੇ ਦੇ ਬੂਟਿਆਂ ਜਿੱਡੇ ਜਿੱਡੇ ਬੂਟੇ ਐ ਬੇਰੀ ਦੇ, ਐਮੇਂ ਈ ਪਾਲਾਂ ਬਣੀਆਂ ਹੋਈਆਂ, ਇੱਕ ਇੱਕ ਟੱਬਰ ਇੱਕ ਇੱਕ ਪਾਲ ਲੈ ਲੈਂਦਾ। ਤੋੜੀ ਜਾਂਦੇ ਐ।”
ਨਾਥਾ ਅਮਲੀ ਕਹਿੰਦਾ, ”ਤੇ ਆਹ ਆਪਣੇ ਪਿੰਡ ਆਲੇ ਸੂਬੇ ਕੇ ਛੱਤੇ ਕਮਲੇ ਅਰਗੇ ਵੀ ਓੱਥੇ ਈ ਐ ਕੁ ਇਹ ਤੈਥੋਂ ਗਾਹਾਂ ਪਛਾਂਹ?”
ਸੀਤੇ ਮਰਾਸੀ ਨੇ ਵੀ ਬਾਬੇ ਆਤਮਾ ਸਿਉਂ ਤੋਂ ਪੁੱਛਿਆ, ”ਓੱਥੇ ਵੀ ਬਾਬਾ ਜੀ ਛੱਤਾ ਐਨਾ ਈ ਕਮਲ ਮਾਰਦੈ ਕੁ ਮਾੜਾ ਮੋਟਾ ਹਟਿਐ?”
ਬਾਬਾ ਆਤਮਾ ਸਿਉਂ ਕਹਿੰਦਾ, ”ਭੋਰਾ ਵਧਿਆ ਈ ਐ, ਮੈਨੂੰ ਤਾਂ ਨ੍ਹੀ ਲੱਗਦਾ ਬਈ ਘਟਿਆ ਹੋਊ।”
ਰਤਨ ਸਿਉਂ ਸੂਬੇਦਾਰ ਨੇ ਪੁੱਛਿਆ, ”ਹੋਰ ਗੱਲਾਂ ਤਾਂ ਆਤਮਾ ਸਿਆਂ ਛੱਡ ਪਰਾਂ, ਪਹਿਲਾਂ ਛੱਤੇ ਕਮਲ਼ੇ ਦੀ ਸਣਾ ਕੋਈ। ઺
ਛੱਤੇ ਦਾ ਨਾਂ ਸੁਣ ਕੇ ਬਾਬਾ ਆਤਮਾ ਸਿਉਂ ਹੱਸ ਕੇ ਕਹਿੰਦਾ, ઺ਬੇਰੀ ਤੋੜਣ ਗਏ ਨੇ ਇੱਕ ਦਿਨ ਪਤੰਦਰ ਨੇ ਹੋਰ ਈ ਚੰਦ ਚੜ੍ਹਾਅ ‘ਤਾ ਸੀ।”
ਬੁੜ੍ਹੇ ਗਮਦੂਰ ਸਿਉਂ ਨੇ ਪੁੱਛਿਆ, ”ਉਹ ਕਿਮੇਂ ਬਈ?”
ਆਤਮਾ ਸਿਉਂ ਕਹਿੰਦਾ, ”ਓੱਥੇ ਬੇਰੀ ਆਲੇ ਖੇਤਾਂ ‘ਚ ਪਸ਼ਾਬ ਕਰਨ ਵਾਸਤੇ ਲੀੜੀਆਂ ਆਲੀ ਪੇਟੀ ਤੋਂ ਥੋੜ੍ਹੇ ਜੇ ਵੱਡੇ ਵੱਡੇ ਵਾਸ਼ਰੂਮ ਜੇ ਰੱਖੇ ਵੇ ਹੁੰਦੇ ਐ।”
ਅਮਲੀ ਨੇ ਪੁੱਛਿਆ, ”ਉਹ ਕੀ ਹੁੰਦੇ ਐ ਬਾਬਾ ਕੋਈ ਖਰਾਦ ਖਰੂਦ ਐ?”
ਬਾਬਾ ਆਤਮਾ ਸਿਉਂ ਕਹਿੰਦਾ, ”ਪਸ਼ਾਬ ਕਰਨ ਆਲੇ ਗੁਥਲਖਾਨੇ ਹੁੰਦੇ ਐ। ਉਨ੍ਹਾਂ ‘ਚੋਂ ਕਈ ਤਾਂ ਇੱਕ ਥਾਂ ਪੱਕੇ ਈ ਰੱਖੇ ਵੇ ਹੁੰਦੇ ਐ ਤੇ ਕਈਆਂ ਨੂੰ ਟਰਾਲੀ ਆਂਗੂੰ ਟੈਰ ਲੱਗੇ ਹੁੰਦੇ ਐ ਤੇ ਜੀਪਾਂ ਅਰਗੇ ਟਰੱਕਾਂ ਦੇ ਮਗਰ ਪਾ ਕੇ ਇੱਕ ਥਾਂ ਤੋਂ ਦੂਜੇ ਥਾਂ ਲੈ ਜਾਂਦੇ ਐ। ਉਨ੍ਹਾਂ ਨੂੰ ਟੈਰ ਲੱਗੇ ਵੇ ਹੁੰਦੇ ਐ।”
ਅਮਲੀ ਨੇ ਬਾਬੇ ਆਤਮਾ ਸਿਉਂ ਦੀ ਗੱਲ ਟੋਕ ਕੇ ਪੁੱਛਿਆ, ”ਕਿਉਂ ਬਾਬਾ! ਤੂੰ ਤੇ ਅੰਬੋ ਵੀ ਬੇਰੀ ਤੋੜਦੇ ਹੁੰਨੇ ਐਂ ਕੁ ਨਹੀਂ?”
ਬੁੜ੍ਹੇ ਗਮਦੂਰ ਸਿਉਂ ਨੇ ਫ਼ੇਰ ਮਾਰੀ ਅਮਲੀ ਦੇ ਖੂੰਡੀ ਦੀ ਹੁੱਜ, ”ਓ ਖਸਮਾਂ ਚੁੱਪ ਵੀ ਕਰ ਹੁਣ, ਊਈਂ ਬੋਲੀ ਜਾਨੈਂ ਜਿਮੇਂ ਕੁੱਟ ਤੋਂ ਡਰਦਾ ਗਧਾ ਸੱਤ ਪੋਰੀ ਡਾਂਗ ਨੂੰ ਵੇਖ ਕੇ ਹੀਂਗਣ ਲੱਗ ਜਾਂਦੈ। ਚੁੱਪ ਕਰ ਹੁਣ ਨਾ ਬੋਲੀਂ। ਪਹਿਲਾਂ ਪੂਰੀ ਗੱਲ ਸੁਣ ਲਾ, ਫੇਰ ਘੋਟ ਲੀਂ ਜਿਹੜੀ ਵਕਾਲਤ ਘੋਟਣੀ ਹੋਈ।”
ਬੁੱਘਰ ਦਖਾਣ ਬਾਬੇ ਆਤਮਾ ਸਿਉਂ ਨੂੰ ਕਹਿੰਦਾ, ”ਚੱਲੋ ਬਾਬਾ ਜੀ ਛੱਤੇ ਦੀ ਗੱਲ ਦੱਸੋ।”
ਬਾਬਾ ਆਤਮਾ ਸਿਉਂ ਕਹਿੰਦਾ, ”ਜਦੋਂ ਇੱਕ ਪਾਸਿਉਂ ਬੇਰੀ ਟੁੱਟ ਜਾਂਦੀ ਐ, ਉਹ ਟੈਰ ਲੱਗੇ ਵਾਸ਼ਰੂਮਾਂ ਨੂੰ ਫ਼ੇਰ ਓੱਥੇ ਲੈ ਜਾਂਦੇ ਐ ਜਿੱਥੇ ਦੂਜੇ ਥਾਂ ਬੇਰੀ ਤੋੜਨੀ ਹੁੰਦੀ ਐ। ਛੱਤਾ ਕਮਲਾ ਤੇ ਅਸੀਂ ਵੀ ਲੌਂਗੋਆਲੀਆਂ ਦੇ ਬੇਰੀ ਤੋੜਦੇ ਸੀ। ਜਦੋਂ ਇੱਕ ਪਾਸਿਉਂ ਬੇਰੀ ਤੋੜ ਲੀ ਤਾਂ ਸਾਰੇ ਤੜਾਵੇ ਨਾਲ ਦੇ ਦੂਜੇ ਖੇਤ ਨੂੰ ਚੱਲ ਪੇ। ਇਹਨੂੰ ਲੌਂਗੋਆਲੀਆਂ ਦਾ ਮੁੰਡਾ ਕਹਿੰਦਾ ‘ਛੱਤਿਆ ਤੂੰ ਵਾਸ਼ਰੂਮ ਜੀਪ ਮਗਰ ਪਾ ਕੇ ਦੂਜੇ ਪਾਸੇ ਲੈ ਚੱਲ’। ਛੱਤੇ ਨੇ ਜੀਪ ਕੀਤੀ ਸਟਾਟ, ਜਾ ਜੋੜੀ ਟੈਰਾਂ ਆਲੇ ਵਾਸ਼ਰੂਮ ਨੂੰ। ਵਾਸ਼ਰੂਮ ਨੂੰ ਜੀਪ ਜੋੜਣ ਤੋਂ ਪਹਿਲਾਂ ਕਿਤੇ ਉਹਦੇ ‘ਚ ਇੱਕ ਬਜੁਰਗ ਬੁੜ੍ਹੀ ਵਾਸ਼ਰੂਮ ਕਰਨ ਵੜੀ ਵੀ ਸੀ। ਬਹੁਤੀ ਬਜ਼ੁਰਗ ਤਾਂ ਨ੍ਹੀ ਸੀ, ਸੀਗ੍ਹੀ ਕੋਈ ਸੱਠ ਬਾਹਟ ਸਾਲ ਦੀ, ਪਰ ਸਰੀਰ ਦੀ ਥੋੜੀ ਜੀ ਬੋਝਲ ਸੀ। ਉਹ ਬੁੜ੍ਹੀ ਤਾਂ ਹਜੇ ਵਾਸ਼ਰੂਮ ਚੀ ਸੀ, ਇਹਨੇ ਛੱਤੇ ਕਮਲੇ ਨੇ ਜਿਉਂ ਜੋੜਿਆ ਜੀਪ ਦੇ ਮਗਰ ਚੱਕ ‘ਤੀ ਰੇਸ। ਬੁੜ੍ਹੀ ਵਾਸ਼ਰੂਮ ‘ਚ ਲੇਰਾਂ ਮਾਰੇ। ਇਹ ਜੀਪ ਨੂੰ ਦੱਬੀ ਤੁਰਿਆ ਜਾਵੇ। ਗਾਹਾਂ ਜਾ ਕੇ ਵਾਸ਼ਰੂਮ ਤਾਂ ਭਾਈ ਉਲਟ ਗਿਆ। ਉਲਟਣ ਨਾਲ ਟੈਰਾਂ ਆਲਾ ਸਕੰਜਾ ਜਾ ਅੱਡ ਹੋ ਗਿਆ ਤੇ ਵਾਸ਼ਰੂਮ ਅੱਡ ਜਾ ਡਿੱਗਿਆ। ਉਹਦਾ ਦਰਵਾਜੇ ਆਲਾ ਪਾਸਾ ਕਿਤੇ ਥੱਲੇ ਹੋ ਗਿਆ, ਬੁੜ੍ਹੀ ਵਿੱਚ ਪਈ ਚੀਕਾਂ ਮਾਰੇ ਬਈ ਆਹ ਕੀ ਵਾਅ ਵਰੋਲਾ ਆ ਗਿਆ। ਬੇਰੀ ਤੋੜਣ ਆਲੇ ਦੂਜੇ ਵੀ ਭੱਜ ਕੇ ਆ ਗੇ। ਜਦੋਂ ਉਨ੍ਹਾਂ ਨੇ ਬੁੜ੍ਹੀ ਦੀਆਂ ਚੀਕਾਂ ਸੁਣੀਆਂ ਤਾਂ ਸਾਰਿਆਂ ਨੇ ਸਮਝਿਆ ਬਈ ਕੋਈ ਬੁੜ੍ਹੀ ਥੱਲੇ ਆ ਗੀ। ਬੰਦਿਆਂ ਨੇ ਚੱਕ ਕੇ ਵਾਸ਼ਰੂਮ ਦੀਆਂ ਦੋ ਤਿੰਨ ਪਲਟੀਆਂ ਲੁਆ ‘ਤੀਆਂ ਬਈ ਬੁੜ੍ਹੀ ਨੂੰ ਹੇਠੋਂ ਕੱਢੀਏ। ਬੁੜ੍ਹੀ ਵਿੱਚ ਪਈ ਫ਼ੇਰ ਲੇਰਾਂ ਮਾਰੇ। ਜਦੋਂ ਉਹਦਾ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਬੁੜ੍ਹੀ ਵਾਸ਼ਰੂਮ ‘ਚ ਲੀੜਿਆਂ ਆਲੀ ਗੰਢੜੀ ਆਂਗੂੰ ‘ਕੱਠੀ ਹੋਈ ਪਈ। ਜਦੋਂ ਚੱਕ ਚਕਾ ਕੇ ਬਾਹਰ ਕੱਢੀ ਫ਼ੇਰ ਪਤਾ ਲੱਗਿਆ ਬਈ ਇਹ ਤਾਂ ਸੁਰਜਨ ਸਿਉਂ ਦੇ ਘਰੋਂ ਐਂ ਗਰਦਿਆਲ ਕੁਰ। ਅੰਗ ਪੈਰ ਤਾਂ ਟੁੱਟਣੋਂ ਬਚ ਗੇ, ਪਰ ਬੁੜ੍ਹੀ ਏਨੀ ਜਰਖਲੀ ਗਈ, ਮੈਨੂੰ ਲੱਗਦੈ ਚਾਰ ਸਾਲ ਹੋ ਗੇ ਹੋਣੇ ਐਂ ਹਜੇ ਰਾਜੀ ਨ੍ਹੀ ਹੋਈ। ਇਉਂ ਤਾਂ ਛੱਤੇ ਕਮਲੇ ਨੇ ਕੀਤੀ ਓੱਥੇ।”
ਅਮਲੀ ਕਹਿੰਦਾ, ”ਓੱਥੇ ਛਿੱਤਰ ਪਰੇਟ ਨ੍ਹੀ ਕੀਤੀ ਫ਼ਿਰ ਛੱਤੇ ਦੀ ਤੁਸੀਂ?”
ਬਾਬਾ ਆਤਮਾ ਸਿਉਂ ਕਹਿੰਦਾ, ”ਇਉਂ ਨ੍ਹੀ ਕਿਸੇ ਕੋਈ ਕੁਸ ਕਹਿ ਸਕਦਾ ਓੱਥੇ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਬਾਬੇ ਆਤਮਾ ਸਿਉਂ ਦਾ ਪੋਤਾ ਬਾਬੇ ਨੂੰ ਸੱਥ ‘ਚ ਆ ਕੇ ਕਹਿੰਦਾ, ”ਬਾਪੂ! ਘਰੇ ਆਈਂ, ਧਨੌਲੇ ਆਲਾ ਬਥਕੌਰਾ ਮਾਸੜ ਆਇਆ।”
ਨਾਥਾ ਅਮਲੀ ਬਾਬੇ ਦੇ ਪੋਤੇ ਨੂੰ ਕਹਿੰਦਾ, ”ਐਥੇ ਈ ਘੱਲਦੇ ਓਏ ਆਵਦੇ ਮਾਸੜ ਨੂੰ। ਤੂੰ ਤਾਂ ਪਤੰਦਰਾ ਸਾਡਾ ‘ਖਾੜਾ ਈ ਪੱਟ ‘ਤਾ।”
ਪੋਤੇ ਦਾ ਸੁਨੇਹਾ ਸੁਣ ਕੇ ਜਿਉਂ ਹੀ ਬਾਬਾ ਆਤਮਾ ਸਿਉਂ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਛੱਤੇ ਕਮਲੇ ਦੀਆਂ ਗੱਲਾਂ ਕਰ ਕਰ ਉੱਚੀ ਉੱਚੀ ਹੱਸਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।