ਸੇਬ ਖਾਣ ਦੇ ਫ਼ਾਇਦਿਆਂ ਬਾਰੇ ਤਾਂ ਹਰ ਕੋਈ ਜਾਣਦਾ ਹੈ. ਆਮਤੌਰ ‘ਤੇ ਲੋਕ ਲਾਲ ਰੰਗ ਦਾ ਸੇਬ ਹੀ ਖਾਂਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲਾਲ ਦੀ ਬਜਾਏ ਹਰਾ ਸੇਬ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ. ਇਸ ‘ਚ ਵਾਇਟਾਮਿਨ A, C ਅਤੇ K ਦੀ ਭਰਪੂਰ ਮਾਤਰਾ ਹੁੰਦੀ ਹੈ. ਇਸ ‘ਚ ਆਇਰਨ, ਪੋਟੈਸ਼ੀਅਮ, ਕੈਲਸ਼ੀਅਮ ਅਤੇ ਕਈ ਤਰ੍ਹਾਂ ਦੇ ਐਂਟੀ-ਔਕਸੀਡੈਂਟਸ ਵੀ ਮੌਜੂਦ ਹੁੰਦੇ ਹਨ. ਇਸ ਹਫ਼ਤੇਟ ਅਸੀਂ ਤੁਹਾਨੂੰ ਹਰਾ ਸੇਬ ਖਾਣ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ.
ਡਾਇਬਿਟੀਜ਼ – ਜੇ ਤੁਸੀਂ ਡਾਇਬਿਟੀਜ਼ ਤੋਂ ਪੀੜਤ ਹੋ ਤਾਂ ਲਾਲ ਦੀ ਬਜਾਏ ਹਰੇ ਸੇਬ ਦੀ ਵਰਤੋਂ ਕਰੋ. ਇਹ ਤੁਹਾਡੇ ਲਈ ਜ਼ਿਆਦਾ ਫ਼ਾਇਦੇਮੰਦ ਸਾਬਿਤ ਹੋਵੇਗਾ. ਹਰੇ ਸੇਬ ‘ਚ ਲਾਲ ਦੀ ਬਜਾਏ ਘੱਟ ਸ਼ੂਗਰ ਅਤੇ ਜ਼ਿਆਦਾ ਫ਼ਾਈਬਰ ਹੁੰਦਾ ਹੈ. ਇਸ ਸੇਬ ਨੂੰ ਹਮੇਸ਼ਾ ਛਿਲਕੇ ਸਮੇਤ ਖਾਓ.
ਫ਼ੇਫ਼ੜਿਆਂ ਲਈ ਫ਼ਾਇਦੇਮੰਦ – ਹਾਲ ਹੀ ‘ਚ ਕੀਤੀ ਗਈ ਸ਼ੋਧ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ‘ਚ ਫ਼ਲੇਵੋਨਾਈਡ ਮੌਜੂਦ ਹੁੰਦਾ ਹੈ ਜੋ ਤੁਹਾਨੂੰ ਐਜ਼ਮਾ ਦੀ ਸਮੱਸਿਆ ਤੋਂ ਬਚਾਉਂਦਾ ਹੈ ਅਤੇ ਤੁਹਾਡੇ ਫ਼ੇਫ਼ੜਿਆਂ ਨੂੰ ਸਿਹਤਮੰਦ ਰੱਖਦਾ ਹੈ. ਇਸ ਦੀ ਰੋਜ਼ਾਨਾ ਵਰਤੋਂ ਨਾਲ ਫ਼ੇਫ਼ੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ.
ਦਿਲ ਨੂੰ ਰੱਖੇ ਸਿਹਤਮੰਦ – ਹਰੇ ਸੇਬ ‘ਚ ਫ਼ਲੇਵੋਨਾਈਡ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ. ਦਿਲ ਦੇ ਰੋਗੀ ਨੂੰ ਹਰੇ ਸੇਬ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਕਾਫ਼ੀ ਘੱਟ ਜਾਂਦਾ ਹੈ.
ਗਠੀਏ ਦੇ ਰੋਗ ਤੋਂ ਬਚਾਏ – ਹਰੇ ਸੇਬ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ, ਪੋਟੈਸ਼ੀਅਮ ਅਤੇ ਆਇਰਨ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਗਠੀਏ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ.
ਅੱਖਾਂ ਲਈ ਫ਼ਾਇਦੇਮੰਦ – ਜੇ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਇਸ ਫ਼ਲ ਨੂੰ ਨਿਯਮਿਤ ਰੂਪ ‘ਚ ਖਾਣਾ ਸ਼ੁਰੂ ਕਰ ਦਿਓ. ਇਸ ‘ਚ ਭਰਪੂਰ ਮਾਤਰਾ ‘ਚ ਵਾਇਟਾਮਿਨ A ਮੌਜੂਦ ਹੁੰਦਾ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਠੀਕ ਰਹਿੰਦੀ ਹੈ.
ਭਾਰ ਨੂੰ ਕੰਟਰੋਲ ਕਰੇ – ਹਰਾ ਸੇਬ ਸ਼ਰੀਰ ਦੀ ਪਾਚਨ ਪ੍ਰਣਾਲੀ ਨੂੰ ਦਰੁੱਸਤ ਰੱਖਦਾ ਹੈ ਅਤੇ ਸ਼ਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ. ਇਸ ਨਾਲ ਭੁੱਖ ਕੰਟਰੋਲ ‘ਚ ਰਹਿੰਦੀ ਹੈ ਅਤੇ ਤੁਹਾਨੂੰ ਭਾਰ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ.