ਨਵੀਂ ਦਿੱਲੀ— ਦਿੱਲੀ-ਐੈੱਨ.ਸੀ.ਸੀ.ਆਰ ‘ਚ ਵੀਰਵਾਰ ਸਵੇਰੇ ਸ਼ੁਰੂ ਹੋਈ ਤੇਜ਼ ਬਾਰਿਸ਼ ਤੋਂ ਲੋਕਾਂ ਨੂੰ ਅਜੇ ਵੀ ਰਾਹਤ ਨਹੀਂ ਮਿਲੀ। ਦੱਸਣਾ ਚਾਹੁੰਦੇ ਹਾਂ ਕਿ ਬਾਰਿਸ਼ ਦਾ ਸਭ ਤੋਂ ਵੱਧ ਅਸਰ ਗਾਜ਼ੀਆਬਾਦ ‘ਚ ਦੇਖਣ ਨੂੰ ਮਿਲਿਆ, ਜਿਥੇ ਬਾਰਿਸ਼ ਦੌਰਾਨ ਹੋਏ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਾਲਿਆਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲੀ ਵੀ ਨਹੀਂ ਸੀ ਕਿ ਸ਼ੁੱਕਰਵਾਰ ਨੂੰ ਹਥਿਨੀ ਕੁੰਡ ਤੋਂ 1.41 ਲੱਖ ਕਿਊਸਕ ਪਾਣੀ ਛੱਡੇ ਜਾਣ ਦੀ ਖ਼ਬਰ ਆ ਗਈ। ਇਸ ਨਾਲ ਦਿੱਲੀ ਦੇ ਡੂੰਘੇ ਇਲਾਕਿਆਂ ‘ਚ ਪਾਣੀ ਭਰਨ ਦਾ ਸ਼ੱਕ ਵਧ ਗਿਆ ਹੈ। ਦਿੱਲੀ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਅਲਰਟ ਕੀਤਾ ਹੋਇਆ ਹੈ।
ਹਰਿਆਣਾ ਨੇ ਛੱਡਿਆ 1 ਲੱਖ ਕਿਊਸਕ ਪਾਣੀ
ਬਾਰਿਸ਼ ਤੋਂ ਬਾਅਦ ਵਾਟਰ ਲਾਗਿੰਗ ਨਾਲ ਲੋਕ ਜੂਝ ਰਹੇ ਸਨ ਕਿ ਦਿੱਲੀ ਵਾਲਿਆਂ ਨੂੰ ਇਕ ਹੋਰ ਪਰੇਸ਼ਾਨ ਕਰਨ ਵਾਲੀ ਖ਼ਬਰ ਆ ਗਈ। ਹਰਿਆਣਾ ਨੇ ਹਥਿਨੀ ਕੁੰਡ ਬੈਰਾਜ ਤੋਂ 1.41 ਲੱਖ ਕਿਊਸਕ ਪਾਣੀ ਛੱਡਿਆ। ਇਸ ਤੋਂ ਬਾਅਦ ਯਮੁਨਾ 203.83 ਮੀਟਰ ਦੇ ਨਿਸ਼ਾਨ ‘ਤੇ ਵਹਿ ਰਹੀ ਹੈ, ਜੋ ਖਤਰੇ ਦੇ ਨਿਸ਼ਾਨ ਤੋਂ ਲੱਗਭਗ 17 ਸੈ.ਮੀ. ਹੀ ਦੂਰ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੱਕ ਯਮੁਨਾ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਨੂੰ ਛੂਹ ਸਕਦਾ ਹੈ। ਦਿੱਲੀ ਸਰਕਾਰ ਦੇ ਹੜ੍ਹ ਅਤੇ ਸਿੰਚਾਈ ਵਿਭਾਗ ਦਾ ਕਹਿਣਾ ਹੈ ਕਿ ਪਾਣੀ ਨੂੰ ਦਿੱਲੀ ਤੱਕ ਪਹੁੰਚਣ ‘ਚ 48 ਘੰਟੇ ਲੱਗਦੇ ਹਨ, ਅਜਿਹੇ ਸਮੇਂ ‘ਚ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ। ਦਿੱਲੀ-ਐੈੱਨ.ਸੀ.ਸੀ.ਆਰ. ‘ਚ ਵੀਰਵਾਰ ਹੋਈ ਮੂਸਲਾਧਾਰ ਬਾਰਿਸ਼ ਤੋਂ ਬਾਅਦ ਵਿਭਾਗ ਨੇ ਲਗਾਤਾਰ ਯਮੁਨਾ ਦੇ ਜਲ ਪੱਧਰ ‘ਤੇ ਨਜ਼ਰ ਬਣਾਈ ਹੋਈ ਹੈ।