ਚੰਡੀਗੜ੍ਹ,- ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਗੁਰਲੀਨ ਖਹਿਰਾ ਦੀ ਓ.ਈ.ਟੀ. (‘ਆਕੂਪੇਸ਼ਨਲ ਇੰਗਲਿਸ਼ ਟੈਸਟ’) ਬਾਰੇ ਲਿਖੀ ਨਵੀਂ ਕਿਤਾਬ ਰਿਲੀਜ਼ ਕੀਤੀ ਗਈ। ਸਾਫਟ ਸਕਿੱਲ ਟਰੇਨਰ ਤੇ ਨੈਸ਼ਨਲ ਐਵਾਰਡ ਜੇਤੂ ਕਰੀਅਰ ਕਾਊਂਸਲਰ ਗੁਰਲੀਨ ਖਹਿਰਾ ਵੱਲੋਂ ਲਿਖੀ ਪੁਸਤਕ ‘ਨਰਸਿਜ਼-ਗਾਈਡ ਟੂ ਦਾ ਅਪਡੇਟਡ 2.0’ ਉਨ੍ਹਾਂ ਉਮੀਦਵਾਰਾਂ ਲਈ ਬੇਹੱਦ ਸਹਾਈ ਸਾਬਤ ਹੋਵੇਗੀ ਜੋ ਕਿ ਓ.ਈ.ਟੀ. ਦੇ ਕੇ ਵਿਦੇਸ਼ ਵਿੱਚ ਨਰਸਿੰਗ ਦੇ ਖੇਤਰ ਵਿੱਚ ਨੌਕਰੀ ਦੇ ਚਾਹਵਾਨ ਹਨ।
ਓ.ਈ.ਟੀ. ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਹੁੰਦੀ ਹੈ ਜੋ ਕਿ ਸਿਹਤ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਦੇ ਮਾਹਿਰਾਂ ਲਈ ਡਿਜ਼ਾਇਨ ਕੀਤੀ ਗਈ ਹੈ ਜੋ ਕਿ ਆਸਟਰੇਲੀਆ, ਨਿਊਜ਼ੀਲੈਂਡ, ਯੂ.ਕੇ., ਸਿੰਗਾਪੁਰ ਤੇ ਦੁਬਈ ਵਿਖੇ ਇਸ ਖੇਤਰ ਵਿੱਚ ਨਾਮਣਾ ਖੱਟਣਾ ਚਾਹੁੰਦੇ ਹਨ। ਸ. ਸਿੱਧੂ ਨੇ ਗੁਰਲੀਨ ਖਹਿਰਾ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਜ਼ਾਹਰ ਕੀਤੀ ਕਿ ਇਹ ਪੁਸਤਕ ਨਰਸਿੰਗ ਦੇ ਖੇਤਰ ਵਿੱਚ ਵਿਦੇਸ਼ਾਂ ‘ਚ ਕਰੀਅਰ ਬਣਾਉਣ ਦੇ ਚਾਹਵਾਨਾਂ ਲਈ ਸਹਾਈ ਸਿੱਧ ਹੋਵੇਗੀ।
ਇਸ ਮੌਕੇ ਗੁਰਲੀਨ ਦੇ ਪਿਤਾ ਸ. ਪਰਮਜੀਤ ਸਿੰਘ ਖਹਿਰਾ ਜੋ ਸਾਬਕਾ ਕਬੱਡੀ ਖਿਡਾਰੀ ਤੇ ਸੇਵਾ ਮੁਕਤ ਐਸ.ਪੀ. ਹਨ, ਵੀ ਹਾਜ਼ਰ ਸਨ।