ਬਠਿੰਡਾ—ਆਪ ਵਿਧਾਇਕ ਸੁਖਪਾਲ ਖਹਿਰਾ ਵਲੋਂ 2 ਅਗਸਤ ਨੂੰ ਬਠਿੰਡਾ ਵਿਚ ਸੱਦੀ ਗਈ ਕਨਵੈਨਸ਼ਨ ਦਾ ਦੋ ਵਿਧਾਇਕਾਂ ਤਲਵੰਡੀ ਸਾਬੋ ਤੋਂ ਐਮ.ਐਲ.ਏ. ਬਲਜਿੰਦਰ ਕੌਰ ਅਤੇ ਕੋਟਕਪੁਰਾ ਤੋਂ ਐਮ.ਐਲ.ਏ. ਕੁਲਤਾਰ ਸਿੰਘ ਸੰਧਵਾਂ ਵਲੋਂ ਬਾਈਕਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਦਾ ਸਮਰਥਨ ਕਰਦੇ ਹਨ। ਬਲਜਿੰਦਰ ਕੌਰ ਨੇ ਕਿਹਾ ਕਿ ਮੈਂ ਹਮੇਸ਼ਾ ਪਾਰਟੀ ਦੇ ਫੈਸਲਿਆਂ ਦਾ ਸਮਰਥਨ ਕੀਤਾ ਹੈ ਅਤੇ ਮੈਂ ਇਸ ਵਾਰ ਵੀ ਪਾਰਟੀ ਦੇ ਫੈਸਲੇ ਨਾਲ ਖੜ੍ਹੀ ਹਾਂ। ਬਠਿੰਡਾ ਵਿਚ ਹੋ ਰਹੇ ਸੰਮੇਲਨ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ। ਅੱਗੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪਾਰਟੀ ਵਿਚ ਚੱਲ ਰਹੀਆਂ ਗਤੀਵਿਧੀਆਂ ਸਹੀ ਨਹੀਂ ਹਨ ਅਤੇ ਪਾਰਟੀ ਦੇ ਫੈਸਲੇ ‘ਤੇ ਸਵਾਲ ਪੁੱਛਣ ਵਾਲੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਸਾਰੇ ਪਾਰਟੀ ਕਾਰਨ ਹੀ ਵਿਧਾਇਕ ਹਨ। ਪੰਜਾਬ ਦੀ ਸਿਆਸਤ ਵਿਚ ਇਹ ਸ਼ੁਰੂਆਤ ਤੋਂ ਬਿਲਕੁੱਲ ਸਪੱਸ਼ਟ ਹੈ ਕਿ ਪਾਰਟੀ ਤੋਂ ਬਿਨਾਂ ਵਿਅਕਤੀਆਂ ਦਾ ਕੋਈ ਭਵਿੱਖ ਨਹੀਂ ਹੁੰਦਾ।
ਇਸੇ ਤਰ੍ਹਾਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾਂ ਨੇ ਵੀ ਕਿਹਾ ਕਿ ਉਹ ਵੀ ਪਾਰਟੀ ਦੇ ਫੈਸਲੇ ਦਾ ਸਮਰਥਨ ਕਰਦੇ ਹਨ ਅਤੇ ਉਹ ਵੀ ਖਹਿਰਾ ਵਲੋਂ ਸੱਦੀ ਗਈ ਕਨਵੈਨਸ਼ਨ ਵਿਚ ਸ਼ਾਮਲ ਨਹੀਂ ਹੋਣਗੇ। ਦੂਜੇ ਪਾਸੇ ਜੈਤੋ ਤੋਂ ਖਹਿਰਾ ਦੇ ਸਮਰਥਕ ਐਮ.ਐਲ.ਏ. ਬਲਦੇਵ ਸਿੰਘ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੰਮੇਲਨ ਕਰ ਰਹੇ ਹਨ। ਇਹ ਸੰਮੇਲਨ ਮਹੱਤਵਪੂਰਨ ਹੈ ਕਿਉਂਕਿ ਅਸੀਂ ਪਾਰਟੀ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਾ ਚਾਹੁੰਦੇ ਹਾਂ। ਅਸੀਂ ਪਾਰਟੀ ਦੇ ਖਿਲਾਫ ਜਾਣ ਬਾਰੇ ਸੋਚ ਨਹੀਂ ਸਕਦੇ। ਇਸ ਦੌਰਾਨ ਖਹਿਰਾ ਨੇ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨਾਲ ਮਿਲ ਕੇ 2 ਅਗਸਤ ਦੇ ਸੰਮੇਲਨ ਲਈ ਸਮਰਥਨ ਹਾਸਲ ਕਰਨ ਲਈ ਜਨਤਕ ਮੀਟਿੰਗਾਂ ਵੀ ਕੀਤੀਆਂ।