ਚੰਡੀਗੜ੍ਹ : ‘ਆਪ’ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਵਲੋਂ 2 ਅਗਸਤ ਨੂੰ ਬਠਿੰਡਾ ਵਿਖੇ ਰੱਖੀ ਗਈ ‘ਆਮ ਆਦਮੀ ਪਾਰਟੀ’ ਦੀ ਕਨਵੈਂਸ਼ਨ ਬਾਰੇ ਬੋਲਦਿਆਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਇਸ ਕਨਵੈਂਸ਼ਨ ‘ਚ ਪਾਰਟੀ ਵਿਰੋਧੀ ਕੋਈ ਵੀ ਗੱਲ ਨਹੀਂ ਕਹੀ ਜਾਵੇਗੀ, ਸਗੋਂ ਪਾਰਟੀ ਦੇ ਵਾਲੰਟੀਅਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਇਹ ਕਨਵੈਂਸ਼ਨ ਰੱਖੀ ਗਈ ਹੈ। ਕੰਵਰ ਸੰਧੂ ਨੇ ਕਿਹਾ ਕਿ ਹਰ ਵਾਰ ਦਿੱਲੀ ਤੋਂ ਪਾਰਟੀ ਦੀ ਪੰਜਾਬ ਇਕਾਈ ‘ਤੇ ਆਪਣੀ ਮਰਜ਼ੀ ਨਾਲ ਜੋ ਫੈਸਲੇ ਥੋਪੇ ਜਾ ਰਹੇ ਹਨ, ਇਹ ਕਨਵੈਂਸ਼ਨ ਉਨ੍ਹਾਂ ਫੈਸਲਿਆਂ ਖਿਲਾਫ ਹੈ ਨਾ ਕਿ ਪਾਰਟੀ ਖਿਲਾਫ। ਕੰਵਰ ਸੰਧੂ ਨੇ ਕਿਹਾ ਕਿ ਉਹ ਕੋਈ ਰਬੜ ਦੀ ਸਟੈਂਪ ਨਹੀਂ ਹਨ ਕਿ ਜੋ ਦਿੱਲੀ ਦਰਬਾਰ ਤੋਂ ਹੁਕਮ ਹੋਇਆ, ਉਹੀ ਮੰਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀ ਪੰਜਾਬ ਇਕਾਈ ਲਈ ਖੁਦ ਮੁਖਤਿਆਰੀ ਚਾਹੁੰਦੇ ਹਨ।
ਕੰਵਰ ਸੰਧੂ ਨੇ ਕਿਹਾ ਕਿ ਇਸ ਕਨਵੈਂਸ਼ਨ ‘ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਮਨੀਸ਼ ਸਿਸੋਦੀਆ, ਡਾ. ਬਲਬੀਰ ਸਿੰਘ ਨੇ ਬਾਕੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਅਤੇ ਇਸ ਕਨਵੈਂਸ਼ਨ ‘ਚ ਹਿੱਸਾ ਲੈਣ ਲਈ 12-13 ਵਿਧਾਇਕਾਂ ਨੇ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਨਵੈਂਸ਼ਨਾਂ ਤਾਂ ਹੁਣ ਤੱਕ ਕਈ ਹੋ ਜਾਣੀਆਂ ਚਾਹੀਦੀਆਂ ਸਨ।
ਕੰਵਰ ਸੰਧੂ ਨੇ ਕਿਹਾ ਕਿ ਕਈ ਲੋਕਾਂ ਵਲੋਂ ਇਸ ਕਨਵੈਂਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ‘ਤੇ ਕਿਸੇ ਨੂੰ ਧਿਆਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਇਨ੍ਹਾਂ ‘ਚ ਕੋਈ ਸੱਚਾਈ ਨਹੀਂ ਹੈ।