ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੰਗਲਵਾਰ ਨੂੰ ‘ਪੰਜਾਬ ਮੰਚ’ ਦੇ ਮੁੱਖ ਏਜੰਡੇ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਅੰਦਰ ਪੰਜਾਬ ਦੀ ਖੁਦਮੁਖਤਿਆਰੀ ਚਾਹੀਦੀ ਹੈ। ਉਨ੍ਹਾਂ ਕੇਂਦਰ ਸਰਕਾਰ ‘ਤੇ ਖੂਬ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਹੱਕ ਕੇਂਦਰ ਨੇ ਖੋਹ ਲਏ ਹਨ, ਜਿਸ ਕਾਰਨ ਪੰਜਾਬ ਅੱਜ ਪੂਰੀ ਤਰ੍ਹਾਂ ਕੰਗਾਲ ਹੋ ਕੇ ਰਹਿ ਗਿਆ ਹੈ ਅਤੇ ਪੰਜਾਬ ਦੀਆਂ ਸਰਕਾਰਾਂ ਹਰ ਵਾਰ ਦਿੱਲੀ ਦਰਬਾਰ ਜਾ ਕੇ ਪੰਜਾਬ ਦੀ ਤਰਸਯੋਗ ਹਾਲਤ ਲਈ ਭੀਖ ਮੰਗ ਰਹੀਆਂ ਹਨ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਇਸ ਸਮੇਂ 2 ਲੱਖ ਕਰੋੜ ਦਾ ਕਰਜ਼ਾਈ ਹੈ ਅਤੇ ਕੋਈ ਵੀ ਸਰਕਾਰ ਆ ਜਾਵੇ, ਉਹ ਪੰਜਾਬ ਨੂੰ ਖੁਸ਼ਹਾਲ ਉਸ ਸਮੇਂ ਤੱਕ ਨਹੀਂ ਬਣਾ ਸਕਦੀ, ਜਦੋਂ ਤੱਕ ਪੰਜਾਬ ਨੂੰ ਕੇਂਦਰ ਵਲੋਂ ਖੋਹੇ ਗਏ ਹੱਕ ਨਹੀਂ ਮਿਲ ਜਾਂਦੇ।
ਡਾ. ਗਾਂਧੀ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਫੈਡਰਲ ਢਾਂਚੇ ਪੜ੍ਹ ਚੁੱਕੇ ਹਨ ਅਤੇ ਪੰਜਾਬ ਨੂੰ ਕਿਸ ਤਰ੍ਹਾਂ ਦਾ ਫੈਡਰਲ ਸਿਸਟਮ ਚਾਹੀਦਾ ਹੈ, ਇਸ ਦਾ ਐਲਾਨ ਉਹ ਜਲਦ ਹੀ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸਾਰੇ ਟੈਕਸਾਂ ਦੀ ਕੁਲੈਕਸ਼ਨ ਆਪਣੇ ਕੋਲ ਰੱਖੀ ਹੋਈ ਹੈ ਅਤੇ ਪੰਜਾਬ ਦਾ ਸਾਰਾ ਪੈਸਾ ਕੇਂਦਰ ਕੋਲ ਜਾ ਰਿਹਾ ਹੈ, ਇਸ ਲਈ ਜਦੋਂ ਤੱਕ ਪੰਜਾਬ ਨੂੰ ਖੁਦਮੁਖਤਿਆਰੀ ਨਹੀਂ ਮਿਲਦੀ, ਉਸ ਸਮੇਂ ਤੱਕ ਪੰਜਾਬ ‘ਚ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।