ਚੰਡੀਗੜ੍ਹ : ਇੱਥੇ ਸੀ. ਬੀ. ਆਈ. ਦੀ ਅਦਾਲਤ ਨੇ ਪੰਜਾਬ ਪੁਲਸ ਦੇ ਏ. ਆਈ. ਜੀ. ਪੀ. ਐੱਸ. ਸੰਧੂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਪੀ. ਐੱਸ. ਸੰਧੂ ਨੂੰ ਸਜ਼ਾ 3 ਅਗਸਤ ਨੂੰ ਸੁਣਾਈ ਜਾਵੇਗੀ। ਦੱਸ ਦੇਈਏ ਕਿ ਸੰਧੂ ਦੇ ਖਿਲਾਫ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਸਾਲ 2011 ‘ਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਸੀ. ਬੀ. ਆਈ. ਦੀ ਅਦਾਲਤ ‘ਚ ਚੱਲ ਰਹੀ ਸੀ।
ਅਦਾਲਤ ‘ਚ ਪਿਛਲੇ ਹਫਤੇ ਦੋਹਾਂ ਪੱਖਾਂ ਵਲੋਂ ਮਾਮਲੇ ਦੀ ਅੰਤਿਮ ਬਹਿਸ ਪੂਰੀ ਹੋ ਗਈ ਸੀ। ਜ਼ਿਕਰਯੋਗ ਹੈ ਕਿ 12 ਜੁਲਾਈ, 2011 ‘ਚ ਅਦਾਲਤ ਨੇ ਏ. ਆਈ. ਜੀ. ਪੀ. ਐੱਸ. ਸੰਧੂ ਨੂੰ ਦੁਕਾਨ ਤੋਂ 50,000 ਰੁਪਏ ਰਿਸ਼ਵਤ ਲੈਂਦੇ ਸਮੇਂ ਗ੍ਰਿਫਤਾਰ ਕੀਤਾ ਸੀ। ਏ. ਆਈ. ਜੀ. ਸੰਧੂ ‘ਤੇ ਸ਼ਿਕਾਇਤ ਕਰਤਾ ਨਿਸ਼ਾਂਤ ਸ਼ਰਮਾ ਦੇ ਖਿਲਾਫ ਦਰਜ ਧੋਖਾਧੜੀ ਦੇ ਕੇਸ ‘ਚ ਉਨ੍ਹਾਂ ਦੇ ਪੱਖ ‘ਚ ਰਿਪੋਰਟ ਬਣਾਉਣ ਲਈ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ। ਨਿਸ਼ਾਂਤ ਨੇ ਇਸ ਦੀ ਸ਼ਿਕਾਇਤ ਸੀ. ਬੀ. ਆਈ. ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਟਰੈਪ ਲਾ ਕੇ ਏ. ਆਈ. ਜੀ. ਸੰਧੂ ਨੂੰ ਰਿਸ਼ਵਤ ਦੇ ਪੈਸੇ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਸੀ।