ਨਵੀਂ ਦਿੱਲੀ— ਭਾਰੀ ਬਾਰਸ਼ ਕਾਰਨ ਆਗਰਾ ਲਖਨਊ ਐਕਸਪ੍ਰੈਸ ਵੇਅ ਦਾ ਇਕ ਹਿੱਸਾ ਜ਼ਮੀਨ ‘ਚ ਧੱਸ ਗਿਆ। ਜਿਸ ਦੇ ਚੱਲਦੇ ਇਕ ਜੀਪ 50 ਫੁੱਟ ਡੂੰਘੇ ਟੋਏ ‘ਚ ਡਿੱਗ ਗਈ। ਇਸ ਘਟਨਾ ‘ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹਾਦਸੇ ਦੀ ਜਾਂਚ ਸਵਤੰਤਰ ਏਜੰਸੀ ਰਾਈਟਸ ਲਿਮਿਟਡ ਨੂੰ ਅੱਜ ਸੌਂਪੀ ਹੈ। ਨਿਰਮਾਣ ਏਜੰਸੀ ਨੂੰ ਤੁਰੰਤ ਇਸ ਦੀ ਮੁਰੰਮਤ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਕੰਨੌਜ ਵਾਸੀ ਰਚਿਤ ਆਪਣੇ ਚਾਰ ਪਰਿਵਾਰਕ ਮੈਂਬਰਾਂ ਨਾਲ ਗੱਡੀ ਖਰੀਦ ਕੇ ਵਾਪਸ ਆ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਗੂਗਲ ਮੈਪ ਦੀ ਮਦਦ ਨਾਲ ਇਸ ਰਸਤੇ ‘ਤੇ ਪੁੱਜੇ ਪਰ ਜਦੋਂ ਸਰਵਿਸ ਰੋਡ ਵੱਲ ਆਏ ਤਾਂ ਉਨ੍ਹਾਂ ਨੇ ਦਰਾੜ ਦੇਖੀ। ਜਦੋਂ ਤੱਕ ਬ੍ਰੇਕ ਲਗਾਉਂਦੇ ਉਦੋਂ ਤੱਕ ਗੱਡੀ ਟੋਏ ‘ਚ ਡਿੱਗ ਗਈ। ਸਥਾਨਕ ਵਾਸੀਆਂ ਦੀ ਮੰਨੋ ਤਾਂ ਬਾਰਸ਼ ਦੇ ਬਾਅਦ ਇੱਥੇ ਜਗ੍ਹਾ-ਜਗ੍ਹਾ ਸੜਕ ‘ਚ ਟੋਏ ਹੋ ਗਏ ਹਨ।