ਕਰਨ ਜੌਹਰ ਨੇ ਆਪਣੀ ਅਗਲੀ ਫ਼ਿਲਮ ਲਈ ਕਰੀਨਾ ਨੂੰ ਕੀਤਾ ਸਾਈਨ। ਨੌਂ ਸਾਲ ਬਾਅਦ ਅਦਾਕਾਰ ਅਕਸ਼ੈ ਕੁਮਾਰ ਨਾਲ ਮੁੜ ਜੋੜੀ ਬਣਾਏਗੀ ਕਰੀਨਾ। ਫ਼ਿਲਮ ‘ਚ ਦੋਹੇਂ ਪਤੀ-ਪਤਨੀ ਦੀ ਭੂਮਿਕਾ ‘ਚ ਆਉਣਗੇ ਨਜ਼ਰ …

ਅਕਸ਼ੈ-ਕਰੀਨਾ ਜੋੜੀ ਦੀ ਵਾਪਸੀ
ਲੰਬੇ ਸਮੇਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਕਰੀਨਾ ਕਪੂਰ ਕਰਨ ਜੌਹਰ ਦੀ ਅਗਲੀ ਫ਼ਿਲਮ ‘ਚ ਨਜ਼ਰ ਆ ਸਕਦੀ ਹੈ। ਇਨ੍ਹਾਂ ਚਰਚਾਵਾਂ ਤੋਂ ਬਾਅਦ ਕਰੀਨਾ ਨੇ ਵੀ ਜ਼ਾਹਿਰ ਕਰ ਹੀ ਦਿੱਤਾ ਹੈ ਕਿ ਉਹ ਕਰਨ ਦੀ ਫ਼ਿਲਮ ‘ਚ ਕੰਮ ਕਰਨ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਫ਼ਿਲਮ ‘ਚ ਕਰੀਨਾ ਨਾਲ ਅਕਸ਼ੈ ਕੁਮਾਰ ਨਜ਼ਰ ਆਉਣਗੇ। ਕਰਨ ਜੌਹਰ ਦੀ ਇਸ ਫ਼ਿਲਮ ਨੂੰ ਲੈ ਕੇ ਹੁਣ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਉਸ ਨੇ ਫ਼ਿਲਮ ‘ਚ ਦੂਜੀ ਲੀਡ ਜੋੜੀ ਲਈ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਨੂੰ ਸਾਈਨ ਕਰ ਲਿਆ ਹੈ। ਰਾਜ ਮਹਿਤਾ ਦੇ ਨਿਰਦੇਸ਼ਨ ‘ਚ ਬਣਨ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਦੋ ਜੋੜੀਆਂ ਦੇ ਆਪਸੀ ਰਿਸ਼ਤਿਆਂ ਦਾ ਸਫ਼ਰ ਬਿਆਨ ਕਰਦੀ ਹੈ। ਕਹਾਣੀ ‘ਚ ਅਕਸ਼ੈ ਅਤੇ ਕਰੀਨਾ ਦੇ ਕਿਰਦਾਰ ਨੂੰ ਲੈ ਕੇ ਹੋ ਰਹੀ ਚਰਚਾ ਦੀ ਮੰਨੀਏ ਤਾਂ ਇਹ ਅਦਾਕਾਰ ਫ਼ਿਲਮ ‘ਚ ਇੱਕ ਵਿਆਹੀ ਜੋੜੀ ਦੇ ਕਿਰਦਾਰ ‘ਚ ਨਜ਼ਰ ਆ ਸਕਦੇ ਹਨ। ਇਹ ਇੱਕ ਅਜਿਹੀ ਵਿਆਹੀ ਜੋੜੀ ਦੀ ਕਹਾਣੀ ਹੈ ਜੋ ਪਰਿਵਾਰਕ ਪਲੈਨਿੰਗ ਦਾ ਸੁਪਨਾ ਸੰਜੋਈ ਬੈਠੀ ਹੈ। ਜੇ ਕਰੀਨਾ ਅਤੇ ਅਕਸ਼ੈ ਵਾਕਿਆ ਹੀ ਇਸ ਫ਼ਿਲਮ ‘ਚ ਇਕੱਠੇ ਨਜ਼ਰ ਆਉਂਦੇ ਹਨ ਤਾਂ ਇਹ ਜੋੜੀ ਕਰੀਬ ਨੌਂ ਸਾਲ ਬਾਅਦ ਪਰਦੇ ‘ਤੇ ਵਾਪਸੀ ਕਰੇਗੀ। ਇਸ ਤੋਂ ਪਹਿਲਾਂ ਕਰੀਨਾ ਅਤੇ ਅਕਸ਼ੈ ਆਖ਼ਰੀ ਵਾਰ ਗੱਬਰ ਇਜ਼ ਬੈਕ ‘ਚ ਨਜ਼ਰ ਆਏ ਸਨ। ਜੇ ਹੁਣ ਇਥੇ ਗੱਲ ਕਰੀਏ ਫ਼ਿਲਮ ਦੀ ਦੂਜੀ ਲੀਡ ਕਾਸਟ ‘ਚ ਨਜ਼ਰ ਆਉਣ ਵਾਲੇ ਦਿਲਜੀਤ ਦੋਸਾਂਝ ਦੀ ਤਾਂ ਫ਼ਿਲਹਾਲ ਉਸ ਦੀ ਫ਼ਿਲਮ ਸੂਰਮਾ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਉਥੇ ਹੀ ਅਦਾਕਾਰਾ ਕਿਆਰਾ ਅਡਵਾਨੀ ਕਰਨ ਜੌਹਰ ਦੀ ਫ਼ਿਲਮ ਕਲੰਕ ‘ਚ ਇੱਕ ਕੈਮਿਓ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਕਿਆਰਾ ਨੇ ਵਰੁਣ ਧਵਨ ਨਾਲ ਇੱਕ ਗੀਤ ਵੀ ਸ਼ੂਟ ਕੀਤਾ ਹੈ।