ਸੱਥ ‘ਚ ਆਉਂਦਿਆਂ ਹੀ ਬਾਬੇ ਨਿਧਾਨ ਸਿਉਂ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਕਿਉਂ ਬਈ ਸੀਤਾ ਸਿਆਂ! ਆਹ ਆਪਣੇ ਗੁਆੜ ਆਲੇ ਕ੍ਰਪਾਲੇ ਬਾਵੇ ਕੇ ਘਰੇ ਕਾਹਦਾ ‘ਕੱਠ ਜਾ ਕਰੀ ਖੜ੍ਹੇ ਐ ਮਖਤਿਆਰੇ ਬਿੰਬਰ ਅਰਗੇ ਜਿਮੇਂ ਕੋਈ ਪੈਸੇ ਧੇਲਾ ਦਾ ਰੌਲ਼ਾ ਹੁੰਦੈ?”
ਬਾਬੇ ਦੇ ਪਿੱਛੇ ਪਿੱਛੇ ਤੁਰਿਆ ਆਉਂਦਾ ਨਾਥਾ ਅਮਲੀ ਵੀ ਸੱਥ ‘ਚ ਵੜਦਾ ਹੀ ਟਿੱਚਰ ‘ਚ ਕਹਿੰਦਾ, ”ਪੈਂਸਿਆਂ ਦਾ ਕਾਹਨੂੰ ਐਂ ਰੌਲਾ ਬਾਬਾ ਸਿਆਂ, ਕ੍ਰਪਾਲੇ ਦਾ ਪੋਤਾ ਤੇ ਕ੍ਰਪਾਲੇ ਦਾ ਦੋਹਤਾ ਰਾਤ ਕਿਤੇ ਅੱਧੀ ਕੁ ਰਾਤ ਨੂੰ ਰੇਸ਼ਮ ਠੇਕੇਦਾਰ ਕੇ ਕੁੱਕੜਾਂ ਆਲਾ ਖੁੱਡਾ ਖੋਹਲ ਗੇ। ਰਾਤ ਨੂੰ ਬਿੱਲੀ ਆਈ ਸਾਰੇ ਕੁੱਕੜ ਕੁਕੜੀਆਂ ਦੀ ਗਤੀ ਕਰ ਗੀ। ਹੁਣ ਰੇਸ਼ਮ ਕੇ ਘੁੱਲੇ ਸਰਪੈਂਚ ਤੇ ਮਖਤਿਆਰੇ ਬਿੰਬਰ ਨੂੰ ਲੈ ਕੇ ਕ੍ਰਪਾਲੇ ਕੇ ਘਰੇ ਲਾਂਭਾ ਦੇਣ ਆਏ ਐ। ਆਹ ਗੱਲ ਐ, ਹੋਰ ਕਿਤੇ ਮੁੰਡੇ ਦੀ ਰੋਪਣਾ ‘ਤੇ ਤਾਂ ਨ੍ਹੀ ਆਏ। ਨਾਲੇ ਆਪਣੇ ਗੁਆੜ ਆਲੇ ਤਾਂ ਸੈਂਕਲ ਦੀ ਟੂਪ ਦਾ ਭੜਾਕਾ ਪੈ ਜੇ ਤਾਂ ‘ਕੱਠ ਮਾਰ ਲੈਂਦੇ ਐ ਇਹ ਤਾਂ ਫ਼ਿਰ ਵੀ ਕੁੱਕੜਾਂ ਦਾ ਕੰਮ ਐਂ। ઺
ਸੀਤਾ ਮਰਾਸੀ ਕਹਿੰਦਾ, ”ਕੁੱਕੜਾਂ ਨੂੰ ਗਾਹਾਂ ਮੁਰਗੀਆਂ ਆਲੇ ਮੇਜਰ ਦਾ ਮੁਰਗੀਖਾਨਾ ਸੀ ਬਈ ਡੂਢ ਹਜ਼ਾਰ ਮੁਰਗੀ ਐ। ਤਿੰਨ ਤਾਂ ਕੁਕੜੀਆਂ ਐਂ ਇੱਕ ਮਰਿਆ ਜਾ ਕੁੱਕੜ ਐ। ਆਂਡਾ ਤਾਂ ਕੋਈ ਕੁਕੜੀ ਦਿੰਦੀ ਨ੍ਹੀ, ਬਿੱਠਾਂ ਨਾਲ ਜਰੂਰ ਘਰ ਭਰ ਦਿੰਦੀਆਂ।”
ਬੁੱਘਰ ਦਖਾਣ ਨਾਥੇ ਅਮਲੀ ਨੂੰ ਕਹਿੰਦਾ, ”ਹੁਣ ਤਾਂ ਅਮਲੀਆ ਉਹ ਮਨ੍ਹੀ ਰਹੀਆਂ ਹੋਣੀਆਂ, ਸਾਰੀਆਂ ਨੂੰ ਈ ਬਿੱਲੀ ਖਾ ਗੀ ਹੋਣੀ ਐ ਕੁ ਨਹੀਂ?”
ਨਾਥਾ ਅਮਲੀ ਬੁੱਘਰ ਦਖਾਣ ਦੀ ਗੱਲ ਸੁਣ ਕੇ ਬੁੱਘਰ ਦੇ ਗਲ ਪੈ ਗਿਆ, ”ਸਾਰੀਆਂ ਕਿੰਨ੍ਹੀਆਂ ਕੁ ਸੀ ਮਿਸਤਰੀਆ ਓਏ, ਤੈਨੂੰ ਦੱਸੀ ਤਾਂ ਜਾਨੇਂ ਆਂ ਬਈ ਢਾਈ ਤਿੰਨ ਕੁ ਤਾਂ ਮੁਰਗੀਆਂ ਸੀ। ਕਾਂ ਕਾਂ ਉਹੋ ਬਾਹਲ਼ਾ ਕਰਦੀਆਂ ਹੋਣੀਐਂ, ਆਂਢੀ ਗੁਆਂਢੀਆਂ ਨੂੰ ਇਉਂ ਲੱਗਿਆ ਹੋਣੈ ਬਈ ਚਾਰ ਪੰਜ ਸੌ ਕੁਕੜੀ ਐ।”
ਬਾਬਾ ਨਿਧਾਨ ਸਿਉਂ ਮੁਸ਼ਕਣੀਆਂ ਹੱਸ ਕੇ ਅਮਲੀ ਨੂੰ ਕਹਿੰਦਾ, ”ਆ ਢਾਈ ਤਿੰਨ ਕੀ ਓਏ ਅਮਲੀਆ, ਅੱਧੀ ਮੁਰਗੀ ਵੀ ਹੁੰਦੀ ਐ ਕਿਤੇ? ਮੈਨੂੰ ਲੱਗਦੈ ਤੇਰਾ ਮਖਤਿਆਰ ਸਿਉਂ ਮਾਹਟਰ ਕੋਲੋਂ ਢਾਈਏ ਦਾ ਪਹਾੜਾ ਪੜ੍ਹਿਆ ਲੱਗਦੈ। ਤਾਂ ਹੀ ਅੱਧੀ ਮੁਰਗੀ ਫਿੱਟ ਕਰ ‘ਤੀ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਇੱਕ ਚੂਚਾ ਹੋਣੈ ਵਿੱਚ ਛੋਟਾ ਜਾ, ਤਾਹੀਂ ਢਾਈ ਮੁਰਗੀਆਂ ਹੋਣੀਆਂ।”
ਸੀਤੇ ਮਰਾਸੀ ਨੇ ਬਾਬੇ ਨਿਧਾਨ ਸਿਉਂ ਨੂੰ ਪੁੱਛਿਆ, ”ਮਖਤਿਆਰ ਸਿਉਂ ਮਾਹਟਰ ਕਿਹੜਾ ਬਾਬਾ ਜੀ?”
ਨਾਥਾ ਅਮਲੀ ਸੀਤੇ ਮਰਾਸੀ ਵੱਲੋਂ ਬਾਬੇ ਨਿਧਾਨ ਸਿਉਂ ਕੋਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਾ ਕਹਿੰਦਾ, ”ਜਿਹੜੇ ਮਖਤਿਆਰ ਸਿਉਂ ਦੀ ਕੁੱਟ ਤੋਂ ਡਰਦਾ ਤੂੰ ਸਕੂਲ ਨੂੰ ਸਾਸਰੀ ਕਾਲ ਬਲਾ ਆਇਆ ਸੀ।”
ਮਾਹਲਾ ਨੰਬਰਦਾਰ ਕਹਿੰਦਾ, ”ਕੀ ਗੱਲ ਅਮਲੀਆ ਐਨਾ ਕਿੰਨ੍ਹਾ ਕੁ ਕੁੱਟਦਾ ਸੀ ਮਖਤਿਆਰ ਸਿਉਂ?”
ਅਮਲੀ ਕਹਿੰਦਾ, ”ਕੁੱਟਦਾ ਕਿਹਾ ਬੜਾ ਕਿਹਾ। ਮਖਤਿਆਰ ਸਿਉਂ ਨੇ ਤਾਂ ਕਲਦੀਪ ਮਾਣਕ ਅਰਗਿਆਂ ਗਵਈਆਂ ਤੋਂ ਕੁੱਟ ਕੁੱਟ ਸਕੂਲ ਛਡਾ ‘ਤੇ ਸੀ, ਇਹ ਸੀਤੇ ਮਰਾਸੀ ਅਰਗੇ ਕਿਹੜੇ ਬਾਗ ਦੀਆਂ ਮੂਲੀਆਂ ਨੇ।”
ਗੱਲਾਂ ਸੁਣੀ ਜਾਂਦਾ ਗੁਣੀ ਨਹਿੰਗ ਮੁਸ਼ਕਣੀ ਹੱਸ ਕੇ ਕਹਿੰਦਾ, ”ਫ਼ੇਰ ਤਾਂ ਮਖਤਿਆਰ ਸਿਉਂ ਮਰਾਸੀਆਂ ਦੇ ਈ ਵੈਰ ਪਿਆ ਵਿਆ ਸੀ। ਪਹਿਲਾਂ ਮਾਣਕ ਭਜਾ ‘ਤਾ ਕੁੱਟ ਕੇ ਫ਼ੇਰ ਸੀਤੇ ਦੇ ਪਾ ‘ਤੀਆਂ ਹੋਣੀਆਂ ਪਿੜੀਆਂ ਹੈਂ?”
ਮਾਹਲਾ ਨੰਬਰਦਾਰ ਕਹਿੰਦਾ, ”ਮਾਣਕ ਤਾਂ ਫ਼ਿਰ ਵੀ ਚੋਟੀ ਦਾ ਗਵੱਈਆ ਬਣ ਨਿਕਲਿਆ, ਇਹਤੋਂ ਸੀਤਾ ਸਿਉਂ ਤਾਂ ਕੁਸ ਮਨ੍ਹੀ ਬਣਿਆਂ ਗਿਆ।”
ਨਾਥਾ ਅਮਲੀ ਟਿੱਚਰ ‘ਚ ਸੀਤੇ ਮਰਾਸੀ ‘ਤੇ ਨਿਸ਼ਾਨਾ ਸੇਧਦਾ ਬੋਲਿਆ, ”ਇਹਨੇ ਕੀ ਬਣਨਾ ਸੀ ਬੁੱਢੀ ਗੋਹ ਨੇ। ਦਸ ਕਰਮਾਂ ਤੋਂ ਦੂਰ ਇਹਨੂੰ ਦੀਂਹਦਾ ਨ੍ਹੀ, ਤੁਰਿਆ ਚੱਜ ਨਾਲ ਇਹਤੋਂ ਨ੍ਹੀ ਜਾਂਦਾ, ਹਕ ਇਹਨੂੰ ਪੈਂਦੀ ਐ। ਜਦੋਂ ਇਹ ਬੋਲੂ ਫ਼ਿਰ ਇਉਂ ਲੱਗੂ ਜਿਮੇਂ ਕੋਈ ਬੁੱਢਾ ਠੇਰਾ ਪੋਹ ਮਾਘ ਦੀਆਂ ਰਾਤਾਂ ਨੂੰ ਰਜਾਈ ‘ਚ ਮੂੰਹ ਦੇ ਕੇ ਖੰਘਦਾ ਹੁੰਦੈ। ਇਹਦੀ ਛੋਟੀ ਜੀ ਕੋਈ ਗੱਲ ਮੁੱਕਦਿਆਂ ਮੁੱਕਦਿਆਂ ਬੰਦਾ ਤੁਰ ਕੇ ਵੀ ਚੰਦਭਾਨ ਤੋਂ ਗਿੱਦੜਬਹੇ ਦਾ ਗੇੜਾ ਲਾ ਆਂਉਂਦੈ, ਇਹ ਹਜੇ ਸੰਘ ਚੀ ਘੁਰਲ ਘੁਰਲ ਕਰੀ ਜਾਊ।”
ਬਾਬਾ ਨਿਧਾਨ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ ਐਨੀ ਮਨ੍ਹੀ ਹੱਕ ਪੈਂਦੀ ਸੀਤਾ ਸਿਉਂ ਨੂੰ ਜਿੰਨੀ ਤੂੰ ਕਹੀ ਜਾਨੈ।”
ਅਮਲੀ ਫ਼ੇਰ ਬੋਲਿਆ ਪੰਜ ਪੌਣ ‘ਤੇ ਹੋ ਕੇ, ”ਪੈਂਦੀ ਕਿਉਂ ਨ੍ਹੀ ਬਾਬਾ, ਇਹਨੂੰ ਸੀਤੇ ਨੂੰ ਕਿਤੇ ਘਰੇ ਲੜਦੇ ਨੂੰ ਸੁਣੀਂ। ਇਉਂ ਉੱਚੀ ਉੱਚੀ ਬੋਲੂ ਜਿਮੇਂ ਸਿਆਲ ‘ਚ ਕੋਰਾ ਪੈਂਦੇ ‘ਚ ਠੰਢ ਲੱਗੀ ਆਲਾ ਗਧਾ ਹਿੱਣਕਦਾ ਹੁੰਦੈ।”
ਅਮਲੀ ਦੀ ਗੱਲ ਸੁਣ ਕੇ ਸੀਤਾ ਮਰਾਸੀ ਅਮਲੀ ਦੇ ਗਲ਼ ਪੈ ਗਿਆ, ”ਤੇ ਤੂੰ ਓਏ ਫ਼ੰਜਰਾ ਜਿਆ, ਕਦੇ ਸੀਸੇ ‘ਚ ਮੂੰਹ ਵੇਖਿਆ ਆਵਦਾ। ਖਾਣਾ ਨ੍ਹੀ ਪੀਣਾ ਨ੍ਹੀ, ਸੁੱਕ ਕੇ ਜਬ੍ਹਾੜ੍ਹੇ ਇਉਂ ਹੋਏ ਪਏ ਐ ਜਿਮੇਂ ਖੱਦਰ ਦਾ ਸੁੱਥੂ ਨਚੋੜ ਕੇ ਤਣੀ ‘ਤੇ ਪਾਇਆ ਹੁੰਦੈ। ਕੰਜਰ ਦਿਉ ਕੁਸ ਖਾ ਪੀ ਵੀ ਲਿਆ ਕਰੋ।”
ਮਾਹਲਾ ਨੰਬਰਦਾਰ ਮਰਾਸੀ ਨੂੰ ਕਹਿੰਦਾ, ”ਭੁੱਖੇ ਤਾਂ ਨ੍ਹੀ ਸੀਤਾ ਸਿਆਂ ਸੌਂਦੇ ਏਹੇ, ਰੋਟੀ ਤਾਂ ਖਾ ਕੇ ਈ ਸੌਂਦੇ ਐ।”
ਅਮਲੀ ਮਾਹਲੇ ਨੰਬਰਦਾਰ ਨੂੰ ਡਰਾਉਣੀ ਭੂਤ ਵਾਂਗੂੰ ਚਿੰਬੜ ਗਿਆ, ”ਰੋਟੀ ਤਾਂ ਨੰਬਰਦਾਰਾ ਹਰੇਕ ਈ ਖਾਂਦੈ।”
ਨਾਥੇ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਪ੍ਰਤਾਪਾ ਭਾਊ ਬੋਲਿਆ, ”ਹੋਰ ਕੀ ਫ਼ਿਰ ਬਗਰੋਟਾ ਖਾ ਲੈਣ, ਝੜਕਾ ਇਨ੍ਹਾਂ ਦੇ ਘਰੇ ਨ੍ਹੀ ਬਣਦਾ, ਦਾਰੂ ਇਹ ਨ੍ਹੀ ਪੀਂਦੇ, ਕੋਈ ਆਂਡਾ ਸ਼ਾਂਡਾ ਨ੍ਹੀ ਖਾਂਦੇ ਹੋਰ ਕੀ ਇਹ ਹਾਥੀ ਪੇਚੇ ਦੀ ਭਾਜੀ ਖਾ ਲੈਣ। ਹੁਣ ਤਾਂ ਫ਼ੇਰ ਸੁੱਕੀਆਂ ਰੋਟੀਆਂ ਈ ਰਹਿ ਗੀਆਂ, ਉਹ ਭਾਵੇਂ ਵੱਧ ਖਾ ਲੈਣ ਭਾਵੇਂ ਘੱਟ ਖਾ ਲੈਣ। ਹੁਣ ਪਤੌੜਾਂ ਨਾਲ ਤਾਂ ਭਲਵਾਨ ਬਣਨ ਨ੍ਹੀ ਲੱਗੇ।”
ਬਾਬਾ ਨਿਧਾਨ ਸਿਉਂ ਕਹਿੰਦਾ, ”ਘਿਉ ਘੂ ਖਾਣ ਫ਼ਿਰ ਦੇਸੀ, ਫ਼ੇਰ ਵੇਖੀਂ ਰਬੜ ਦੇ ਨਾਲੇ ਆਂਗੂੰ ਵਧਦੇ।”
ਬੁੱਘਰ ਦਖਾਣ ਕਹਿੰਦਾ, ”ਐਨਾ ਦੇਸੀ ਘਿਉ ਲਿਆਉਣਗੇ ਕਿੱਥੋਂ। ਨਾਲੇ ਸ਼ਰੀਰ ਮਨ੍ਹੀ ਬਾਬਾ ਘਿਉ ਖਾਣ ਆਲੇ। ਪਿਚਕੇ ਕੇ ਤਾਂ ਇਉਂ ਹੋਏ ਫ਼ਿਰਦੇ ਐ ਜਿਮੇਂ ਗਧੇ ਨੇ ਘਿਉ ਤੋਰੀ ਮਿੱਧੀ ਹੋਵੇ। ਕੜ੍ਹਾਹ ਤਾਂ ਪੰਸੇਰੀ ਪੰਸੇਰੀ ਖਾ ਜਾਂਦੇ ਐ, ਘਿਉ ਦਾ ਤਾਂ ਚਮਚਾ ਮਨ੍ਹੀ ਨੰਘਣਾ। ਜੇ ਚਮਚਾ ਦੋ ਚਮਚੇ ਟੱਬਰ ‘ਚੋਂ ਕਿਸੇ ਨੇ ਖਾ ਵੀ ਲਏ ਤਾਂ ਡੱਬਾ ਹੱਥ ਚੀ ਰਹੂ, ਜਾਂ ਫ਼ਿਰ ਦਿਹਾੜੀ ਛੱਪੜ ਕੋਲੇ ਜਾ ਕੇ ਬਹਿਣਾ ਪਊ।”
ਜੱਗੇ ਕਾਮਰੇਡ ਨੇ ਪੁੱਛਿਆ, ”ਛੱਪੜ ਕੋਲੇ ਕਿਉਂ ਬਈ?”
ਸੀਤਾ ਮਰਾਸੀ ਕਾਮਰੇਡ ਨੂੰ ਕਹਿੰਦਾ, ”ਤੂੰ ਵੀ ਕਾਮਰੇਟਾ ਕਦੇ ਕਦੇ ਜੱਲ੍ਹ ਫ਼ਲੱਲੀਆਂ ਈ ਮਾਰਨ ਲੱਗ ਜਾਨੈਂ। ਘਿਉ ਖਾਣ ਨਾਲ ਮੋਕ ਨਾ ਲੱਘੂ। ਜੇ ਮੋਕ ਲੱਗ ਗੀ ਤਾਂ ਫਿਰ ਛੱਪੜ ਈ ਝੱਲੂ। ਆਹ ਗਬੜੀ ਦੋ ਗਬੜੀਆਂ ਪਾਣੀ ਨੇ ਨ੍ਹੀ ਕੰਮ ਕਰਨਾ। ਸਾਉਣ ਦੇ ਮਹੀਨੇ ‘ਚ ਚੱਲਦੇ ਪਰਨਾਲੇ ਆਂਗੂੰ ਫ਼ੁਆਰੇ ਨੂੰ ਤਾਂ ਛੱਪੜ ਈ ਝੱਲੂ।”
ਮੱਦੀ ਪੰਡਤ ਸੀਤੇ ਮਰਾਸੀ ਨੂੰ ਕਹਿੰਦਾ, ”ਵੱਸ ਕਰ ਮੀਰ ਹੁਣ, ਨਹੀਂ ਤੇਰੇ ਗਲ਼ ਪਊ ਇਹੇ। ਕੋਈ ਹੋਰ ਗੱਲ ਕਰ ਲੋ। ਇਹਨੇ ਬੋਲਣ ਲੱਗੇ ਨੇ ਵੇਖਣਾ ਨ੍ਹੀ ਫੇਰ ਗੱਲ ਗਲਤ ਹੋ ਜੂ।”
ਨਾਥਾ ਅਮਲੀ ਮੱਦੀ ਪੰਡਤ ਦੀ ਗੱਲ ਸੁਣ ਕੇ ਮੱਦੀ ਪੰਡਤ ਨੂੰ ਪੈ ਨਿਕਲਿਆ, ”ਅੱਗੇ ਦੱਸੀ ਖਾਂ ਮੈਂ ਕੀ ਬੋਲਿਆਂ ਓਏ ਕਿਸੇ ਨੂੰ। ਤੂੰ ਅੱਡ ਈ ਮਿੱਡੂਖੇੜੇ ਆਲਾ ਸੰਤੋਖਾ ਜੈਲਦਾਰ ਬਣਿਆਂ ਬੈਠੈਂ ਚੁੱਪ ਕਰਾਉਣ ਨੂੰ। ਤੂੰ ਤਾਂ ਆਪ ਪਰਸੋਂ ਚੌਥੇ ਬਗੀਚੀ ਕੇ ਭਾੜੇ ਨਾਲ ਮੱਘਰ ਦੀ ਚੱਕੀ ‘ਤੇ ਕਥਾ ਸਣਾਉਣ ਪਿੱਛੇ ਦੂਰੋਂ ਦੂਰੀ ਹੋ ਕੇ ਹਟਿਐਂ। ਕਥਾ ਸਣਾਉਣ ਨੂੰ ਤੂੰ ਕਿੱਧਰੋਂ ਆ ਗਿਆ ਚੱਕ ਸ਼ੇਰੇ ਆਲੇ ਆਲਾ ਬਾਬਾ ਰਣਭੂਮ ਸਿਉਂ। ਭੋਰਾ ਖੀਰ ਪਿੱਛੇ ਤਾਂ ਸੋਡਾ ਸਾਰਾ ਟੱਬਰ ਇਉਂ ਰੁੱਸ ਕੇ ਬਹਿ ਜਾਂਦੈ ਜਿਮੇਂ ਬਾਂਦਰੀ ਤੋਂ ਖਿੱਲਾਂ ਖੋਹ ਲੀਆਂ ਪਿੱਛੋਂ ਉਹ ਤੰਦੂਰ ਨਾਲ ਲੱਗ ਕੇ ਬਹਿ ਜਾਂਦੀ ਐ।”
ਬਾਬੇ ਨਿਧਾਨ ਸਿਉਂ ਨੇ ਅਮਲੀ ਨੂੰ ਪੁੱਛਿਆ, ”ਇਹ ਪੰਡਤ ਕਥਾ ਵੀ ਸਣਾ ਲੈਂਦਾ ਅਮਲੀਆ?”
ਅਮਲੀ ਕਹਿੰਦਾ, ”ਕਥਾ ਸਣਾਉਣ ਪਿੱਛੇ ਤਾਂ ਬਗੀਚੀ ਕੇ ਭਾੜੇ ਨਾਲ ਲੜਿਆ ਇਹੇ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਭਾੜਾ ਤਾਂ ਅਮਲੀਆ ਉਈਂ ਨ੍ਹੀ ਕਿਸੇ ਨਾਲ ਲੜਦਾ। ਇੱਕ ਤਾਂ ਊਂ ਉਹੋ ਕੰਨਾਂ ਤੋਂ ਬੋਲੈ, ਦੂਜਾ ਸਭਾਅ ਦਾ ਨਰਮ ਬੰਦਾ ਉਹੋ ਉਹਨੇ ਕੀ ਲੜਣਾ ਸੀ ਕਿਸੇ ਨਾਲ।”
ਨਾਥਾ ਅਮਲੀ ਸੂਬੇਦਾਰ ਨੂੰ ਵੀ ਭੁੱਖੀ ਬਾਂਦਰੀ ਵਾਂਗੂੰ ਕਤਾੜ ਕੇ ਪੈ ਗਿਆ, ”ਕਿਉਂ ਨ੍ਹੀ ਫ਼ੌਜੀਆ ਤੂੰ ਕਿਸੇ ਭੜੂਏ ਦੀ ਗੱਲ ਸਮਝਦਾ ਹੁੰਦੈਂ? ਮੈਂ ਕਹਿਨਾਂ ਪੰਡਤ ਲੜਿਆ ਭਾੜੇ ਨਾਲ, ਭਾੜਾ ਨ੍ਹੀ ਲੜਿਆ ਪੰਡਤ ਨਾਲ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਮੈਂ ਤਾਂ ਹਜੇ ਮਨ੍ਹੀ ਤੇਰੀ ਗੱਲ ਸਮਝਿਆ ਯਾਰ।”
ਨਾਥਾ ਅਮਲੀ ਸੂਬੇਦਾਰ ਰਤਨ ਸਿਉਂ ਨੂੰ ਕਹਿੰਦਾ, ”ਜੇ ਗੱਲ ਸਮਝਣੀ ਐ ਤਾਂ ਉਰ੍ਹੇ ਨੂੰ ਹੋ ਫ਼ਿਰ ਭੋਰਾ। ਕਥਾ ਆਲੀ ਗੱਲ ਇਉਂ ਐਮ ਸਭ ਨੂੰ ਪਤੈ ਬਈ ਭਾੜਾ ਬੋਲੈ, ਉੱਚੀ ਮਨ੍ਹੀ ਸੁਣਦਾ ਉਹਨੂੰ। ਤਾਹੀਂ ਉਹਦੇ ਕੰਨਾਂ ‘ਚ ਸੁਣਨ ਆਲੀ ਮਸ਼ੀਨ ਲੱਗੀ ਵੀ ਐ। ਸਿਧ ਪਧਰਾ ਬੰਦਾ ਉਹੋ। ਇਹ ਮੱਦੀ ਪੰਡਤ ਜੀ ਕਿਤੇ ਮੱਘਰ ਦੀ ਚੱਕੀ ‘ਤੇ ਪੰਜ ਸੱਤ ਬੰਦਿਆਂ ਨੂੰ ਕੋਈ ਕਥਾ ਕੁਥਾ ਸਣਾਉਣ ਲੱਗ ਪਿਆ। ਉਨ੍ਹਾਂ ਪੰਜਾਂ ਸੱਤਾਂ ‘ਚ ਕਿਤੇ ਭਾੜਾ ਵੀ ਬੈਠਾ ਸੀ। ਉਹਦੇ ਭਾੜੇ ਦੇ ਵੇਖ ਲਾ ਸੁਣਨ ਆਲੀ ਮਸ਼ੀਨ ਤਾਂ ਜੇਬ੍ਹ ‘ਚ ਪਾਈ ਵੀ ਹੁੰਦੀ ਐ ਤੇ ਉਹਦੀ ਤਾਰ ਕੰਨ ‘ਚ ਲੱਗੀ ਸਿਟ੍ਹੀ ਜੀ ਨੂੰ ਜਾਂਦੀ ਐ। ਇਹ ਪੰਡਤ ਉਨ੍ਹਾਂ ਨਾਲ ਘੈਂਟਾ ਮੱਥਾ ਮਾਰੀ ਗਿਆ। ਜਦੋਂ ਕਥਾ ਕੁਥਾ ਕੋਈ ਮੁੱਕੀ ਤਾਂ ਭਾੜਾ ਇਹਨੂੰ ਪੰਡਤ ਨੂੰ ਕਹਿੰਦਾ ‘ਹੁਣ ਹੋਰ ਸਣਾ ਕੋਈ’। ਜਦੋਂ ਭਾੜੇ ਨੇ ਇਹ ਗੱਲ ਕਹੀ ਤਾਂ ਇਹ ਪੰਡਤ ਉਹਦੇ ਗਲ ਪੈ ਗਿਆ। ਕਹਿੰਦਾ ‘ਮੈਂ ਤਾਂ ਸੋਨੂੰ ਐਨੇ ਕੰਮ ਦੀਆਂ ਗੱਲਾਂ ਸਣਾਈਆਂ ਤੇ ਤੂੰ ਆਹ ਤਾਰ ਜੀ ਕੰਨ ‘ਚ ਫ਼ਸਾ ਕੇ ਗਾਣੇ ਸੁਣੀ ਗਿਐਂ। ਉਹਦੇ ਨਾਲ ਇਹ ਦੂਰੋ ਦੂਰੀ। ਓੱਥੇ ਕਿਤੇ ਚੱਕੀ ‘ਤੇ ਸੁਰਜਨ ਬੁੜ੍ਹਾ ਬੈਠਾ ਸੀ। ਉਹਨੇ ਕਿਹਾ ਫ਼ਿਰ ਇਹਨੂੰ ਪੰਡਤ ਨੂੰ। ਕਹਿੰਦਾ ‘ਪੰਡਤ ਜੀ! ਇਹਦੇ ਭਾੜੇ ਦੇ ਕੰਨ ‘ਚ ਗਾਣੇ ਸੁਣਨ ਆਲੀ ਤਾਰ ਨ੍ਹੀ ਲੱਗੀ ਵੀ, ਇਹਨੂੰ ਉੱਚੀ ਸੁਣਦਾ ਕਰ ਕੇ ਕੰਨ ‘ਚ ਸੁਣਨ ਆਲੀ ਮਸ਼ੀਨ ਲੱਗੀ ਵੀ ਐ, ਤੂੰ ਬਿਨਾ ਸੋਚੇ ਸਮਝੇ ਈ ਇਹਦੇ ਗਰੀਬ ਦੇ ਗਲ ਪਈ ਜਾਨੈਂ’। ਸੁਰਜਨ ਬੁੜ੍ਹੇ ਦੀ ਗੱਲ ਸੁਣ ਕੇ ਚੱਕੀ ਆਲਾ ਮੱਘਰ ਵੀ ਇਹਦੇ ਪੰਡਤ ਦੇ ਗਲ ਪੈ ਗਿਆ। ਕਹਿੰਦਾ ‘ਇਹ ਕੋਈ ਧਰਮਸਾਲਾ ਓਏ ਪੰਡਤਾ ਜਿੱਥੇ ਤੁੰ ਕਥਾ ਸਣਾਉਣ ਬਹਿ ਗਿਐਂ। ਚੱਲ ਉੱਠ ਏਥੋਂ, ਏਥੇ ਨਾ ਆਇਆ ਕਰ ਐਮੇਂ ਸਾਨੂੰ ਵੀ ਕਿਸੇ ਨਾਲ ਲੜਾਏਂਗਾ’। ਲੈ ਤੂੰ ਦੱਸ ਬਾਬਾ, ਹੁਣ ਇਹ ਪੰਡਤ ਭਾੜੇ ਦੇ ਕੰਨ ‘ਚ ਲੱਗੀ ਸੁਣਨ ਆਲੀ ਮਸ਼ੀਨ ਨੂੰ ਗਾਣੇ ਸੁਣਨ ਆਲੀ ਮਸ਼ੀਨ ਈ ਸਮਝੀ ਜਾਂਦੈ। ਘੋਗੜ ਨ੍ਹੀ ਤਾਂ ਹੋਰ ਕੀਅ੍ਹੈ ਇਹੇ।”
ਮੱਦੀ ਪੰਡਤ ਨਾਥੇ ਅਮਲੀ ਤੋਂ ਕਥਾ ਸੁਣ ਕੇ ਸੱਥ ‘ਚੋਂ ਉੱਠ ਕੇ ਇਉਂ ਡਾਕ ਬਣਕੇ ਭੱਜ ਗਿਆ ਜਿਵੇਂ ਗਾਰੇ ‘ਚ ਲਿੱਬੜੇ ਸੂਰ ਨੂੰ ਵੇਖ ਕੇ ਕਤੂਰਾ ਭੱਜਦਾ ਹੁੰਦੈ।
ਪੰਡਤ ਨੂੰ ਸੱਥ ‘ਚੋਂ ਤੁਰੇ ਜਾਂਦੇ ਨੂੰ ਵੇਖ ਕੇ ਬਾਬਾ ਨਿਧਾਨ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ! ਤੂੰ ਤਾਂ ਯਾਰ ਨਿੱਤ ਈ ਕਿਸੇ ਨਾ ਕਿਸੇ ਨੂੰ ਸੱਥ ‘ਚੋਂ ਇਉਂ ਭਜਾ ਦਿੰਨੈ ਜਿਮੇਂ ਝਾੜੂ ਆਲੇ ਆਵਦੇ ਈ ਲੀਡਰਾਂ ਨੂੰ ‘ਕੱਲਾ ‘ਕੱਲਾ ਕਰ ਕੇ ਪਾਲਟੀ ਕੱਢੀ ਜਾਂਦੇ ਐ।”
ਬਾਬੇ ਨਿਧਾਨ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਸਾਫ਼ਾ ਝਾੜਦਾ ਸੱਥ ‘ਚੋਂ ਉੱਠ ਕੇ ਆਪਣੇ ਆਪ ਨੂੰ ਬੋਲ ਕੇ ਕਹਿੰਦਾ, ”ਚੱਲ ਓ ਭਾਈ ਨਾਥਾ ਸਿਆਂ! ਤੂੰ ਵੀ ਚੱਲ ਹੁਣ ਘਰ ਨੂੰ, ਪੰਡਤ ਜੀ ਤਾਂ ਹੋ ਗੇ ਰਫ਼ੂ ਚੱਕਰ।”
ਜਿਉਂ ਹੀ ਨਾਥਾ ਅਮਲੀ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਨ ਲੱਗਿਆ ਤਾਂ ਬਾਬਾ ਨਿਧਾਨ ਸਿਉਂ ਵੀ ਉੱਠ ਖੜੋਤਾ ਤੇ ਬਾਕੀ ਦੀ ਸੱਥ ਵਾਲੇ ਵੀ ਅਮਲੀ ਤੇ ਬਾਬੇ ਨੂੰ ਵੇਖ ਕੇ ਸੱਥ ‘ਚੋਂ ਉੱਠ ਕੇ ਮੱਦੀ ਪੰਡਤ ਦੀਆਂ ਗੱਲਾਂ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।