ਨਵੀਂ ਦਿੱਲੀ—ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਭਗਵਾ ਰੰਗ ਕਰ ਦਿੱਤਾ ਗਿਆ। ਪਿੰਡ ਸਭਾ ਦੀ ਜ਼ਮੀਨ ‘ਤੇ ਪਿਛਲੇ 20 ਸਾਲ ਤੋਂ ਮਹਾਤਮਾ ਗਾਂਧੀ ਦੀ ਮੂਰਤੀ ਲੱਗੀ ਹੋਈ ਹੈ। ਮੂਰਤੀ ਦਾ ਰੰਗ ਪਹਿਲਾਂ ਸਫੇਦ ਸੀ। ਮੀਡੀਆ ਰਿਪੋਰਟ ਮੁਤਾਬਕ ਐਡੀਸ਼ਨਲ ਡੀ.ਐੱਮ ਬੱਚੂ ਸਿੰਘ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ‘ਤੇ ਉਚਿਤ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸ਼ਾਹਜਹਾਂਪੁਰ ਦੇ ਜਿਸ ਢਾਕਾ ਘਨਸ਼ਾਮਪੁਰ ਪਿੰਡ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਭਗਵਾ ਰੰਗ ਕੀਤਾ ਗਿਆ, ਉਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਤੇ ਰਾਤੋਂ ਰਾਤ ਇਸ ‘ਤੇ ਭਗਵਾ ਰੰਗ ਚੜ੍ਹਾਏ ਜਾਣ ਨੂੰ ਲੈ ਕੇ ਲੋਕ ਗੁੱਸੇ ‘ਚ ਹਨ। ਪਿੰਡ ਵਾਸੀਆਂ ਮੁਤਾਬਕ ਪਹਿਲਾਂ ਇਹ ਮੂਰਤੀ ਸਫੇਦ ਰੰਗ ‘ਚ ਰੰਗੀ ਹੋਈ ਸੀ। ਅੰਬੇਡਕਰ ਦੀ ਮੂਰਤੀ ਨੂੰ ਵੀ ਭਗਵਾ ਰੰਗ ‘ਚ ਰੰਗ ਦਿੱਤਾ ਗਿਆ ਸੀ। ਬਦਾਯੂੰ ਜ਼ਿਲੇ ਦੇ ਦੁਰਗੈਯਾ ਪਿੰਡ ‘ਚ ਭੀਮ ਰਾਓ ਅੰਬੇਡਕਰ ਦੀ ਨਵੀਂ ਮੂਰਤੀ ਲਗਾਈ ਗਈ ਸੀ ਪਰ ਮੂਰਤੀ ਦਾ ਕੋਟ ਭਗਵਾ ਰੰਗ ਦਾ ਸੀ। ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਉਦੋਂ ਜਾ ਕੇ ਇਸ ਨੂੰ ਨੀਲੇ ਰੰਗ ‘ਚ ਰੰਗ ਦਿੱਤਾ ਗਿਆ ਸੀ।