ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਣੀ ਕਰ ਲਈ ਹੈ ਅਤੇ ਇਹ ਖ਼ੁਸ਼ਖਬਰੀ ਸਾਰਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਪ੍ਰਿਅੰਕਾ ਨੇ ਹੌਲੀਵੁਡ ਤੋਂ ਵਾਪਿਸ ਆ ਕੇ ਸਭ ਤੋਂ ਪਹਿਲਾਂ ਅਲੀ ਅੱਬਾਸ ਜ਼ਫ਼ਰ ਦੀ ਫ਼ਿਲਮ ਭਾਰਤ ਸਾਈਨ ਕੀਤੀ। ਇਸ ‘ਚ ਉਸ ਨਾਲ ਸਲਮਾਨ ਖ਼ਾਨ ਦੀ ਜੋੜੀ ਬਣਾਈ ਗਈ ਸੀ। ਇਨ੍ਹਾਂ ਦੋਹਾਂ ਨੇ ਫ਼ਿਲਮ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਹੁਣ ਪ੍ਰਿਅੰਕਾ ਫ਼ਿਲਮ ਤੋਂ ਬਾਹਰ ਹੋ ਚੁੱਕੀ ਹੈ। ਇਹ ਜਾਣਕਾਰੀ ਖ਼ੁਦ ਅਲੀ ਅੱਬਾਸ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਇਸ ਦੇ ਨਾਲ ਹੀ ਅੱਬਾਸ ਨੇ ਪ੍ਰਿਅੰਕਾ ਅਤੇ ਨਿਕ ਦੇ ਇਕੱਠਿਆਂ ਹੋਣ ਦੇ ਸੰਕੇਤ ਵੀ ਦਿੱਤੇ ਸਨ। ਅਜਿਹੇ ‘ਚ ਪ੍ਰਿਅੰਕਾ ਤਾਂ ਭਾਰਤ ਫ਼ਿਲਮ ਤੋਂ ਬਾਹਰ ਹੋ ਗਈ ਪਰ ਹੁਣ ਫ਼ਿਲਮ ਲਈ ਅੱਬਾਸ ਨੂੰ ਨਵੀਂ ਅਦਾਕਾਰਾ ਦੀ ਤਲਾਸ਼ ਕਰਨੀ ਹੋਵੇਗੀ ਅਤੇ ਇਹ ਸੱਚਮੁੱਚ ਇੱਕ ਔਖਾ ਕੰਮ ਹੈ। ਪ੍ਰਿਅੰਕਾ ਫ਼ਿਲਹਾਲ ਬੌਲੀਵੁਡ ਦੀਆਂ ਟੌਪ ਨਾਇਕਾਵਾਂ ਵਿੱਚ ਗਿਣੀ ਜਾਂਦੀ ਹੈ। ਅਜਿਹੇ ‘ਚ ਫ਼ਿਲਮ ਦੀ ਦੂਸਰੀ ਹੀਰੋਇਨ ਵੀ ਟੌਪ ਦੀ ਹੋਣੀ ਚਾਹੀਦੀ। ਜਾਣਕਾਰੀ ਮਿਲੀ ਹੈ ਕਿ ਨਿਰਮਾਤਾ ਵਲੋਂ ਹੁਣ ਫ਼ਿਲਮ ਲਈ ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ਼ ਤਕ ਪਹੁੰਚ ਕੀਤੀ ਜਾ ਰਹੀ ਹੈ। ਬਾਜ਼ੀ ਕੌਣ ਮਾਰਦਾ ਹੈ, ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ। ਇਹ ਦਿਲਚਸਪ ਇਸ ਲਈ ਵੀ ਹੋਵੇਗਾ ਕਿਉਂਕਿ ਇਹ ਦੋਹੇਂ ਅਭਿਨੇਤਰੀਆਂ ਇੱਕ-ਦੂਸਰੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀਆਂ। ਕੈਟਰੀਨਾ ਕਈ ਵਾਰ ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀ ਹੈ, ਅਤੇ ਦਰਸ਼ਕ ਉਨ੍ਹਾਂ ਦੀ ਜੋੜੀ ਨੂੰ ਦੇਖਣਾ ਪਸੰਦ ਵੀ ਕਰਦੇ ਹਨ। ਉਥੇ, ਦੀਪਿਕਾ ਜੇ ਇਹ ਫ਼ਿਲਮ ਸਾਈਨ ਕਰਦੀ ਹੈ ਤਾਂ ਇਹ ਉਸ ਦੀ ਸਲਮਾਨ ਖ਼ਾਨ ਨਾਲ ਪਹਿਲੀ ਫ਼ਿਲਮ ਹੋਵੇਗੀ। ਵੈਸੇ ਇਸ ਸਮੇਂ ਫ਼ਿਲਮ ਪਦਮਾਵਤ ਤੋਂ ਬਾਅਦ ਦੀਪਿਕਾ ਪਾਦੂਕੋਣ ਦੀ ਬੌਲੀਵੁਡ ‘ਚ ਪੂਰੀ ਚੜ੍ਹਤ ਕਾਇਮ ਹੈ। ਦੀਪਿਕਾ ਹੌਲੀਵੁਡ ‘ਚ ਵੀ ਕੰਮ ਕਰ ਚੁੱਕੀ ਹੈ ਇਸ ਲਈ ਪ੍ਰਿਅੰਕਾ ਤੋਂ ਬਾਅਦ ਹੋ ਸਕਦਾ ਹੈ ਕਿ ਦੀਪਿਕਾ ਇਸ ਫ਼ਿਲਮ ਦਾ ਹਿੱਸਾ ਬਣੇ।