ਨਵੀਂ ਦਿੱਲੀ—ਹਿਮਚਾਲ ਪ੍ਰਦੇਸ਼ ਵਿਚ ਪਿਛਲੇ 12 ਘੰਟਿਆਂ ਤੋਂ ਜਾਰੀ ਮੀਂਹ ਨੇ ਭਾਰੀ ਤਬਾਹੀ ਮਚਾਈ। ਸੂਬਾਈ ਮੁੱਖ ਦਫਤਰ ਤੋਂ ਮਿਲੀ ਸੂਚਨਾ ਅਨੁਸਾਰ ਸੋਲਨ ਜ਼ਿਲੇ ਵਿਚ 8, ਮੰਡੀ ਵਿਚ 4, ਹਮੀਰਪੁਰ ਅਤੇ ਕਾਂਗੜਾ ਜ਼ਿਲਿਆਂ ਵਿਚ 2-2, ਬਿਲਾਸਪੁਰ ਅਤੇ ਊਨਾ ਵਿਚ 1-1 ਵਿਅਕਤੀ ਦੀ ਜਾਨ ਚਲੀ ਗਈ। ਕਿਨੌਰ ਜ਼ਿਲੇ ਦੀ ਸਾਂਗਲਾ ਘਾਟੀ ਵਿਚ ਢਿੱਗਾਂ ਡਿੱਗਣ ਦੌਰਾਨ ਰਸਤਾ ਬੰਦ ਹੋਣ ਨਾਲ 100 ਸੈਲਾਨੀ ਅਤੇ 15 ਵਾਹਨ ਫਸ ਗਏ ਹਨ ਅਤੇ ਇਕ ਪੁਲ ਵੀ ਰੁੜ੍ਹ ਗਿਆ ਹੈ।
ਭਾਰੀ ਮੀਂਹ ਦੇ ਅਲਰਟ ਨੂੰ ਵੇਖਦੇ ਹੋਏ ਸਰਕਾਰ ਨੇ 10 ਜ਼ਿਲਿਆਂ ‘ਚ ਮੰਗਲਵਾਰ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ-ਕਾਲਜ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਢਿੱਗਾਂ ਤੇ ਚੱਟਾਨਾਂ ਡਿੱਗਣ ਨਾਲ 4-ਨੈਸ਼ਨਲ ਹਾਈਵੇ ਅਤੇ ਸੈਂਕੜੇ ਲਿੰਕ ਸੜਕਾਂ ਬੰਦ ਰਹੀਆਂ।
ਕਾਂਗੜਾ ਜ਼ਿਲੇ ਵਿਚ 3 ਵਾਹਨ, ਜਦਕਿ ਮੰਡੀ ਦੇ ਪੰਡੋਹ ਬੰਨ੍ਹ ਵਿਚ ਇਕ ਜੀਪ ਰੁੜ੍ਹ ਗਈ। ਕੁੱਲੂ ਜ਼ਿਲੇ ਦੇ ਮਣੀਕਰਨ ਕਟਾਗਲਾ ਅਤੇ ਮੌਹਲ ‘ਚ ਬੱਦਲ ਫਟਣ ਨਾਲ ਭੂੰਤਰ ਬਾਜ਼ਾਰ ਪਾਣੀ ਨਾਲ ਭਰ ਗਿਆ ਅਤੇ 3 ਪਰਿਵਾਰ ਲਾਪਤਾ ਹੋ ਗਏ। ਓਧਰ ਖੋਖਣ ਨਾਲੇ ਵਿਚ ਵੀ ਜ਼ਬਰਦਸਤ ਹੜ੍ਹ ਆਇਆ ਹੈ। ਪੱਦਰ ‘ਚ ਮਨਾਲੀ-ਅੰਮ੍ਰਿਤਸਰ ਬੱਸ ਮਲਬੇ ਵਿਚ ਧਸ ਗਈ। ਓਧਰ ਗ੍ਰਹਿ ਮੰਤਰਾਲੇ ਦੇ ਨੈਸ਼ਨਲ ਐਮਰਜੈਂਸੀ ਰਿਸਪਾਂਸ ਸੈਂਟਰ (ਐੱਨ. ਈ. ਆਰ. ਸੀ.) ਦੇ ਮੁਤਾਬਕ ਹੜ੍ਹਾਂ ਅਤੇ ਮੀਂਹ ਨਾਲ 7 ਸੂਬਿਆਂ ਕੇਰਲ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਆਸਾਮ ਅਤੇ ਨਾਗਾਲੈਂਡ ‘ਚ ਹੁਣ ਤੱਕ 774 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ 16 ਸੂਬਿਆਂ ਵਿਚ 2 ਦਿਨ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਕਰਨਾਟਕ ਦੀ ਸਥਿਤੀ ਭਿਆਨਕ
ਭਾਰੀ ਮੀਂਹ ਕਾਰਨ ਕਰਨਾਟਕ ਦੇ ਜਲ ਸੋਮਿਆਂ ‘ਚ ਪਾਣੀ ਦੇ ਜਮ੍ਹਾ ਹੋਣ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਨਾਲ ਹੜ੍ਹ ਦੀ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਸੂਬੇ ਦੇ ਕਈ ਇਲਾਕਿਆਂ ਵਿਚ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ।
ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਲਗਾਤਾਰ ਮੀਂਹ ਅਤੇ ਹੜ੍ਹਾਂ ਨਾਲ ਸਥਿਤੀ ਖਰਾਬ ਹੈ। ਯੂ. ਪੀ. ਦੇ ਫਾਰੂਖਾਬਾਦ ਵਿਚ ਕਰੀਬ 6 ਦਰਜਨ ਪਿੰਡ ਹੜ੍ਹ ਦੀ ਲਪੇਟ ਵਿਚ ਹਨ। ਝਾਂਸੀ ਵਿਚ ਨਹਿਰਾਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਲੋਕ ਹੜ੍ਹ ਨੂੰ ਲੈ ਕੇ ਸਹਿਮੇ ਹੋਏ ਹਨ। ਜੰਮੂ-ਕਸ਼ਮੀਰ ਦੇ ਲੱਦਾਖ ਖੇਤਰ ਵਿਚ ਮੀਂਹ ਨਾਲ ਕਈ ਥਾਵਾਂ ਤੇ ਸੜਕਾਂ ਪ੍ਰਭਾਵਿਤ ਹੋਈਆਂ। ਉੱਤਰਾਖੰਡ ਦੇ ਕਈ ਹਿੱਸਿਆਂ ‘ਚ ਮੀਂਹ ਅਤੇ ਢਿੱਗਾਂ ਡਿੱਗਣ ਨਾਲ ਸਥਿਤੀ ਵਿਗੜੀ ਹੋਈ ਹੈ। ਵੱਡੀ ਪੱਧਰ ‘ਤੇ ਢਿੱਗਾਂ ਡਿੱਗਣ ਨਾਲ ਦੇਹਰਾਦੂਨ-ਮੰਸੂਰੀ ਮਾਰਗ ਬੰਦ ਪਿਆ ਹੈ।
ਕੇਰਲ ‘ਚ ਮ੍ਰਿਤਕਾਂ ਦੀ ਗਿਣਤੀ 178 ਤਕ ਪਹੁੰਚੀ
ਕੇਰਲ ਆਜ਼ਾਦੀ ਤੋਂ ਬਾਅਦ ਸਭ ਤੋਂ ਤਬਾਹਕੁੰਨ ਹੜ੍ਹ ਨਾਲ ਜੂਝ ਰਿਹਾ ਹੈ। ਹੜ੍ਹ ਦੇ ਕਾਰਨ ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ 178 ਪਹੁੰਚ ਗਈ ਹੈ। 60 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ। ਓਧਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਲਾਨ ਕੀਤਾ ਕਿ ਕੇਰਲ ਵਿਚ ਹੜ੍ਹ ਦੇ ਦੌਰਾਨ ਜਿਹੜੇ ਪਾਸਪੋਰਟਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਸਰਕਾਰ ਮੁਫਤ ਬਦਲੇਗੀ।