ਮੋਗਾ — ਆਮ ਆਦਮੀ ਪਾਰਟੀ ਦੇ ਧਰਮਕੋਟ ਦੇ ਵਲੰਟੀਅਰਾਂ ਦੀ ਮੀਟਿੰਗ ਜ਼ਿਲਾ ਪ੍ਰਧਾਨ ਨਸੀਬ ਬਾਵਾ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿਚ ਆਈ ਅਸਥਿਰਤਾ ਬਾਰੇ ਵਲੰਟੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਸਾਰੇ ਵਲੰਟੀਅਰਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਪਿਛਲੇ ਦਿਨੀਂ ‘ਆਪ’ ਪੰਜਾਬ ਦੇ ਲੀਡਰ ਸਾਹਿਬਾਨ ਦੇ ਵਿਚਾਰਾਂ ਵਿਚ ਆਏ ਮਤਭੇਦ ਪਾਰਟੀ ਲਈ ਬਹੁਤ ਨੁਕਸਾਨਦੇਹ ਹਨ, ਭਾਵੇਂ ਕਿਸੇ ਵੀ ਵਿਅਕਤੀ ਦੇ ਵਿਚਾਰਾਂ ਵਿਚ ਵਖਰੇਵਾਂ ਹੋਣਾ ਸੁਭਾਵਿਕ ਗੱਲ ਹੈ ਪਰ ਆਮ ਵਲੰਟੀਅਰ ਸਮਝਦਾ ਹੈ ਕਿ ਅਜਿਹੇ ਮਤਭੇਦਾਂ ਨੂੰ ਪਾਰਟੀ ਦੀ ਚਾਰਦੀਵਾਰੀ ਦੇ ਅੰਦਰ ਹੀ ਨਿਪਟਾਉਣਾ ਚਾਹੀਦਾ ਹੈ ਕਿਉਂਕਿ ਅਜਿਹੇ ਮਤਭੇਦ ਜਦੋਂ ਜਨਤਕ ਹੋ ਜਾਂਦੇ ਹਨ ਤਾਂ ਇਸ ਦਾ ਫਾਇਦਾ ਵਿਰੋਧੀ ਪਾਰਟੀਆਂ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਪਾਰਟੀ ਦੇ ਲੀਡਰਾਂ ਦੀਆਂ ਦੂਰੀਆਂ ਨੂੰ ਵਧਾਉਣ ਲਈ ਅੱਗ ‘ਤੇ ਘਿਉ ਦਾ ਕੰਮ ਕਰਦੀਆਂ ਹਨ।
ਉਨ੍ਹਾਂ ਸਾਰੇ ਵਲੰਟੀਅਰਾਂ ਨੂੰ ਇਕਸੁਰ ਹੋ ਕੇ ਪਾਰਟੀ ਹਾਈਕਮਾਂਡ ਨੂੰ ਬੇਨਤੀ ਕੀਤੀ ਕਿ ਵਿਚਾਰ ਤਾਂ ਇਕ ਪਰਿਵਾਰ ਵਿਚ ਜੀਆਂ ਦੇ ਵੱਖੋ-ਵੱਖਰੇ ਹੋ ਸਕਦੇ ਹਨ ਪਰ ਸਾਨੂੰ ਚੰਗੇ ਸਿਧਾਂਤਾਂ ਲਈ ਇਕੱਠੇ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਜਿਸ ਮਕਸਦ ਨਾਲ ਹਰ ਇਕ ਵਲੰਟੀਅਰ ਨੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕੀਤਾ ਹੈ ਉਹ ਉਸ ਨੂੰ ਢਾਹ ਨਾ ਲੱਗੇ, ਆਮ ਲੋਕਾਂ ਦਾ ਇਕ ਬਹੁਤ ਵੱਡਾ ਸੁਪਨਾ ਹੈ ਕਿ ਉਹ ਤੀਸਰਾ ਬਦਲ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁੱਟ ਸਕੇ। ‘ਆਪ’ ਵਲੰਟੀਅਰਾਂ ਨੂੰ ਮੱਤ-ਭੇਦ ਭੁਲਾ ਕੇ ਇਕ ਹੋਣ ਦੀ ਲੋੜ ਹੈ।
ਇਸ ਮੌਕੇ ਗੁਰਪ੍ਰੀਤ ਜੱਸਲ, ‘ਆਪ’ ਆਗੂ ਸੰਜੀਵ ਕੋਛੜ, ਕੁਲਦੀਪ ਮੰਗਲਾ, ਸੁਖਵਿੰਦਰ ਸਿੰਘ, ਮਨਪ੍ਰੀਤ ਕੰਨੀਆਂ, ਤੇਜਿੰਦਰ ਸਿੰਘ, ਰਾਜਾ ਮਾਨ, ਮਨਜਿੰਦਰ ਔਲਖ, ਸੁਖਚੈਨ ਸਿੰਘ, ਤੀਰਥ ਮੱਲ੍ਹੀ, ਨਿਰਮਲ ਸਿੰਘ, ਦੀਪ ਤੋਂ ਇਲਾਵਾ ਆਪ ਆਗੂ ਹਾਜ਼ਰ ਸਨ।