ਨਵੀਂ ਦਿੱਲੀ — ਆਮ ਆਦਮੀ ਪਾਰਟੀ (ਆਪ) ਤੋਂ ਆਸ਼ੂਤੋਸ਼ ਨੇ ਅਸਤੀਫਾ ਦੇ ਦਿੱਤਾ ਹੈ ਪਰ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕੇਜਰੀਵਾਲ ਨੇ ਇੱਥੋਂ ਤਕ ਕਹਿ ਦਿੱਤਾ ਕਿ ਇਸ ਜਨਮ ਵਿਚ ਆਸ਼ੂਤੋਸ਼ ਦਾ ਅਸਤੀਫਾ ਸਵੀਕਾਰ ਨਹੀਂ ਕਰ ਸਕਦੇ। ਕੇਜਰੀਵਾਲ ਨੇ ਟਵਿੱਟਰ ‘ਤੇ ਲਿਖਿਆ, ”ਅਸੀਂ ਤੁਹਾਡਾ ਅਸਤੀਫਾ ਕਿਵੇਂ ਸਵੀਕਾਰ ਕਰ ਸਕਦੇ ਹਾਂ। ਉਨ੍ਹਾਂ ਨੇ ਅੱਗੇ ਲਿਖਿਆ ਨਾ ਇਸ ਜਨਮ ‘ਚ ਤਾਂ ਨਹੀਂ।”
ਕੇਜਰੀਵਾਲ ਨੇ ਅਸਤੀਫੇ ਦੇ ਐਲਾਨ ਵਾਲੇ ਆਸ਼ੂਤੋਸ਼ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, ”ਸਰ, ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।” ਦੱਸਣਯੋਗ ਹੈ ਕਿ ਆਸ਼ੂਤੋਸ਼ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਉਨ੍ਹਾਂ ਨੇ ਅਸਤੀਫੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਆਸ਼ੂਤੋਸ਼ ਨੇ ਟਵੀਟ ‘ਤੇ ਕਿਹਾ, ”ਹਰ ਸਫਰ ਦਾ ਇਕ ਅੰਤ ਹੁੰਦਾ ਹੈ। ਆਮ ਆਦਮੀ ਪਾਰਟੀ ਨਾਲ ਜੁੜਾਵ ਚੰਗਾ ਅਤੇ ਕ੍ਰਾਂਤੀਕਾਰੀ ਸੀ, ਇਸ ਦਾ ਵੀ ਅੰਤ ਹੋ ਗਿਆ ਹੈ। ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ (ਪੀ. ਏ. ਸੀ.) ਤੋਂ ਅਸਤੀਫਾ ਸਵੀਕਾਰ ਕਰਨ ਦੀ ਬੇਨਤੀ ਕਰਦਾ ਹਾਂ। ਪਾਰਟੀ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ।”