ਨਿਊਯਾਰਕ – ਅਮਰੀਕਾ ਦੌਰੇ ’ਤੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਉਥੋਂ ਦੇ ਕੁਝ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਨਿਊਯਾਰਕ ਵਿੱਚ ਗਰਮ ਖਿਆਲੀ ਸਮਰਥਕਾਂ ਨੇ ਮਨਜੀਤ ਸਿੰਘ ਜੀ.ਕੇ ਦੀ ਗੱਡੀ ਉਤੇ ਜੁੱਤੀਆਂ ਨਾਲ ਹਮਲਾ ਕੀਤਾ ਗਿਆ। ਇਹਨਾਂ ਗਰਮ ਖਿਆਲੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਮਨਜੀਤ ਸਿੰਘ ਜੀ.ਕੇ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਹਨ।
ਜਾਣਕਾਰੀ ਅਨੁਸਾਰ ਮਨਜੀਤ ਸਿੰਘ ਜੀ.ਕੇ ਇਥੇ ਇੱਕ ਮੀਡੀਆ ਹਾਊਸ ਤੋਂ ਨਿਕਲੇ ਹੀ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਕੁਝ ਗਰਮ ਖ਼ਿਆਲੀਆਂ ਨੇ ਘੇਰ ਲਿਆ ਅਤੇ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕਰਨ ਲੱਗੇ। ਇਸੇ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ਦੀ ਕਾਰ ਤੇ ਜੁੱਤੀਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਨਜੀਤ ਸਿੰਘ ਜੀਕੇ ਦਾ ਭਰਾ ਗੱਡੀ ਵਿਚੋਂ ਨਿਕਲਿਆ ਤੇ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਕੇ ਧੱਕਾ ਮਾਰਿਆ।
ਮਨਜੀਤ ਸਿੰਘ ਜੀ ਕੇ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੱਡੀ ਵਿਚ ਮੇਰੇ ਨਾਲ ਮੇਰਾ ਭਰਾ ਤੇ ਭਰਜਾਈ ਸਨ। ਉਹਨਾਂ ਕਿਹਾ ਕਿ 7-8 ਮੁੰਡੇ ਜਿਨ੍ਹਾਂ ਵਿੱਚ ਦੋ ਸਿੱਖ ਸਨ, ਨੇ ਗੱਡੀ ਕੋਲ ਆ ਕੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਬੰਦੇ ਨਸ਼ੇ ਵਿੱਚ ਸਨ। ਉਨ੍ਹਾਂ ਨੇ ਗਾਲ੍ਹਾਂ ਕੱਢਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਮੈਂ ਡਰਨ ਵਾਲਾ ਨਹੀਂ। ਮੈਨੂੰ ਪਤਾ ਹੈ ਕਿ ਉਕਤ ਗਰਮ ਖਿਆਲੀਆਂ ਨੂੰ ਕਿੱਥੋਂ ਫੰਡਿਗ ਹੁੰਦੀ ਹੈ ਮੈਂ ਆਪਣਾ ਪੂਰਾ ਦੌਰਾ ਕਰਕੇ ਰਹਾਂਗਾ।