ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਸਲਮਾਨ ਖ਼ਾਨ ਦੀ ਜੋੜੀ ਹੁਣ ਤਕ ਕਿਸੇ ਫ਼ਿਲਮ ‘ਚ ਨਜ਼ਰ ਨਹੀਂ ਆਈ ਹੈ। ਦੀਪਿਕਾ ਨੇ ਕਈ ਵਾਰ ਸਲਮਾਨ ਨਾਲ ਫ਼ਿਲਮ ਕਰਨ ਦੀ ਖਵਾਹਿਸ਼ ਪ੍ਰਗਟਾਈ, ਪਰ ਸਲਮਾਨ ਨੇ ਹੁਣ ਤਕ ਉਸ ਦੀ ਗੱਲ ‘ਤੇ ਧਿਆਨ ਨਹੀਂ ਦਿੱਤਾ। ਕਈ ਵਾਰ ਦੀਪਿਕਾ ਨੂੰ ਵੀ ਸਲਮਾਨ ਦੀ ਫ਼ਿਲਮ ‘ਚ ਰੋਲ ਦਮਦਾਰ ਨਹੀਂ ਲੱਗਿਆ। ਹੁਣ ਇਹ ਜੋੜੀ ਪਰਦੇ ‘ਤੇ ਨਜ਼ਰ ਆਵੇਗੀ। ਸਾਰਿਆਂ ਨੂੰ ਪਤਾ ਹੈ ਕਿ ਸੰਜੈ ਲੀਲਾ ਭੰਸਾਲੀ ਲਈ ਦੀਪਿਕਾ ਕਿੰਨੀ ਅਹਿਮ ਹੈ। ਦੀਪਿਕਾ ਨੇ ਆਪਣੇ ਕਰੀਅਰ ਦੀਆਂ ਤਿੰਨ ਮਹੱਤਵਪੂਰਨ ਫ਼ਿਲਮਾਂ ਗੋਲੀਓਂ ਕੀ ਰਾਸਲੀਲ੍ਹਾ ਰਾਸਲੀਲ੍ਹਾ, ਬਾਜੀਰਾਓ ਮਸਤਾਨੀ ਅਤੇ ਪਦਮਾਵਤ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਵਿੱਚ ਹੀ ਕੀਤੀਆਂ ਹਨ। ਸੰਜੈ ਨੇ ਉਸ ਨੂੰ ਖ਼ੂਬਸੂਰਤੀ ਨਾਲ ਪਰਦੇ ‘ਤੇ ਪੇਸ਼ ਕਰਨ ਤੋਂ ਇਲਾਵਾ ਇਨ੍ਹਾਂ ਫ਼ਿਲਮਾਂ ‘ਚ ਉਸ ਤੋਂ ਬਿਹਤਰੀਨ ਕੰਮ ਵੀ ਕਰਵਾਇਆ। ਹੁਣ ਇੱਕ ਵਾਰ ਫ਼ਿਰ ਭੰਸਾਲੀ ਇੰਸ਼ਾ ਅੱਲ੍ਹਾ ਨਾਮਕ ਫ਼ਿਲਮ ਬਣਾਉਣ ਜਾ ਰਿਹਾ ਹੈ। ਫ਼ਿਲਮ ਦਾ ਨਾਂ ਵੀ ਰੈਜਿਸਟਰਡ ਹੋ ਚੁੱਕਿਆ ਹੈ। ਭੰਸਾਲੀ ਇਹ ਫ਼ਿਲਮ ਸਲਮਾਨ ਖ਼ਾਨ ਨਾਲ ਬਣਾਏਗਾ। ਸਲਮਾਨ ਨੂੰ ਵੀ ਸਕ੍ਰਿਪਟ ਪਸੰਦ ਆ ਗਈ ਹੈ। ਫ਼ਿਲਹਾਲ ਸਲਮਾਨ ਭਾਰਤ ਫ਼ਿਲਮ ‘ਚ ਰੁੱਝਿਆ ਹੋਇਆ ਹੈ। ਇਸ ਤੋਂ ਬਾਅਦ ਉਹ ਦਬੰਗ-3 ਦੀ ਸ਼ੂਟਿੰਗ ਸ਼ੁਰੂ ਕਰੇਗਾ ਅਤੇ ਫ਼ਿਰ ਜਾ ਕੇ ਉਹ ‘ਇੰਸ਼ਾ ਅੱਲ੍ਹਾ ‘ਦੀ ਸ਼ੂਟਿੰਗ ਕਰ ਸਕਦਾ ਹੈ। ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਹੀਰੋਇਨ ਹੋਵੇਗੀ ਜਿਸ ਤੋਂ ਸਾਫ਼ ਹੈ ਕਿ ਸਲਮਾਨ ਅਤੇ ਦੀਪਿਕਾ ਦੀ ਜੋੜੀ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ। ਪਹਿਲੀ ਵਾਰ ਦਰਸ਼ਕਾਂ ਨੂੰ ਇਹ ਜੋੜੀ ਵੇਖਣ ਨੂੰ ਮਿਲੇਗੀ। ਵੈਸੇ ਇਸ ਫ਼ਿਲਮ ਦੀ ਪੂਰੀ ਸਟਾਰ ਕਾਸਟ ਨਾਲ ਜੁੜੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਏਗੀ। ਭੰਸਾਲੀ ਅਤੇ ਸਲਮਾਨ ਨੇ ਖਾਮੋਸ਼ੀ, ਹਮ ਦਿਲ ਦੇ ਚੁਕੇ ਸਨਮ ਅਤੇ ਸਾਂਵਰੀਆ ਵਰਗੀਆਂ ਫ਼ਿਲਮਾਂ ਕੀਤੀਆਂ ਹਨ। ਖ਼ੈਰ ਸਨਮਾਨ ਅਤੇ ਦੀਪਿਕਾ ਦੇ ਫ਼ੈਨਜ਼ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਵੇਖਣ ਲਈ ਕਾਫ਼ੀ ਉਤਸ਼ਾਹਿਤ ਹਨ।