ਅਦਾਕਾਰ ਅਰਜੁਨ ਕਪੂਰ ਨੇ ਆਪਣੀ ਅਗਲੀ ਫ਼ਿਲਮ ‘ਇੰਡੀਆਜ਼ ਮੋਸਟ ਵਾਂਟੇਡ ‘ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਉਸ ਦੀ ਪਹਿਲੀ ਸ਼ੂਟ ਕੀਤੀ ਫ਼ਿਲਮ ‘ਨਮਸਤੇ ਇੰਗਲੈਂਡ ‘ਰਿਲੀਜ਼ ਹੋਣੀ ਬਾਕੀ ਹੈ …
ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ‘ਇੰਡੀਆਜ਼ ਮੋਸਟ ਵਾਂਟੇਡ ‘ਬਣਨ ਜਾ ਰਹੇ ਹਨ। ਅਸਲ ‘ਚ ਅਰਜੁਨ ਨੇ ਆਪਣੀ ਅਗਲੀ ਫ਼ਿਲਮ ਰਾਜ ਕੁਮਾਰ ਗੁਪਤਾ ਦੀ ਇੰਡੀਆਜ਼ ਮੋਸਤ ਵੌਂਟੇਡ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਫ਼ਿਲਮ ਦੇ ਪਹਿਲੇ ਹਿੱਸੇ ਦੀ ਸ਼ੂਟਿੰਗ ਮੁੰਬਈ ਵਿਖੇ ਕੀਤੀ ਜਾ ਰਹੀ ਹੈ। ਇਸ ਫ਼ਿਲਮ ਬਾਰੇ ਜਾਣਕਾਰੀ ਖ਼ੁਦ ਅਰਜੁਨ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਦਿੱਤੀ ਹੈ। ਅਰਜੁਨ ਨੇ ਆਪਣੇ ਇਨਸਟਾਗ੍ਰਾਮ ਐਕਾਊਂਟ ‘ਤੇ ਇਸ ਫ਼ਿਲਮ ਦੇ ਕਲੈਪਬੋਰਡ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਹੀ ਅਰਜੁਨ ਨੇ ਲਿਖਿਆ ਹੈ ਕਿ ‘ਨਵੀਂ ਫ਼ਿਲਮ ਦੀ ਸ਼ੁਰੂਆਤ ਉਸ ਨੂੰ ਕਿਸੇ ਮਿਸ਼ਨ ਤੋਂ ਘੱਟ ਨਹੀਂ ਲੱਗਦੀ ਅਤੇ ਇਸ ਵਾਰ ਤਾਂ ਇੰਡੀਆਜ਼ ਮੋਸਟ ਵੌਂਟੇਡ ਸੱਚਮੁੱਚ ਇੱਕ ਮਿਸ਼ਨ ਹੀ ਹੈ। ਇਸ ਨਾਲ ਹੀ ਅਰਜੁਨ ਨੇ ਇਹ ਵੀ ਲਿਖਿਆ ਹੈ ਕਿ ਉਹ ਖ਼ੁਸ਼ ਤੇ ਉਤਸ਼ਾਹਿਤ ਹੈ ਕਿਉਂਕਿ ਇਹ ਉਸ ਦੀ ਬਾਰ੍ਹਵੀਂ ਫ਼ਿਲਮ ਹੈ। ਕਿਹਾ ਜਾ ਰਿਹਾ ਕਿ ਅਰਜੁਨ ਇਸ ਫ਼ਿਲਮ ‘ਚ ਇੱਕ ਅਫ਼ਸਰ ਦੀ ਭੂਮਿਕਾ ਨਿਭਾਏਗਾ। ਮੁੰਬਈ ਵਿੱਚ ਫ਼ਿਲਮ ਦਾ ਪਹਿਲਾ ਹਿੱਸਾ ਸ਼ੂਟ ਕਰਨ ਤੋਂ ਬਾਅਦ ਫ਼ਿਲਮ ਦੀ ਪੂਰੀ ਟੀਮ ਨੇਪਾਲ ਜਾਵੇਗੀ। ਦੂਜੇ ਸ਼ੈਡਿਊਲ ਦੀ ਸ਼ੂਟਿੰਗ ਨੇਪਾਲ ‘ਚ ਹੀ ਕੀਤੀ ਜਾਵੇਗੀ। ਕੁੱਝ ਸਮਾਂ ਪਹਿਲਾਂ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਜਿਸ ‘ਚ ਲਿਖਿਆ ਗਿਆ ਸੀ ਕਿ ਫ਼ਿਲਮ ਦੀ ਕਹਾਣੀ ਭਾਰਤ ਦੇ ਉਨ੍ਹਾਂ ਮੋਸਟ ਵੌਂਟੇਡ ਦੀ ਕਹਾਣੀ ਤੋਂ ਪ੍ਰੇਰਿਤ ਹੈ ਜਿਨ੍ਹਾਂ ਨੇ ਇੱਕ ਗੋਲੀ ਤਕ ਨਹੀਂ ਚਲਾਈ ਸੀ। ਇਹ ਫ਼ਿਲਮ ਅਗਲੇ ਸਾਲ 24 ਮਈ ਨੂੰ ਰਿਲੀਜ਼ ਹੋਵੇਗੀ। ਫ਼ਿਲਹਾਲ ਅਰਜੁਨ ਕਪੂਰ ਦੀਆਂ ਅਦਾਕਾਰਾ ਪਰੀਣਿਤੀ ਚੋਪੜਾ ਨਾਲ ਬਣੀ ਨਮਸਤੇ ਇੰਗਲੈਂਡ ਫ਼ਿਲਮ ਵੀ ਪਰਦੇ ‘ਤੇ ਰਿਲੀਜ਼ ਹੋਣ ਤੋਂ ਬਾਕੀ ਪਈ ਹੋਈ ਹੈ।