ਖਾਂਸੀ ਜਾਂ ਗਲੇ ਵਿੱਚ ਫ਼ਸੀ ਬਲਗਮ ਨੂੰ ਬਾਹਰ ਕੱਢਣ ਲਈ ਖੰਘਣਾ ਇੱਕ ਆਮ ਵਰਤਾਰਾ ਹੈ। ਪਰ ਜਦੋਂ ਖੰਘਣ, ਥੁੱਕਣ ਤੇ ਬਲਗਮ ਬਾਹਰ ਕੱਢਣ ਦੇ ਨਾਲ ਖ਼ੂਨ ਆਉਣ ਲੱਗੇ ਤਾਂ ਘਬਰਾਹਟ ਹੋਣੀ ਜਾਂ ਕਿਸੇ ਰੋਗ ਦੇ ਅੰਦਰ ਹੀ ਅੰਦਰ ਪਨਪਣ ਦਾ ਭੈਅ ਪੈਦਾ ਹੋਣਾ ਸੁਭਾਵਿਕ ਹੈ। ਹਾਲਾਂਕਿ ਰੋਗ ਦੀ ਠੀਕ ਪਛਾਣ ਜਾਂਚ ਕਰਨ ਪਿੱਛੋਂ ਹੀ ਹੁੰਦੀ ਹੈ ਫ਼ਿਰ ਵੀ ਹੇਠ ਲਿਖੀਆਂ ਹਾਲਤਾਂ ‘ਚ ਖ਼ੁਦ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪਹਿਲੀ ਗੱਲ ਇਹ ਹੈ ਕਿ ਖੰਘਾਰ ਵਿੱਚ ਖ਼ੂਨ ਕਿੰਨਾ ਕੁ ਆਇਆ। ਕੀ ਇੱਕ ਦੋ ਬੂੰਦ ਖ਼ੂਨ ਬਲਗਮ ਨਾਲ ਲੱਗਿਆ ਹੋਇਆ ਜਾਂ ਇੱਕ ਦੋ ਚਮਚ ਭਰ ਜਾਂ ਫ਼ਿਰ ਝੱਗ ਵਾਲੇ ਥੁੱਕ ਨਾਲ ਮਿਲਿਆ ਹੋਇਆ ਲਾਲ ਖ਼ੂਨ। ਖੰਘਾਰ ਨਾਲ ਜਦੋਂ ਬਲਗਮ ਵਿੱਚ ਇੱਕ ਦੋ ਬੂੰਦ ਹੀ ਖ਼ੂਨ ਮਿਲਿਆ ਹੁੰਦਾ ਹੈ ਤਾਂ ਇਹ ਅਕਸਰ ਗਲੇ ਜਾਂ ਹਲਕ ਤੋਂ ਆਉਂਦਾ ਹੈ। ਜਦੋਂ ਖ਼ੂਨ ਝੱਗਦਾਰ ਥੁੱਕ ਨਾਲ ਆਉਂਦਾ ਹੈ, ਓਦੋਂ ਇਹ ਫ਼ੇਫ਼ੜੇ ਤੋਂ ਆਉਂਦਾ ਹੈ। ਇਹ ਦਿਲ ਜਾਂ ਫ਼ੇਫ਼ੜੇ ਦੀ ਬਿਮਾਰੀ ਕਰ ਕੇ ਹੋ ਸਕਦਾ ਹੈ। ਜਦੋਂ ਕਦੀ ਕਦਾਈਂ ਅਜਿਹਾ ਹੋਵੇ ਅਤੇ ਬੰਦਾ ਕਿਸੇ ਤਰ੍ਹਾਂ ਦੀ ਕਮਜ਼ੋਰੀ ਵੀ ਮਹਿਸੂਸ ਨਾ ਕਰੇ, ਉਸ ਨੂੰ ਡਾਕਟਰੀ ਭਾਸ਼ਾ ਵਿੱਚ ਇਮਪੂਰੀਅਸ ਹਿਮੋਪਟੇਸਿਸ ਭਾਵ ਝੂਠੀ ਮੂਠੀ ਡਰਾਉਣ ਵਾਲੀ ਬੀਮਾਰੀ ਕਹਿੰਦੇ ਹਨ। ਅਜਿਹੀ ਹਾਲਤ ਵਿੱਚ ਘਬਰਾਉਣ ਦੀ ਲੋੜ ਨਹੀਂ, ਪਰ ਜੇ ਖੰਘ ਨਾਲ ਇਸ ਤਰ੍ਹਾਂ ਹੀ ਜ਼ਿਆਦਾ ਇੱਕਦਮ ਲਾਲ ਖ਼ੂਨ ਆਵੇ ਅਤੇ ਨਾਲ ਹੀ ਖਾਂਸੀ ਬੁਖ਼ਾਰ ਹੋਵੇ, ਵਜ਼ਨ ਘਟੇ, ਅਚਾਨਕ ਮੂੰਹ ਵਿੱਚੋਂ ਖ਼ੂਨ ਆਵੇ ਤਾਂ ਇਸ ਦਾ ਮਤਲਬ ਹੈ ਕਿ ਕੋਈ ਬਿਮਾਰੀ ਸਿਰ ਚੁੱਕ (ਪਨਪ) ਰਹੀ ਹੈ। ਅਜਿਹੀ ਹਾਲਤ ਹੋਵੇ ਤਾਂ ਡਾਕਟਰੀ ਸਲਾਹ ਨਾਲ ਜਾਂਚ ਅਤੇ ਰੋਗ ਦੀ ਪਛਾਣ ਪਿੱਛੋਂ ਇਲਾਜ ਜ਼ਰੂਰ ਕਰਾਉਣਾ ਚਾਹੀਦਾ ਹੈ।
ਨਕਸੀਰ ਫ਼ੁੱਟਣ ਦੀ ਸ਼ਿਕਾਇਤ ਕਿਸੇ ਵੀ ਉਮਰ ਵਰਗ ਨੂੰ ਹੋ ਜਾਂਦੀ ਹੈ। ਇਸ ਕਾਰਨ ਨੱਕ ਵਿੱਚੋਂ ਖ਼ੂਨ ਆਉਂਦਾ ਹੈ। ਜੇ ਨਕਸੀਰ ਲੇਟੇ ਹੋਣ ਸਮੇਂ ਫ਼ੁਟਦੀ ਹੈ ਤਾਂ ਇਹ ਖੂਨ ਹਲਕ ਵਿੱਚ ਚਲਾ ਜਾਂਦਾ ਅਤੇ ਮੂੰਹ ਰਾਹੀਂ ਬਾਹਰ ਨਿਕਲਦਾ ਹੈ। ਜੰਮ ਜਾਣ ਕਰ ਕੇ ਇਹ ਕਾਲਾ ਹੋ ਜਾਂਦਾ ਹੈ। ਇਹ ਉਲਟੀ ਰਾਹੀਂ ਬਾਹਰ ਨਹੀਂ ਆਉਂਦਾ ਅਤੇ ਨਾ ਹੀ ਇਹ ਭੂਰੇ ਰੰਗ ਵਿੱਚ ਬਦਲਦਾ ਹੈ। ਪੇਟ ਦੀ ਥੈਲੀ ਤੋਂ ਉਲਟੀ ਵਿੱਚ ਖ਼ੂਨ ਆਉਣ ‘ਤੇ ਇਹ ਕੌਫ਼ੀ ਦੇ ਰੰਗ ਵਰਗਾ ਭੂਰਾ ਹੁੰਦਾ ਹੈ। ਇਹ ਵੀ ਸੱਚ ਹੈ ਕਿ ਕਦੀ ਨਕਸੀਰ ਫ਼ੁਟਣ ‘ਤੇ ਲੇਟੀ ਹੋਈ ਹਾਲਤ ‘ਚ ਹਲਕ ਤੋਂ ਖ਼ੂਨ ਪੇਟ ਵਿੱਚ ਚਲਾ ਜਾਂਦਾ ਹੈ। ਓਦੋਂ ਫ਼ਰਕ ਕਰ ਸਕਣਾ ਔਖਾ ਹੋ ਜਾਂਦਾ ਹੈ। ਜਿਨ੍ਹਾਂ ਦੇ ਖੰਘਾਰ ਵਿੱਚ ਝੱਗਦਾਰ ਥੁੱਕ ਵਿੱਚ ਖ਼ੂਨ ਆ ਜਾਂਦਾ ਹੈ, ਜਿਵੇਂ ਉਪਰ ਦੱਸਿਆ ਗਿਆ ਹੈ, ਅਜਿਹੇ ਫ਼ੇਫ਼ੜੇ ਤੋਂ ਖ਼ੂਨ ਆਉਣ ਦੀ ਵਜ੍ਹਾ ਕਰ ਕੇ ਹੁੰਦਾ ਹੈ। ਫ਼ੇਫ਼ੜਿਆਂ ਦੀਆਂ ਬਿਮਾਰੀਆਂ ਵਿੱਚ ਤਪਦਿਕ (TB) ਦਾ ਨਾਂ ਸਭ ਤੋਂ ਪਹਿਲਾਂ ਹੈ। ਛਾਤੀ ਦਾ ਐਕਸਰੇ ਹੋ ਜਾਣ ‘ਤੇ ਤਪਦਿਕ ਦੀ ਬਿਮਾਰੀ ਦਾ ਪਤਾ ਸ਼ੁਰੂ ਵਿੱਚ ਹੀ ਲੱਗ ਜਾਂਦਾ ਹੈ। ਇਲਾਜ ਨਾਲ ਇਸ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ।
ਖੰਘਾਰ ਦੇ ਨਾਲ ਖ਼ੂਨ ਆਉਣ ਤੋਂ ਇਲਾਵਾ ਬੁਖ਼ਾਰ ਬਣਿਆ ਰਹਿਣਾ ਵੀ ਇਸ ਰੋਗ ਦਾ ਆਰੰਭਿਕ ਲੱਛਣ ਹੈ। ਨਿਮੋਨੀਆ, ਲੰਗ ਅਬਸੈੱਸ, ਬ੍ਰੌਂਕੇਟਾਇਟਿਸ ਅਤੇ ਫ਼ੇਫ਼ੜਿਆਂ ਦਾ ਕੈਂਸਰ ਵਧਣ ਫ਼ੁਲਣ ‘ਤੇ ਵੀ ਖ਼ੂਨ ਆ ਸਕਦਾ ਹੈ। ਹਾਲਾਂਕਿ ਨਿਮੋਨੀਆ ਅਤੇ ਫ਼ੇਫ਼ੜਿਆਂ ਦੇ ਕੈਂਸਰ ਵਿੱਚ ਖ਼ੂਨ ਅਕਸਰ ਘੱਟ ਹੀ ਆਉਂਦਾ ਹੈ ਜਦਕਿ ਬ੍ਰੌਂਕੇਟਾਇਟਿਸ ‘ਚ ਖ਼ੂਨ ਜ਼ਿਆਦਾ ਅਤੇ ਬਾਰ ਬਾਰ ਆਉਂਦਾ ਹੈ। ਫ਼ੇਫ਼ੜਿਆਂ ਦੇ ਕੈਂਸਰ ਕਾਰਨ ਅਕਸਰ ਥੋੜ੍ਹਾ ਥੋੜ੍ਹਾ ਖ਼ੂਨ ਕਈ ਹਫ਼ਤਿਆਂ ਤਕ ਆਉਂਦਾ ਰਹਿੰਦਾ ਹੈ। ਖ਼ਾਂਸੀ ਬਰਾਬਰ ਬਣੀ ਰਹਿੰਦੀ ਹੈ, ਪਰ ਬੁਖ਼ਾਰ ਨਹੀਂ ਹੁੰਦਾ।
ਮਾਇਟਰਲਸ ਨਾਮਕ ਰੋਗਾਂ ਵਿੱਚ ਅਕਸਰ ਰੋਗੀ ਨੂੰ ਖ਼ਾਂਸੀ ਖੰਘਾਰ ਦੇ ਨਾਲ ਖ਼ੂਨ ਆਉਂਦਾ ਹੈ। ਇਹ ਰੋਗੀ ਜਦ ਥੋੜ੍ਹੀ ਜਿੰਨੀ ਵੀ ਮਿਹਨਤ ਕਰਦੇ ਹਨ, ਓਦੋਂ ਇਨ੍ਹਾਂ ਦੀ ਧੜਕਣ ਵੱਧ ਜਾਂਦੀ ਹੈ। ਸਾਹ ਫ਼ੁਲਣ ਲਗਦਾ ਹੈ। ਖੰਘਾਰ ਖ਼ੂਨ ਆਉਣ ਦੀ ਸੰਭਾਵਨਾ ਦੂਜੀ ਤਰ੍ਹਾਂ ਦੇ ਰਿਓਮੈਟਿਕ ਦਿਲ ਦੇ ਰੋਗ ਵਿੱਚ ਵੀ ਹੁੰਦੀ ਹੈ, ਪਰ ਅਜਿਹਾ ਓਦੋਂ ਹੀ ਹੁੰਦਾ ਜਦੋਂ ਰੋਗ ਕਾਫ਼ੀ ਵੱਧ ਚੁੱਕਿਆ ਹੁੰਦਾ ਹੈ। ਅੱਜਕੱਲ੍ਹ ਰੋਗ ਦੀ ਸਟੀਕ ਜਾਂਚ ਜਾਂ ਪਛਾਣ ਸੰਭਵ ਹੈ। ਛਾਤੀ ਦਾ ਐਕਸਰੇ, ਸਾਧਾਰਨ PA ਵਿਊ ਅਤੇ ਲੈਟਰਲ ਵਿਊ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਖ਼ੂਨ ਦੀ TLC, ਹੀਮੋਗਲੋਬਿਨ ਤੇ ESR ਦੀ ਜਾਂਚ ਜ਼ਰੂਰੀ ਹੈ। ਖੰਘਾਰ ਵਿੱਚ ਖ਼ੂਨ ਆਉਣ ‘ਤੇ ਉਸ ਨੂੰ ਪਿਆਲੇ ਜਾਂ ਗ਼ਿਲਾਸ ‘ਚ ਲੈ ਕੇ ਪੈਥੌਲੋਜਿਸਟ ਤੋਂ ਉਸ ਦੀ ਜਾਂਚ ਕਰਵਾਉਣ ‘ਤੇ ਰੋਗ ਦੀ ਸ਼ਨਾਖ਼ਤ ਵੀ ਹੋ ਜਾਂਦੀ ਹੈ। ਜੇ ਐਕਸਰੇ ਵੇਖਣ ‘ਤੇ ਫ਼ੇਫ਼ੜੇ ‘ਚ ਫ਼ੋੜਾ ਜਾਂ ਲੰਗ ਕੈਂਸਰ ਦਾ ਸ਼ੱਕ ਹੋਵੇ, ਅਜਿਹੇ ਰੋਗੀਆਂ ਨੂੰ ਬ੍ਰੌਕੈਸਕੋਪੀ ਜਾਂਚ ਕਰਵਾਉਣੀ ਜ਼ਰੂਰੀ ਹੈ। ਇਹ ਜਾਂਚ ਚੈੱਸਟ ਸਰਜਨ ਕਰਦੇ ਹਨ। ਜੇ ਉਕਤ ਜਾਂਚ ਤੋਂ ਸਟੀਕ ਸਿੱਟਾ ਨਹੀਂ ਨਿਕਲਦਾ ਤਾਂ ਪੱਕੀ ਜਾਂਚ ਛਾਤੀ ਦੇ ਔਪ੍ਰੇਸ਼ਨ ਪਿੱਛੋਂ ਹਾਸਿਲ ਕੀਤੇ ਮਾਸ (ਬਾਇਔਪਸੀ) ਤੋਂ ਹੋ ਸਕਦੀ ਹੈ।
ਬ੍ਰਾਂਕਿਏਕਟਿਸਸ ‘ਚ ਖਾਂਸੀ ਤੇ ਬਲਗਮ ਵੱਧ ਮਾਤਰਾ ਵਿੱਚ ਅਕਸਰ ਆਉਂਦੀ ਰਹਿੰਦੀ ਹੈ। ਕਦੀ ਕਦੀ ਲਾਲ ਖੂਨ ਝੱਗ ਦੇ ਨਾਲ ਵੱਧ ਮਾਤਰਾ ‘ਚ ਆ ਜਾਂਦਾ ਹੈ। ਇਨ੍ਹਾਂ ਰੋਗੀਆਂ ‘ਚ ਬਿਮਾਰੀ ਦੀ ਸਾਧਾਰਨ ਜਾਂਚ ਐਕਸਰੇ ਤੇ ਖੂਨ ਦੀ ਜਾਂਚ ਨਾਲ ਕੁੱਝ ਪਤਾ ਨਹੀਂ ਲਗਦਾ। ਅਜਿਹੇ ਵਿੱਚ ਬ੍ਰੌਕੋਸਕੋਪੀ ਤੇ ਬ੍ਰੌਂਕੋਗ੍ਰਾਫ਼ੀ ਜ਼ਰੂਰੀ ਹੁੰਦਾ ਹੈ। ਫ਼ਿਰ ਹੀ ਰੋਗ ਦੀ ਸਹੀ ਪਛਾਣ ਹੁੰਦੀ ਹੈ। ਫ਼ੇਫ਼ੜੇ ਦੀ ਰਸੋਲੀ ਬਾਰੇ ਵੀ ਕੁੱਝ ਅਜਿਹਾ ਖ਼ੂਨ ਬਾਰ ਬਾਰ ਆ ਜਾਂਦਾ ਹੈ। ਇਨ੍ਹਾਂ ਦੋਵਾਂ ਬਿਮਾਰੀਆਂ ‘ਚ ਫ਼ੇਫ਼ੜੇ ਦੇ ਖ਼ਰਾਬ ਹਿੱਸੇ ਨੂੰ ਕੱਟ ਕੇ ਕੱਢ ਦਿੱਤਾ ਜਾਂਦਾ ਹੈ।
ਉਲਟੀ ‘ਚ ਖ਼ੂਨ ਆਉਣ ਦੇ ਦੋ ਕਾਰਨ ਹੁੰਦੇ ਹਨ। ਪਹਿਲਾ, ਪੇਟ ਦੀ ਥੈਲੀ ਅਤੇ ਛੋਟੀ ਆਂਤ ਤੋਂ ਸ਼ੁਰੂ ਦੇ ਹਿਸੇ (ਡਿਊਡੀਨਮ) ਵਿੱਚ ਜ਼ਖ਼ਮ ਹੋਣਾ। ਦੂਜਾ, ਜਿਗਰ ਦੀ ਬਿਮਾਰੀ ਕਾਰਨ ਖਾਣੇ ਦੀ ਨਾਲੀ ‘ਚ ਨੀਲਾ ਖ਼ੂਨ ਲੈ ਜਾਣ ਵਾਲੀ ਰਕਤ ਨਲੀ ਦੇ ਵੱਧ ਫ਼ੈਲ ਜਾਣ ਕਰ ਕੇ ਗੁੱਛੇ ਵਾਂਗੂ ਹੋ ਜਾਂਦੇ ਅਤੇ ਉਸ ਤੋਂ ਖ਼ੂਨ ਨਿਕਲਣ ਦਾ ਡਰ ਰਹਿੰਦਾ ਹੈ। ਇਹ ਦੋਨੋਂ ਰੰਗ ਲੰਬਾ ਸਮਾਂ ਰਹਿੰਦੇ ਹਨ। ਕੁੱਝ ਦਵਾਈਆਂ ਐਸਪ੍ਰੀਨ, ਬਰੁਫ਼ਨ, ਸਟੀਰੀਔਇਡ ਖਾਣ ਨਾਲ ਉਲਟੀ ‘ਚ ਖ਼ੂਨ ਆਉਣ ਲਗ ਸਕਦਾ ਹੈ। ਖ਼ਾਲੀ ਪੇਟ ਇਹ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ। ਐਂਟੀਏਸਿਡ ਦਵਾਈਆਂ ਲੈਣ ਨਾਲ ਵੀ ਉਲਟੀ ਤੋਂ ਬਚਾਅ ਹੋ ਜਾਂਦਾ ਹੈ। ਦੂਸ਼ਿਤ ਖਾਣਾ ਖਾਣ ਜਾਂ ਫ਼ਿਰ ਕੁੱਝ ਦਵਾਈਆਂ ਕਰ ਕੇ ਵੀ ਭਾਰੀ ਉਲਟੀ ਆ ਜਾਂਦੀ ਹੈ। ਬਾਰ ਬਾਰ ਖ਼ੂਨ ਵਾਲੀ ਉਲਟੀ ਆਵੇ ਤਾਂ ਇਹ ਦਿਲ ਜਾਂ ਗੁਰਦੇ ਦੀ ਗੰਭੀਰ ਬਿਮਾਰ ਦਾ ਸੰਕੇਤ ਹੋ ਸਕਦਾ ਹੈ। ਪਾਇਰੀਆ ਕਰਕੇ ਵੀ ਉਲਟੀ ਆ ਸਕਦੀ ਹੈ। ਬ੍ਰੇਨ ਟਿਊਮਰ ‘ਚ ਵੀ ਅਜਿਹਾ ਹੁੰਦਾ ਹੈ। ਜਦੋਂ ਖੂਨ ਦੀ ਉਲਟੀ ਆਵੇ ਤਾਂ ਉਦੋਂ ਖਾਣੇ ਦੀ ਨਲੀ ਜਾਂ ਗਲੇ ‘ਚ ਕੋਈ ਛੋਟੀ ਧਮਨੀ ਫ਼ਟੀ ਹੋ ਸਕਦੀ ਹੈ। ਵਧ ਖੂਨ ਹੋਵੇ ਤਾਂ ਇਹ ਮਿਹਦੇ ਅੰਦਰ ਜੰਮ ਜਾਂਦਾ ਤੇ ਪਿੱਛੋਂ ਉਲਟੀ ਰਾਹੀਂ ਜੰਮਿਆ ਹੋਇਆ ਕਾਲਾ ਖੂਨ ਨਿਕਲਦਾ ਹੈ। ਇਹ ਪੇਪਟਿਕ ਅਲਸਰ ਦਾ ਵੈਰੋਕੇਜ਼ ਵੈਂਸ ਕਰਕੇ ਹੁੰਦੈ। ਜੇ ਕਾਲੀ ਪਤਲੀ ਟੱਟੀ ਆਵੇ ਤਾਂ ਇਹ ਵੱਧ ਖੂਨ ਵਗਣ ਦਾ ਸੰਕੇਤ ਹੈ ਜਿਸ ਨਾਲ ਹਾਲਾਤ ਵਿਗੜ ਸਕਦੇ ਹਨ। ਇਹ ਖ਼ੂਨ ਛੋਟੀ ਆਂਤੜੀ ਤੋਂ ਹੋ ਕੇ ਆਇਆ ਹੁੰਦਾ ਹੈ। ਦਵਾਈ ਖਾਣੇ ਤੋਂ ਪਿੱਛੋਂ ਹੀ ਲੈਣੀ ਚਾਹੀਦੀ ਹੈ। ਉਲਟੀ ‘ਚ ਥੋੜ੍ਹਾ ਬਹੁਤ ਖ਼ੂਨ ਆਉਣ ਦੇ ਨਾਲ ਪੇਟ ‘ਚ ਕੈਂਸਰ ਟਿਊਮਰ ਤੋਂ ਇਲਾਵਾ ਬਲੱਡ ਕੈਂਸਰ ਵਰਗੇ ਗੰਭੀਰ ਰੋਗ ਵੀ ਹੋ ਸਕਦੇ ਹਨ।
ਡਾ. ਅਜੀਤਪਾਲ ਸਿੰਘ, MD; ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ; ਫ਼ੋਨ: 98156- 29301