ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਫ਼ਿਲਮੀ ਦੁਨੀਆ ‘ਚ ਚੰਗੀ ਪਛਾਣ ਬਣਾ ਲਈ ਹੈ। ਬਹਰੀਨ ਵਿੱਚ ਜਨਮੀ ਜੈਕਲੀਨ 2006 ਵਿੱਚ ਮਿਸ ਯੂਨੀਵਰਸ ਰਹਿ ਚੁੱਕੀ ਹੈ। ਜੈਕਲੀਨ ਦਾ ਰੁਝਾਨ ਬਚਪਨ ਤੋਂ ਹੀ ਅਦਾਕਾਰੀ ਅਤੇ ਫ਼ਿਲਮਾਂ ਵੱਲ ਹੋ ਗਿਆ ਸੀ। ਬਹਰੀਨ ਵਿੱਚ ਰਹਿੰਦਿਆਂ ਉਸ ਨੇ ਕੇਵਲ 14 ਸਾਲ ਦੀ ਉਮਰ ਵਿੱਚ ਹੀ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ। ਬਚਪਨ ਤੋਂ ਹੀ ਉਹ ਇੱਕ ਅਦਾਕਾਰਾ ਬਣਨਾ ਚਾਹੁੰਦੀ ਸੀ ਅਤੇ ਸੋਚਦੀ ਸੀ ਕਿ ਕਿਸੇ ਦਿਨ ਉਹ ਹੌਲੀਵੁੱਡ ਫ਼ਿਲਮਾਂ ਦੀ ਸਟਾਰ ਹੋਵੇਗੀ। ਹਾਲ ਵਿੱਚ ਇੱਕ ਇੰਟਰਵਿਊ ਦੌਰਾਨ ਇਹ ਗੱਲ ਖ਼ੁਦ ਜੈਕਲੀਨ ਨੇ ਦੱਸੀ ਸੀ। ਫ਼ਿਲਮਾਂ ਵਿੱਚ ਆਉਣ ਦੇ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਐਕਟਿੰਗ ਸਕੂਲ ਵਿੱਚ ਕੁੱਝ ਸਮਾਂ ਟ੍ਰੇਨਿੰਗ ਵੀ ਲਈ। ਜੈਕਲੀਨ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਯੂਨੀਵਰਸਿਟੀ ਔਫ਼ ਸਿਡਨੀ ਤੋਂ ਮਾਸ ਕਮਿਊਨੀਕੇਸ਼ਨ ਨਾਲ ਕੀਤੀ ਹੋਈ ਹੈ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹ ਸ੍ਰੀਲੰਕਾ ਵਿੱਚ ਬਤੌਰ TV ਰਿਪੋਰਟਰ ਕੰਮ ਕਰ ਚੁੱਕੀ ਹੈ। ਇਸ ਮਗਰੋਂ ਉਹ ਮੌਡਲਿੰਗ ਦੇ ਸਿਲਸਿਲੇ ਵਿੱਚ ਭਾਰਤ ਆ ਗਈ। ਇਸ ਸਾਲ ਈਦ ਮੌਕੇ ਜੈਕਲੀਨ ਦੀ ਸਲਮਾਨ ਖ਼ਾਨ ਨਾਲ ‘ਰੇਤ-3 ‘ਫ਼ਿਲਮ ਰਿਲੀਜ਼ ਹੋਈ ਸੀ। ਇਹ ਫ਼ਿਲਮ ਪਰਦੇ ‘ਤੇ ਕੋਈ ਬਹੁਤੀ ਸਫ਼ਲ ਨਹੀਂ ਹੋ ਸਕੀ। ਉਸ ਦੀ ਅਗਲੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਡਰਾਈਵ ‘ਹੈ। ਇਸ ਫ਼ਿਲਮ ‘ਚ ਉਸ ਨਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਏਗਾ। ਇਹ ਫ਼ਿਲਮ ਅਗਲੇ ਮਹੀਨੇ ਪਰਦੇ ‘ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਤੋਂ ਬਾਅਦ ਉਹ ‘ਹਾਊਸਫ਼ੁੱਲ-4 ‘ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਹ ਕੌਮੇਡੀ ਭਰਪੂਰ ਫ਼ਿਲਮ ਹੈ। ਹੁਣ ਤਕ ਇਸ ਦੇ ਪਹਿਲੇ ਤਿੰਨ ਭਾਗ ਸੁਪਰਹਿੱਟ ਰਹੇ ਹਨ। ਜੈਕਲਿਨ ਫ਼ਰਨੈਂਡੀਜ਼ ਇਸ ਫ਼ਿਲਮ ਦੇ ਪਹਿਲੇ ਭਾਗਾਂ ‘ਚ ਵੀ ਨਜ਼ਰ ਆ ਚੁੱਕੀ ਹੈ।