ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਅਤੇ ਉਸ ਲਈ ਡਾਈਟ ਚਾਰਟ ਅਨੁਸਾਰ ਚੱਲ ਰਹੇ ਹੋ ਤਾਂ ਆਪਣੇ ਬਲੱਡ ਗਰੁੱਪ ਮੁਤਾਬਿਕ ਡਾਇਟ ਚਾਰਟ ਚੁਣ ਕੇ ਤੁਸੀਂ ਡਬਲ ਲਾਭ ਲੈ ਸਕਦੇ ਹੋ। ਇੰਨਾ ਹੀ ਨਹੀਂ, ਇਸ ਨਾਲ ਤੁਸੀਂ ਸਿਹਤ ਸਬੰਧੀ ਛੋਟੀਆਂ ਮੋਟੀਆਂ ਸਮੱਸਿਆਵਾਂ ਤੋਂ ਵੀ ਨਿਜਾਤ ਪਾ ਸਕਦੇ ਹੋ। ਇਸ ਲਓ ਆਪਣੇ ਬਲੱਡ ਗਰੁੱਪ ਮੁਤਾਬਿਕ ਹੀ ਚੁਣੋ ਆਪਣਾ ਡਾਈਟ ਪਲੈਨ।
A ਬਲੱਡ ਗਰੁੱਪ
ਮਾਸਾਹਾਰੀ ਭੋਜਨ ਦੀ ਬਜਾਏ ਸ਼ਾਕਾਹਾਰ ਭੋਜਨ ‘ਤੇ ਵੱਧ ਜ਼ੋਰ ਦੇਣਾ ਚਾਹੀਦ ਹੈ। ਇਸ ਸਮੂਹ ਦੇ ਲੋਕਾਂ ਦੀ ਪਾਚਨ ਸ਼ਕਤੀ ਹੋਰਾਂ ਦੇ ਮੁਕਾਬਲੇ ਕਮਜ਼ੋਰ ਹੁੰਦੀ ਹੈ ਜੋ ਦੁੱਧ ਨਾਲ ਬਣੀਆਂ ਚੀਜ਼ਾਂ ਅਤੇ ਮਾਸਾਹਾਰ ਨੂੰ ਆਸਾਨੀ ਨਾਲ ਪਚਾ ਨਹੀਂ ਸਕਦੀ। ਅਜਿਹੇ ਵਿੱਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਫ਼ਲ ਅਤੇ ਹਰੀਆਂ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ। ਪਪੀਤਾ, ਅੰਬ, ਸੰਤਰੇ ਵਰਗੇ ਫ਼ਲ, ਬੀਨਜ਼, ਸੋਇਆਬੀਨ, ਆਦਿ ਦੀ ਭਰਪੂਰ ਵਰਤੋਂ ਕਰੋ। ਜੇਕਰ ਨਾਨਵੈੱਜ ਖਾਣਾ ਹੀ ਹੈ ਤਾਂ ਰੈੱਡ ਮੀਟ ਦੀ ਥਾਂ ‘ਤੇ ਮੱਛੀ ਨੂੰ ਖਾਣੇ ‘ਚ ਸ਼ਾਮਿਲ ਕਰੋ। ਰਾਜਮਾਂਹ ਤੋਂ ਪਰਹੇਜ਼ ਕਰੋ।
B ਬਲੱਡ ਗਰੁੱਪ
ਸੰਤੁਲਿਤ ਮਾਤਰਾ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮੀਟ ਜਾਂ ਮੱਛੀ ਦਾ ਸੇਵਨ ਕਰ ਸਕਦੇ ਹੋ। ਕੁੱਝ ਖ਼ਾਸ ਖ਼ੁਰਾਕੀ ਪਦਾਰਥ ਜਿਵੇਂ ਮਸਰ, ਤਿਲ, ਮੱਕੀ, ਛੋਲੇ ਆਦਿ ਦਾਲ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਸਮੂਹ ਦੇ ਲੋਕਾਂ ਨੂੰ ਜ਼ਿਆਦਾ ਕਣਕ ਅਤੇ ਟਮਾਟਰ ਦੀਆਂ ਚੀਜ਼ਾਂ ਵੀ ਜ਼ਿਆਦਾ ਲਾਭ ਨਹੀਂ ਦਿੰਦੀਆਂ। ਵਜ਼ਨ ‘ਤੇ ਕਾਬੂ ਰੱਖਣ ਲਈ ਮੱਕੀ, ਮੂੰਗਫ਼ਲੀ, ਚਿਕਨ, ਕਣਕ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਦਕਿ ਅੰਡਾ, ਮੀਟ, ਹਰੀਆਂ ਸਬਜ਼ੀਆਂ ਅਤੇ ਗ੍ਰੀਨ ਟੀ ਵਜ਼ਨ ਦੇ ਮਾਮਲੇ ਵਿੱਚ ਬੇਹੱਦ ਫ਼ਾਇਦੇਮੰਦ ਹਨ।
A & B ਬਲੱਡ ਗਰੁੱਪ
ਇਸ ਗਰੁੱਪ ਦੇ ਲੋਕਾਂ ਵਿੱਚ A ਅਤੇ B ਦੋਹਾਂ ਹੀ ਬਲੱਡ ਗਰੁੱਪਾਂ ਦੇ ਲੱਛਣ ਪਾਏ ਜਾਂਦੇ ਹਨ। ਇਨ੍ਹਾਂ ਨੂੰ ਵੀ ਜ਼ਿਆਦਾਤਰ ਸ਼ਾਕਾਹਾਰੀ ਭੋਜਨ ਹੀ ਕਰਨਾ ਚਾਹੀਦਾ ਹੈ ਜਿਸ ਵਿੱਚ ਫ਼ਲ ਅਤੇ ਸਬਜ਼ੀਆਂ ਸ਼ਾਮਿਲ ਹਨ। ਜਿੱਥੋਂ ਤਕ ਹੋ ਸਕੇ ਚਿਕਨ ਅਤੇ ਮੱਕੀ ਵਰਗੀਆਂ ਚੀਜ਼ਾਂ ਤੋਂ ਦੂਰੀ ਬਣਾਓ।
ਵਜ਼ਨ ਘਟਾਉਣ ਲਈ ਰੈੱਡ ਮੀਟ ਅਤੇ ਰਾਜਮਾਂਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੋਇਆਬੀਨ ਦਾ ਪਨੀਰ, ਸੀਫ਼ੂਡ, ਡੇਅਰੀ ਉਤਪਾਦ ਵਰਗੀਆਂ ਚੀਜ਼ਾਂ ਵਜ਼ਨ ਘਟਾਉਣ ਵਿੱਚ ਸਹਾਈ ਹੋ ਸਕਦੀਆਂ ਹਨ। ਅਨਾਨਾਸ ਦਾ ਸੇਵਨ ਕਰੋ
O ਬਲੱਡ ਗਰੱਪ
ਇਸ ਗਰੁੱਪ ਦੇ ਲੋਕਾਂ ਨੂੰ ਹਾਈਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ। ਰੈੱਡ ਮੀਟ, ਸੀਫ਼ੂਡ, ਪਾਲਕ, ਬ੍ਰੌਕਲੀ ਵਜ਼ਨ ਘਟਾਉਣ ‘ਚ ਸਹਾਈ ਹੋ ਸਕਦੇ ਹਨ। ਵਜ਼ਨ ‘ਤੇ ਕਾਬੂ ਰੱਖਣ ਲਈ ਕਣਕ, ਮਸਰ, ਗੋਭੀ, ਚਾਵਲ, ਸੇਮ, ਲੋਬੀਆ, ਦੁੱਧ, ਆਦਿ ਦੇ ਪਦਾਰਥ ਅਤੇ ਸੁੱਕੇ ਮੇਵਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਾਰੇ ਬਲੱਡ ਗੁਰੱਪਾਂ ਲਈ ਕੇਲੇ ਦੇ ਫ਼ਾਇਦੇ
ਕੇਲਾ ਫ਼ਲ ਦੇ ਰੂਪ ਵਿੱਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਕੇਲਾ ਮਾਂਗਲਿਕ ਸੰਸਕਾਰਾਂ ਲਈ ਵੀ ਵਰਤਿਆ ਜਾਂਦਾ ਹੈ। ਕੇਲਾ ਆਪਣੇ-ਆਪ ਵਿੱਚ ਇੱਕ ਸਿਹਤ ਵਰਧਕ ਫ਼ਲ ਹੈ ਕਿਉਂਕਿ ਇਸ ਵਿੱਚ ਭਰਪੂਰ ਪ੍ਰੋਟੀਨ, ਵਾਇਟਾਮਿਨ, ਕਾਰਬੋਹਾਈਡ੍ਰੇਟਸ, ਖਣਿਜ ਅਤੇ ਜਲ ਮੌਜੂਦ ਰਹਿੰਦੇ ਹਨ। ਕੇਲਾ ਅਤੇ ਦੁੱਧ ਇਕੱਠੇ ਖਾਣਾ ਆਪਣੇ-ਆਪ ਵਿੱਚ ਪੂਰਨ ਭੋਜਨ ਹੁੰਦਾ ਹੈ। ਕੇਲਾ ਆਪਣੇ ਕਈ ਦਵਾਈ ਵਾਲੇ ਗੁਣਾਂ ਦੇ ਕਾਰਨ ਜਾਣਿਆ ਜਾਂਦਾ ਹੈ।
ਕੇਲੇ ਵਿੱਚ ਕੈਲਸ਼ੀਅਮ ਦੀ ਮਾਤਰਾ ਹੋਣ ਕਾਰਨ ਇਹ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਚੰਗਾ ਮੰਨਿਆ ਜਾਂਦਾ ਹੈ। ਜੋ ਲੋਕ ਬਹੁਤ ਪਤਲੇ-ਦੁਬਲੇ ਹੁੰਦੇ ਹਨ, ਉਨ੍ਹਾਂ ਨੂੰ ਦੋ ਕੇਲੇ 250 ਗ੍ਰਾਮ ਦੁੱਧ ਨਾਲ ਨਿਯਮਤ ਸੇਵਨ ਕਰਨੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੀ ਸਿਹਤ ਵੀ ਠੀਕ ਹੁੰਦੀ ਹੈ ਅਤੇ ਭਾਰ ਵੀ ਵਧਦਾ ਹੈ।
ਸ਼ਰੀਰ ਦੇ ਕਿਸੇ ਭਾਗ ‘ਤੇ ਸੋਜ਼ ਆਉਣ ਨਾਲ ਕੇਲੇ ਦੇ ਗੁੱਦੇ ਨੂੰ ਆਟੇ ਵਿੱਚ ਗੁੰਨ੍ਹ ਕੇ ਗਰਮ ਕਰ ਕੇ ਉਸ ਜਗ੍ਹਾ ‘ਤੇ ਬੰਨ੍ਹਣ ਨਾਲ ਸੋਜ਼ ਘੱਟ ਹੁੰਦੀ ਹੈ। ਖ਼ੂਨ ਪ੍ਰਦਰ ਅਤੇ ਸ਼ਵੇਤ ਪ੍ਰਦਰ ਔਰਤਾਂ ਦੀ ਆਮ ਬਿਮਾਰੀ ਹੈ। ਅਜਿਹੀ ਸਥਿਤੀ ਵਿੱਚ ਨਿਯਮਤ ਪੱਕੇ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ। ਅੱਗ ਨਾਲ ਕੋਈ ਅੰਗ ਝੁਲਸ ਗਿਆ ਹੋਵੇ ਜਾਂ ਜਲ ਗਿਆ ਹੋਵੇ ਤਾਂ ਪੱਕੇ ਹੋਏ ਕੇਲੇ ਨੂੰ ਪੀਸ ਕੇ ਪ੍ਰਭਾਵਿਤ ਜਗ੍ਹਾ ‘ਤੇ ਲਗਾਉਣ ਨਾਲ ਲਾਭ ਹੁੰਦਾ ਹੈ।
ਜੀਭ ‘ਤੇ ਛਾਲੇ ਹੋਣ ਦੀ ਸਥਿਤੀ ਵਿੱਚ ਗਾਂ ਦੇ ਦੁੱਧ ਦੇ ਦਹੀਂ ਦੇ ਨਾਲ ਪੱਕੇ ਹੋਏ ਕੇਲੇ ਨੂੰ ਖਾਣ ਨਾਲ ਛਾਲੇ ਠੀਕ ਹੁੰਦੇ ਹਨ। ਦਸਤ ਲੱਗ ਜਾਣ ‘ਤੇ ਦਹੀਂ ਵਿੱਚ ਇੱਕ ਕੇਲਾ ਮਿਲਾ ਕੇ ਖਾਓ, ਲਾਭ ਹੋਵੇਗਾ। ਕੇਲੇ ਵਿੱਚ ਲੋਹ ਤੱਤ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਖ਼ੂਨ ਬਣਾਉਣ ਵਿੱਚ ਸਹਾਇਕ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਸ਼ਰੀਰ ਵਿੱਚ ਖ਼ੂਨ ਦੀ ਕਮੀ ਹੁੰਦੀ ਹੈ ਉਨ੍ਹਾਂ ਨੂੰ ਕੇਲਾ ਨਿਯਮਤ ਰੂਪ ਨਾਲ ਖਾਣਾ ਚਾਹੀਦਾ ਹੈ।
ਵੈਸੇ ਤਾਂ ਕੇਲਾ ਗੁਣਾਂ ਨਾਲ ਭਰਪੂਰ ਹੈ, ਪਰ ਕੁੱਝ ਹਾਲਤਾਂ ਵਿੱਚ ਕੇਲਾ ਕੁੱਝ ਲੋਕਾਂ ਨੂੰ ਮਨ੍ਹਾ ਵੀ ਕੀਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਦੀ ਠੰਢੀ ਪ੍ਰਵਿਰਤੀ ਹੁੰਦੀ ਹੈ, ਉਨ੍ਹਾਂ ਨੂੰ ਕੇਲੇ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਜਿਨ੍ਹਾਂ ਦੇ ਪੇਟ ਵਿੱਚ ਅਕਸਰ ਅਫ਼ਾਰਾ ਬਣਿਆ ਰਹਿੰਦਾ ਹੋਵੇ, ਉਨ੍ਹਾਂ ਨੂੰ ਵੀ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਮਜ਼ੋਰ ਪਾਚਣ ਸ਼ਕਤੀ ਵਾਲਿਆਂ ਨੂੰ ਕੇਲੇ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ।
ਡੱਬੀ ਸੂਰਜਵੰਸ਼ੀ