ਮਨੀਸ਼ਾ ਨੇ ਆਪਣੀ ਪਹਿਲੀ ਕਿਤਾਬ ਲਿਖੀ ਹੈ। ਇਸ ‘ਚ ਉਸ ਨੇ ਆਪਣੇ ਕੈਂਸਰ ਦੀ ਬਿਮਾਰੀ ਨਾਲ ਲੜਨ ਦੇ ਅਨੁਭਵ ਨੂੰ ਸਾਂਝਾ ਕੀਤਾ ਹੈ …
ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਦਾ ਬੁੱਕ ਔਫ਼ ਅਨਟੋਲਡ ਸਟੋਰੀਜ਼ ਨਾਂ ਦੀ ਆਪਣੀ ਪਹਿਲੀ ਕਿਤਾਬ ਲਿਖੀ ਹੈ। ਮਨੀਸ਼ਾ ਨੇ ਆਪਣੇ ਇਨਸਟਾਗ੍ਰਾਮ ‘ਤੇ ਆਪਣੀ ਇਸ ਕਿਤਾਬ ਦੀ ਪਹਿਲੀ ਲੁਕ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਮਨੀਸ਼ਾ ਨੇ ਲਿਖਿਆ, ‘ਧੰਨਵਾਦ ਪੈਂਗੁਇਨ ਇੰਡੀਆ, ਗੁਵਿਰਨ ਚੱਢਾ ਜਿਨ੍ਹਾਂ ਨੇ ਮੈਨੂੰ ਕਹਾਣੀ ਲਿਖਣ ਲਈ ਉਤਸ਼ਾਹਿਤ ਕੀਤਾ, ਅਨਟੋਲਡ ਸਟੋਰੀਜ਼। ਮੀਨਸ਼ਾ ਨੇ ਨਾਲ ਹੀ ਇਹ ਵੀ ਕਿਹਾ, ”ਮੇਰੀ ਪਹਿਲੀ ਕਿਤਾਬ ‘ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਪਸੰਦ ਕਰਨਗੇ।” ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮਨੀਸ਼ਾ ਨੂੰ 2012 ਵਿੱਚ ਕੈਂਸਰ ਹੋਇਆ ਸੀ, ਅਤੇ ਉਸ ਨੇ ਆਪਣੀ ਇਸ ਕਿਤਾਬ ਵਿੱਚ ਬਿਮਾਰੀ ਨਾਲ ਲੜਨ ਦੇ ਆਪਣੇ ਅਨੁਭਵਾਂ ਨੂੰ ਬਹੁਤ ਹੀ ਚੰਗੇ ਢੰਗ ਨਾਲ ਸਾਂਝਾ ਕੀਤਾ ਹੈ। ਪਰਦੇ ‘ਤੇ ਮਨੀਸ਼ਾ ਕੋਇਰਾਲਾ ਆਖ਼ਰੀ ਵਾਰ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਸੰਜੂ ਵਿੱਚ ਨਜ਼ਰ ਆਈ ਸੀ ਜੋ ਅਦਾਕਾਰ ਸੰਜੈ ਦੱਤ ਦੇ ਜੀਵਨ ‘ਤੇ ਆਧਾਰਿਤ ਹੈ। ਇਸ ਫ਼ਿਲਮ ‘ਚ ਮਨੀਸ਼ਾ ਨੇ ਸੰਜੈ ਦੱਤ ਦੀ ਮਾਂ ਨਰਗਿਸ ਦੱਤ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ‘ਚ ਉਸ ਦੀ ਅਦਾਕਾਰੀ ਦੀ ਹਰ ਕਿਸੇ ਨੇ ਤਾਰੀਫ਼ ਕੀਤੀ ਹੈ। ਹਾਲ ਹੀ ‘ਚ ਮਨੀਸ਼ਾ ਨੇ ਇੱਕ ਇੰਟਰਵਿਊ ‘ਚ ਦੌਰਾਨ ਕਿਹਾ ਸੀ ਕਿ ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਪਰਦੇ ‘ਤੇ ਨਿਭਾਉਣਾ ਚਾਹੁੰਦੀ ਹੈ। ਵੈਸੇ ਅਜੇ ਇਸ ਫ਼ਿਲਮ ਦੇ ਬਣਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫ਼ਿਲਹਾਲ ਤਾਂ ਮਨੀਸ਼ਾ ਇਸ ਸਮੇਂ ਸੰਜੈ ਦੱਤ ਨਾਲ ਪ੍ਰਸਥਾਨਮ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਨ੍ਹਾਂ ਦੋਵਾਂ ਦੀ ਜੋੜੀ 10 ਸਾਲ ਬਾਅਦ ਪਰਦੇ ‘ਤੇ ਨਜ਼ਰ ਆਏਗੀ।