ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਔਲਰਾਊਡਰ ਹਾਰਦਿਕ ਪੰਡਯਾ ਦਾ ਕਹਿਣਾ ਹੈ ਕਿ ਉਹ ਦਿੱਗਜਾਂ ‘ਚ ਸ਼ੁਮਾਰ ਕਪਿਲ ਦੇਵ ਨਾਲ ਆਪਣੀ ਤੁਲਨਾ ਨਹੀਂ ਕਰਨਾ ਚਾਹੁੰਦਾ। ਹਾਰਦਿਕ ਚਾਹੁੰਦੈ ਕਿ ਦੁਨੀਆ ਉਸ ਨੂੰ ਉਸ ਦੇ ਨਾਂ ਨਾਲ ਹੀ ਜਾਣੇ ਅਤੇ ਉਹ ਕਪਿਲ ਨਹੀਂ ਬਣਨਾ ਚਾਹੁੰਦਾ। ਇੰਗਲੈਂਡ ਖ਼ਿਲਾਫ਼ ਹਾਰਦਿਕ ਨੇ ਦੂਜੇ ਦਿਨ 28 ਦੌੜਾਂ ਦੇ ਕੇ ਮੇਜ਼ਬਾਨ ਟੀਮ ਦੀ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲਈਆਂ ਸਨ। ਦੂਜੇ ਦਿਨ ਆਪਣੇ ਪ੍ਰਦਰਸ਼ਨ ਤੋਂ ਬਾਅਦ ਪੰਡਯਾ ਨੇ ਕਿਹਾ ਕਿ ਦੂਜੇ ਖਿਡਾਰੀਆਂ ਨਾਲ ਆਪਣੀ ਤੁਲਨਾ ਨਾਲ ਉਹ ਥੱਕ ਗਿਐ।
ਹਾਰਦਿਕ ਨੇ ਕਿਹਾ, ”ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਤੁਸੀਂ ਇੱਕ ਖਿਡਾਰੀ ਦੀ ਤੁਲਨਾ ਦੂਜੇ ਨਾਲ ਕਰਦੇ ਹੋ, ਅਤੇ ਅਚਾਨਕ ਜੇਕਰ ਕੁੱਝ ਗ਼ਲਤ ਹੋ ਜਾਂਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਇਹ ਤਾਂ ਕਪਿਲ ਦੀ ਤਰ੍ਹਾਂ ਨਹੀਂ। ਮੈਂ ਕਦੀ ਵੀ ਕਪਿਲ ਨਹੀਂ ਬਣਨਾ ਚਾਹੁੰਦਾ। ਮੈਨੂੰ ਹਾਰਦਿਕ ਪੰਡਯਾ ਹੀ ਰਹਿਣ ਦਿਓ। ਮੈਂ ਆਪਣੀ ਪਛਾਣ ਦੇ ਨਾਲ ਹੀ ਖ਼ੁਸ਼ ਹਾਂ। ਭਾਰਤੀ ਟੀਮ ਦੇ ਔਲਰਾਊਂਡਰ ਨੇ ਕਿਹਾ, ”ਮੈਂ ਹਜੇ ਤਕ ਆਪਣੇ ਕਰੀਅਰ ‘ਚ 40 ਵਨਡੇ, 10 ਟੈੱਸਟ ਮੈਚ ਖੇਡੇ ਹਨ ਅਤੇ ਮੈਂ ਹੁਣ ਵੀ ਹਾਰਦਿਕ ਹੀ ਹਾਂ, ਕਪਿਲ ਨਹੀਂ। ਉਸ ਯੁੱਗ ‘ਚ ਕਈ ਦਿੱਗਜ ਨਿਕਲੇ, ਅਤੇ ਮੈਨੂੰ ਹਾਰਦਿਕ ਹੀ ਰਹਿਣ ਦਿਓ। ਕਿਸੇ ਹੋਰ ਨਾਲ ਮੇਰੀ ਤੁਲਨਾ ਕਰਨਾ ਕਿਰਪਾ ਕਰ ਕੇ ਬੰਦ ਕਰੋ। ਜੇਕਰ ਤੁਸੀਂ ਮੇਰੀ ਤੁਲਨਾ ਬੰਦ ਕਰ ਦਿਓਗੇ ਤਾਂ ਮੈਨੂੰ ਖ਼ੁਸ਼ੀ ਹੋਵੇਗੀ।”
ਤੁਹਾਨੂੰ ਦੱਸ ਦਈਏ ਕਿ ਇਸ ਹਾਲੀਆ ਟੈੱਸਟ ਤੋਂ ਪਹਿਲਾਂ ਵੈੱਸਟਇੰਡੀਜ਼ ਦੇ ਦਿੱਗਜ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਪੰਡਯਾ ਨੂੰ ਲੈ ਕੇ ਸਵਾਲ ਚੁੱਕੇ ਸਨ, ਅਤੇ ਇਹ ਕਿਹਾ ਸੀ ਕਿ ਫ਼ਿਲਹਾਲ ਉਹ ਟੈੱਸਟ ਔਲਰਾਊਂਡਰ ਦੇ ਤੌਰ ‘ਤੇ ਟੀਮ ‘ਚ ਫ਼ਿੱਟ ਨਹੀਂ ਬੈਠਦਾ।