ਦੁਬਈ – ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ਰਸਤਾ ਸਾਫ਼ ਹੋ ਗਿਆ ਹੈ ਕਿਉਂਕਿ BCCI ਨੇ ਅਧਿਕਾਰਤ ਤੌਰ ‘ਤੇ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਅਮੀਰਾਤ ਕ੍ਰਿਕਟ ਬੋਰਡ ਨੂੰ ਸੌਂਪ ਦਿੱਤੇ ਹਨ। BCCI ਨੇ ਇੱਕ ਬਿਆਨ ਵਿੱਚ ਕਿਹਾ, ”ਭਾਰਤੀ ਕ੍ਰਿਕਟ ਬੋਰਡ (BCCI) ਅਤੇ ਅਮੀਰਾਤ ਕ੍ਰਿਕਟ ਬੋਰਡ ਨੇ ਸੰਯੁਕਤ ਅਰਬ ਅਮੀਰਾਤ ਦੇ ਏਸ਼ੀਆ ਕੱਪ ਦੇ 2018 ਗੇੜ ਦੀ ਮੇਜ਼ਬਾਨੀ ਲਈ ਇੱਕ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ।”
ਇਸ ਸਮਝੌਤੇ ‘ਤੇ ਦੁਬਈ ਵਿੱਚ ਦਸਤਖ਼ਤ ਕੀਤੇ ਗਏ ਜਿਸ ਵਿੱਚ BCCI ਦੀ ਪ੍ਰਤੀਨਿਧਤਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੇ ਕੀਤੀ।
ਅਫ਼ਗ਼ਾਨਿਸਤਾਨ, ਬੰਗਲਾਦੇਸ਼, ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੇ। ਟੂਰਨਾਮੈਂਟ ‘ਚ ਛੇਵੀਂ ਟੀਮ ਏਸ਼ੀਆ ਕ੍ਰਿਕਟ ਪ੍ਰੀਸ਼ਦ ਕੁਆਲੀਫ਼ਾਇਰ ਟੂਰਨਾਮੈਂਟ ਦੀ ਜੇਤੂ ਹੋਵੇਗੀ। ਟੂਰਨਾਮੈਂਟ ਦਾ ਆਯੋਜਨ 15 ਤੋਂ 28 ਸਤੰਬਰ ਤਕ ਆਬੂਧਾਬੀ ਅਤੇ ਦੁਬਈ ‘ਚ ਕੀਤਾ ਜਾਵੇਗਾ।
ਪਹਿਲਾਂ ਇਸ ਟੂਰਨਾਮੈਂਟ ਦਾ ਆਯੋਜਨ ਭਾਰਤ ‘ਚ ਹੋਣਾ ਸੀ ਜਿਸ ‘ਚ BCCI ਮੇਜ਼ਬਾਨ ਦੀ ਭੂਮਿਕਾ ‘ਚ ਸੀ, ਪਰ ਗੁਆਂਢੀ ਦੇਸ਼ਾਂ ਵਿਚਾਲੇ ਰਾਜਨੀਤਕ ਹਾਲਾਤ ਨੂੰ ਦੇਖਦੇ ਹੋਏ ਪਾਕਿਸਤਾਨ ਦੀ ਹਿੱਸੇਦਾਰੀ ਇੱਕ ਮੁੱਦਾ ਸੀ। BCCI ਪਾਕਿਸਾਤਨ ਦੀ ਹਿੱਸੇਦਾਰੀ ਲਈ ਸਰਕਾਰੀ ਸੁਰੱਖਿਆ ਏਜੰਸੀਆਂ ਤੋਂ ਸਬੰਧਤ ਮਨਜ਼ੂਰੀ ਹਾਸਲ ਨਹੀਂ ਕਰ ਸਕੀ।