ਬੌਲੀਵੁਡ ਦੇ ਖਿਲਾੜੀ ਕੁਮਾਰ ਜਾਣੀ ਅਦਾਕਾਰ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਹੁਣ ਦਾ ਦੌਰ ਉਨ੍ਹਾਂ ਦੇ ਕਰੀਅਰ ਦਾ ਬਹੁਤ ਚੰਗਾ ਦੌਰ ਚੱਲ ਰਿਹਾ ਹੈ। ਅਕਸ਼ੈ ਨੂੰ ਫ਼ਿਲਮ ਇੰਡਸਟਰੀ ‘ਚ ਆਏ ਹੋਏ ਢਾਈ ਦਹਾਕਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅਕਸ਼ੈ ਦੀ ਹਾਲ ਹੀ ‘ਚ ਫ਼ਿਲਮ ਗੋਲਡ ਰਿਲੀਜ਼ ਹੋਈ ਹੈ। ਦੇਸ਼ ਭਗਤੀ ‘ਤੇ ਆਧਾਰਿਤ ਗੋਲਡ ਨੂੰ ਪਰਦੇ ‘ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਕਮਾਈ ਪੱਖੋਂ ਵੀ ਚੰਗੀ ਕਾਰਗੁਜ਼ਾਰੀ ਦਿਖਾ ਰਹੀ ਹੈ। ਇਸ ਬਾਰੇ ਅਕਸ਼ੈ ਦਾ ਕਹਿਣਾ ਹੈ, ਕਿ ”ਮੈਂ ਦੇਸ਼ ਭਗਤੀ ‘ਤੇ ਆਧਾਰਿਤ ਫ਼ਿਲਮ ਇਸ ਲਈ ਨਹੀਂ ਕਰਦਾ ਕਿ ਮੈਂ ਕੁੱਝ ਸਿੱਧ ਕਰਨਾ ਚਾਹੁੰਦਾ ਹਾਂ। ਮੈਂ ਤਾਂ ਸਿਰਫ਼ ਇਸ ਲਈ ਅਜਿਹੀਆਂ ਫ਼ਿਲਮਾਂ ਕਰਦਾ ਹਾਂ ਕਿਉਂਕਿ ਮੈਨੂੰ ਏਦਾਂ ਦੀਆਂ ਫ਼ਿਲਮਾਂ ਦੀ ਕਹਾਣੀ ਬਹੁਤ ਪਸੰਦ ਆਉਂਦੀਹੈ।” ਅਕਸ਼ੈ ਨੇ ਅੱਗੇ ਕਿਹਾ ਕਿ ਇਹ ਉਸ ਦੇ ਕਰੀਅਰ ਦਾ ਸਭ ਤੋਂ ਚੰਗਾ ਦੌਰ ਹੈ। ਬੌਲੀਵੁਡ ਦੇ ਖਿਲਾੜੀ ਕੁਮਾਰ ਦਾ ਕਹਿਣਾ ਹੈ ਕਿ ਹੁਣ ਦਾ ਦੌਰ ਉਸ ਦੇ ਕਰਿਅਰ ਦਾ ਚੰਗੇਰਾ ਦੌਰ ਹੈ। ਇਸ ਦਾ ਕਾਰਨ ਦੱਸਦੇ ਹੋਏ ਅਕਸ਼ੈ ਨੇ ਕਿਹਾ ਕਿ ਉਹ ਇਸ ਵਕਤ ਕੇਸਰੀ ਵਰਗੀ ਐਕਸ਼ਨ ਫ਼ਿਲਮ ਵੀ ਕਰ ਰਿਹੈ ਅਤੇ ਹਾਊਸਫ਼ੁੱਲ- 4 ਵਰਗੀ ਕੌਮੇਡੀ ਵੀ ਅਤੇ ਕੁੱਝ ਸਮਾਜਿਕ ਮੁੱਦਿਆਂ ‘ਤੇ ਆਧਾਰਿਤ ਫ਼ਿਲਮਾਂ ਵੀ ਕਰ ਰਿਹਾ ਹੈ। ਇਸ ਲਈ ਹੁਣ ਉਹ ਕਿਸੇ ਵੀ ਇੱਕ ਸ਼ੈਲੀ ‘ਚ ਬੱਝਕੇ ਨਹੀਂ ਰਹਿਣਾ ਚਾਹੁੰਦਾ ਹੈ। ਅਕਸ਼ੈ ਨੇ ਦੱਸਿਆ ਕਿ ਇੱਕ ਦੌਰ ਅਜਿਹਾ ਵੀ ਸੀ ਜਦੋਂ ਉਸ ਨੇ ਲਗਾਤਾਰ 14 ਐਕਸ਼ਨ ਫ਼ਿਲਮਾਂ ਕੀਤੀਆਂ ਸਨ।