ਨੈਸ਼ਨਲ ਡੈਸਕ— ਕਰੁਣਾਨਿਧੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ‘ਚ ਲੜਾਈ ਵਧਦੀ ਹੀ ਜਾ ਰਹੀ ਹੈ। ਐੱਮ.ਕੇ. ਸਟਾਲਿਨ ਦੇ ਡੀ.ਐੱਮ.ਕੇ. ਪ੍ਰਮੁੱਖ ਦੀ ਗੱਦੀ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਭਰਾ ਐੱਮ.ਕੇ ਅਲਾਗਿਰੀ ਲਗਾਤਾਰ ਵਿਰੋਧ ਕਰ ਰਹੇ ਹਨ। ਅੱਜ ਉਹ ਆਪਣੇ ਪਿਤਾ ਦੀ ਸਮਾਧੀ ਨੇੜੇ ਰੈਲੀ ਕਰਨ ਜਾ ਰਹੇ ਹਨ। ਅਲਾਗਿਰੀ ਸਮਰਥਕਾਂ ਦਾ ਕਾਰਵਾਂ ਵੱਡੀ ਗਿਣਤੀ ‘ਚ ਮਰੀਨਾ ਬੀਚ ਵੱਲ ਵਧ ਰਿਹਾ ਹੈ। ਉੱਥੇ ਹੀ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਣ ਲਈ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜਾਮ ਕਰ ਲਏ ਹਨ।
ਅਲਾਗਿਰੀ ਇਸ ਰੈਲੀ ਦੇ ਜ਼ਰੀਏ ਆਪਣੇ ਭਰਾ ਅਤੇ ਪਾਰਟੀ ਦੇ ਪ੍ਰਧਾਨ ਐੱਮ.ਕੇ.ਸਟਾਲਿਨ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਗੇ। ਰੈਲੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਡੀ.ਐੱਮ.ਕੇ. ਉਨ੍ਹਾਂ ਨੂੰ ਵਾਪਸ ਲੈਂਦੀ ਹੈ ਤਾਂ ਉਹ ਸਟਾਲਿਨ ਨੂੰ ਆਪਣੇ ਨੇਤਾ ਮੰਨ ਲੈਣਗੇ। ਇਸ ਤੋਂ ਪਹਿਲਾਂ ਅਲਾਗਿਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਤਾਕਤ ਨੂੰ ਪਾਰਟੀ ਨੂੰ ਸਮਝਣ ਦੀ ਜ਼ਰੂਰਤ ਹੈ। ਪਾਰਟੀ ‘ਚ ਹਜ਼ਾਰਾਂ ਦੀ ਗਿਣਤੀ ‘ਚ ਅਜਿਹੇ ਸਮਰਥਕ ਹਨ ਜੋ ਚਾਹੁੰਦੇ ਹਨ ਕਿ ਡੀ.ਐੱਮ.ਕੇ ਇਕਜੁਟ ਹੋ ਕੇ ਏ.ਆਈ.ਏ.ਡੀ.ਐੱਮ.ਕ ਨੂੰ ਹਰਾ ਸਕਣ।
ਅਲਾਗਿਰੀ ਨੇ ਮੰਗਲਵਾਰ ਨੂੰ ਆਪਣੇ ਸਮਰਥਕਾਂ ਨਾਲ ਮੁਲਾਕਾਤ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਕ ਲੱਖ ਸਮਰਥਕ ਇਸ ਰੈਲੀ ‘ਚ ਹਿੱਸਾ ਲੈਣਗੇ। ਅਲਾਗਿਰੀ ਨੂੰ ਰਾਜ ਦੇ ਦੱਖਣੀ ਜ਼ਿਲਿਆਂ ਦੇ ਸਮਰਥਕਾਂ ਤੋਂ ਕਾਫੀ ਉਮੀਦ ਹੈ ਜਿੱਥੇ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ।
ਦੱਸ ਦੇਈ ਕਿ ਅਲਾਗਿਰੀ ਨੂੰ ਕਰੁਣਾਨਿਧੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਬਰਖਾਸਤ ਕਰ ਦਿੱਤਾ ਸੀ। ਕਰੁਣਾਨਿਧੀ ਦੇ ਦਿਹਾਂਤ ਤੋਂ ਬਾਅਦ ਅਲਾਗਿਰੀ ਪਾਰਟੀ ‘ਚ ਵਾਪਸ ਆਉਣਾ ਚਾਹੁੰਦੇ ਸੀ ਪਰ ਉਨ੍ਹਾਂ ਨੇ ਨਾ ਤਾਂ ਪਾਰਟੀ ਨਾਲ ਅਤੇ ਨਾ ਹੀ ਪਰਿਵਾਰ ਨਾਲ ਕੋਈ ਸਮਰਥਕ ਮਿਲ ਰਿਹਾ ਹੈ। ਅਲਾਗਿਰੀ ਦੇ ਬੇਟੇ ਦਇਆਨਿਧੀ ਨੇ ਆਸ਼ਾ ਜਤਾਈ ਕਿ ਇਹ ਰੈਲੀ ਸਫਲ ਹੋਵੇਗੀ। ਹਾਲਾਂਕਿ ਆਪਣੇ ਸਮਰਥਕਾਂ ਤੋਂ ਅਪੀਲ ਕੀਤੀ ਕਿ ਉਹ ਰੈਲੀ ਦੌਰਾਨ ਸ਼ਾਂਤੀ ਬਣਾਈ ਰੱਖਣ।